ਪਟਿਆਲਾ: ਪਾਜ਼ੀਟਿਵ ਆਏ ਮਰੀਜ਼ ਦਾ ਸਨਸਨੀਖੇਜ਼ ਖੁਲਾਸਾ

Tuesday, Mar 31, 2020 - 05:58 PM (IST)

ਪਟਿਆਲਾ: ਪਾਜ਼ੀਟਿਵ ਆਏ ਮਰੀਜ਼ ਦਾ ਸਨਸਨੀਖੇਜ਼ ਖੁਲਾਸਾ

ਪਟਿਆਲਾ (ਪਰਮੀਤ) : ਪਟਿਆਲਾ ਵਿਚ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਪਾਏ ਗਏ ਮਰੀਜ਼ ਨੇ ਸਨਸਨੀਖੇਜ ਖੁਲਾਸਾ ਕੀਤਾ ਹੈ। ਉਸ ਨੇ ਖੁਲਾਸਾ ਕਰਦੇ ਕਿਹਾ ਕਿ ਉਸ ਨੂੰ ਕੱਲ ਰਾਤ ਤੋਂ ਨਾ ਤਾਂ ਪੀਣ ਲਈ ਪਾਣੀ ਮਿਲਿਆ ਹੈ ਤੇ ਨਾ ਹੀ ਉਸਦਾ ਇਲਾਜ ਕੀਤਾ ਜਾ ਰਿਹਾ ਹੈ ਤੇ ਨਾ ਕੋਈ ਦਵਾਈ ਦਿੱਤੀ ਹੈ।'ਜਗਬਾਣੀ' ਨਾਲ ਫੋਨ 'ਤੇ ਹੋਈ ਗੱਲਬਾਤ ਦੌਰਾਨ ਇਸ ਮਰੀਜ਼ ਨੇ ਦੱਸਿਆ ਕਿ ਪਰਸੋਂ ਸ਼ਾਮ ਦਾ ਉਹ ਰਾਜਿੰਦਰਾ ਹਸਪਤਾਲ 'ਚ ਨਵੇਂ ਬਣੇ ਗਾਇਨੀ ਵਾਰਡ 8ਵੀਂ ਮੰਜ਼ਿਲ 'ਤੇ ਦਾਖਲ ਹੈ। ਇਥੇ ਕੱਲ ਦੁਪਹਿਰ 3 ਵਜੇ ਉਸਨੂੰ ਖਾਣਾ ਮਿਲਿਆ ਸੀ, ਜਿਸ ਮਗਰੋਂ ਅੱਜ 12 ਵਜੇ ਖਾਣਾ ਦਿੱਤਾ ਗਿਆ ਜੋ ਬਿਲਕੁਲ ਠੰਢਾ ਸੀ ਤੇ ਖਾਧਾ ਨਹੀਂ ਗਿਆ। ਉਸ ਨੇ ਦੱਸਿਆ ਕਿ ਉਸ ਨੂੰ ਨਾ ਪੀਣ ਲਈ ਪਾਣੀ ਮਿਲ ਰਿਹਾ ਹੈ ਤੇ ਚਾਹ ਜਾਂ ਦੁੱਧ ਤਾਂ ਬਹੁਤ ਦੂਰ ਦੀ ਗੱਲ ਹੈ।

ਇਹ ਵੀ ਪੜ੍ਹੋ: ਪੰਜਾਬ ਪੁਲਸ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਸੇਵਾ ਮੁਕਤੀ 'ਤੇ ਵੀ ਪਈ ਕੋਰੋਨਾ ਦੀ ਮਾਰ

ਇਸ ਮਰੀਜ਼ ਨੇ ਦੱਸਿਆ ਕਿ ਉਸਨੂੰ ਵੇਖਣ ਲਈ ਨਾ ਕੋਈ ਡਾਕਟਰ ਆਇਆ, ਨਾ ਨਰਸ ਆਈ ਤੇ ਨਾ ਕੋਈ ਹੋਰ ਸਟਾਫ ਆਇਆ। ਉਸਨੇ ਦੱਸਿਆ ਕਿ ਨਾ ਉਸਦਾ ਬੀ.ਪੀ. ਚੈੱਕ ਕੀਤਾ ਗਿਆ ਤੇ ਨਾ ਹੀ ਬੁਖਾਰ ਚੈੱਕ ਕੀਤਾ ਗਿਆ। ਉਸਨੇ ਦੱਸਿਆ ਕਿ ਉਸ ਕੋਲ ਜੋ ਡਾਕਟਰਾਂ ਦੇ ਨੰਬਰ ਹਨ, ਉਸ 'ਤੇ ਫੋਨ ਕੀਤੇ ਹਨ ਪਰ ਕੋਈ ਉਸ ਕੋਲ ਨਹੀਂ ਆਇਆ। ਉਸਨੇ ਦੱਸਿਆ ਕਿ ਉਸਨੂੰ ਇਲਾਜ ਲਈ ਕੋਈ ਦਵਾਈ ਨਹੀਂ ਦਿੱਤੀ ਗਈ। ਉਸਨੇ ਇਹ ਵੀ ਦੱਸਿਆ ਕਿ ਹੇਠਾਂ ਕੋਈ ਮਰੀਜ਼ ਉਸਦੀ ਜਾਣ ਪਛਾਣ ਵਾਲਾ ਦਾਖਲ ਹੈ ਜਿਸ ਰਾਹੀਂ ਉਸਨੇ ਘਰ ਤੋਂ ਖਾਣਾ ਮੰਗਵਾਇਆ। ਉਸਦਾ ਭਰਾ ਉਸ ਮਰੀਜ਼ ਤੱਕ ਖਾਣਾ ਪਹੁੰਚਾ ਗਿਆ ਜਿਸਦੇ ਕਰੀਬੀਆਂ ਨੇ ਅੱਗੇ ਉਸਦੇ ਕਮਰੇ ਦੇ ਬਾਹਰ ਖਾਣਾ ਰੱਖ ਦਿੱਤਾ ਜੋ ਉਸਨੇ ਚੁੱਕ ਕੇ ਖਾਧਾ। ਉਸਨੇ ਦੱਸਿਆ ਕਿ ਉਸਦੇ ਆਲੇ ਦੁਆਲੇ ਸਾਰੇ ਕਮਰੇ ਬੰਦ ਹਨ। ਜੋ ਬਿਸਤਰਾ ਸੌਣ ਵਾਸਤੇ ਦਿੱਤਾ ਗਿਆ ਹੈ, ਉਹ ਵੀ ਠੀਕ ਨਹੀਂ ਹੈ।ਉਸਨੇ ਕਿਹਾ ਕਿ ਮੈਨੂੰ ਅਜਿਹਾ ਮਹਿਸੂਸ ਹੋ ਰਿਹਾ ਹੈ ਕਿ ਇਥੇ ਮੈਂ ਹੋਰ ਜ਼ਿਆਦਾ ਬੀਮਾਰ ਹੋ ਸਕਦਾ ਹਾਂ। ਉਸਨੇ ਕਿਹਾ ਕਿ ਉਹ ਚਾਹੁੰਦਾ ਹੈ ਕਿ ਡਾਕਟਰ ਉਸਨੂੰ ਇਥੇ ਆ ਕੇ ਚੈੱਕ ਕਰਨ ਤੇ ਦੱਸਣ ਕਿ ਕੀ ਟਰੀਟਮੈਂਟ ਲੈਣਾ ਹੈ।

ਇਹ ਵੀ ਪੜ੍ਹੋ: ਕੋਰੋਨਾ ਵਾਇਰਸ ਦੇ ਚੱਲਦਿਆਂ ਸਿੱਖਿਆ ਵਿਭਾਗ ਨੇ ਲਿਆ ਵੱਡਾ ਫੈਸਲਾ

ਉਸਨੇ ਦੱਸਿਆ ਕਿ 22 ਤਾਰੀਕ ਨੂੰ ਦਿੱਲੀ ਪਹੁੰਚਣ ਤੋਂ ਬਾਅਦ ਉਸਨੇ ਸਫਦਰਜੰਗ ਹਸਪਤਾਲ ਵਿਚ ਟੈਸਟ ਕਰਵਾਇਆ ਸੀ ਜੋ ਨੈਗੇਟਿਵ ਆਇਆ ਸੀ। 25 ਮਾਰਚ ਨੂੰ ਉਹ ਸਵੇਰੇ ਪਟਿਆਲਾ ਪਹੁੰਚਿਆ ਤੇ ਜਦੋਂ ਇਥੇ ਮਹਿਸੂਸ ਹੋਇਆ ਕਿ ਉਸਨੂੰ ਬੁਖਾਰ ਤੇ ਖਾਂਸੀ ਹੈ ਤਾਂ ਉਸਨੇ ਸਿਹਤ ਵਿਭਾਗ ਨਾਲ ਸੰਪਰਕ ਕੀਤਾ ਤੇ ਉਸਨੂੰ ਐਂਬੂਲੈਂਸ ਰਾਜਿੰਦਰਾ ਹਸਪਤਾਲ ਲੈ ਕੇ ਆਈ।ਸਿਵਲ ਸਰਜਨ ਡਾ ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਕੋਰੋਨਾ ਵਾਇਰਸ ਮਰੀਜ਼ ਦੇ ਇਲਾਜ ਲਈ ਤੈਅ ਪ੍ਰੋਟੋਕਾਲ ਅਨੁਸਾਰ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਅਤੇ ਉਹ ਮਾਮਲੇ ਵਿਚ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਨਾਲ ਗੱਲ ਕਰ ਰਹੇ ਹਨ।

ਇਹ ਵੀ ਪੜ੍ਹੋ: ਕਰਫਿਊ ਦੌਰਾਨ ਅੰਮ੍ਰਿਤਸਰ 'ਚ ਚੱਲੀ ਗੋਲੀ, ਇਕ ਦੀ ਮੌਤ


author

Shyna

Content Editor

Related News