ਪਟਿਆਲਾ 'ਚ ਕੋਰੋਨਾ ਵਾਇਰਸ ਦਾ ਸ਼ੱਕੀ ਮਰੀਜ਼ ਖੁਦ ਪਹੁੰਚਿਆ ਹਸਪਤਾਲ
Monday, Mar 09, 2020 - 01:08 PM (IST)
ਪਟਿਆਲਾ (ਬਲਜਿੰਦਰ, ਜ. ਬ., ਰਾਣਾ, ਬਿਕਰਮਜੀਤ): ਅੰਮ੍ਰਿਤਸਰ ਤੋਂ ਬਾਅਦ ਪਟਿਆਲਾ ਵਿਚ ਵੀ ਕੋਰੋਨਾ ਵਾਇਰਸ ਦਾ ਸ਼ੱਕੀ ਮਰੀਜ਼ ਸਾਹਮਣੇ ਆਇਆ ਹੈ, ਜੋ ਖੁਦ ਹਸਪਤਾਲ ਪਹੁੰਚਿਆ ਅਤੇ ਸਿਹਤ ਵਿਭਾਗ ਨੂੰ ਆਪਣੀ ਰਿਪੋਰਟ ਕੀਤੀ ਹੈ। ਇਸ ਦੇ ਬਾਅਦ ਸਿਹਤ ਵਿਭਾਗ ਹਰਕਤ ਵਿਚ ਆਇਆ ਅਤੇ ਮਰੀਜ਼ ਦੇ ਸਮੁੱਚੇ ਟੈਸਟ ਕਰ ਕੇ ਉਸ ਨੂੰ ਸਰਕਾਰੀ ਰਾਜਿੰਦਰਾ ਹਸਤਪਾਲ ਦੇ ਆਈਸੋਲੇਸ਼ਨ ਵਾਰਡ ਵਿਚ ਰੱਖਿਆ ਹੈ। ਇਸ ਦੀ ਪੁਸ਼ਟੀ ਕਰਦੇ ਹੋਏ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਵਿਅਕਤੀ ਸਾਊਥ ਕੋਰੀਆ ਤੋਂ ਆਇਆ ਹੈ। ਉਸ ਨੇ ਆ ਕੇ ਖੁਦ ਵਿਭਾਗ ਕੋਲ ਰਿਪੋਰਟ ਕੀਤੀ ਹੈ। ਸਿਵਲ ਸਰਜਨ ਨੇ ਦੱਸਿਆ ਕਿ ਮੁਢਲੀ ਜਾਂਚ ਵਿਚ ਬਿਲਕੁਲ ਸਹੀ ਦਿਖਾਈ ਦੇ ਰਿਹਾ ਹੈ। ਉਸ ਦੇ ਸਾਰੇ ਸੈਂਪਲ ਲੈ ਕੇ ਉਨ੍ਹਾਂ ਨੂੰ ਟੈਸਟ ਲਈ ਦਿੱਲੀ ਲੈਬ ਵਿਚ ਭੇਜ ਦਿੱਤਾ ਗਿਆ ਹੈ। ਜੇਕਰ ਰਿਪੋਰਟ ਪਾਜ਼ੀਟਿਵ ਆਉਂਦੀ ਹੈ ਤਾਂ ਫਿਰ ਕਨਫਰਮੇਸ਼ਨ ਲਈ ਉਸ ਨੂੰ ਪੁਣੇ ਲੈਬ ਵਿਚ ਭੇਜਿਆ ਜਾਵੇਗਾ।
ਸਿਵਲ ਸਰਜਨ ਡਾ. ਮਲਹੋਤਰਾ ਨੇ ਕਿਹਾ ਕਿ ਮਰੀਜ਼ ਦੇ ਪਰਿਵਾਰ ਵਾਲਿਆਂ ਨੂੰ ਸਾਵਧਾਨੀ ਰੱਖਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਵਿਭਾਗ ਵੱਲੋਂ ਵੀ ਦੇਖ-ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਵਿਚ ਹਰ ਸਥਿਤੀ ਨਾਲ ਨਜਿੱਠਣ ਲਈ ਸਾਰੀਆਂ ਤਿਆਰੀਆਂ ਪੂਰੀਆਂ ਹਨ। ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ। ਡਾ. ਮਲਹੋਤਰਾ ਨੇ ਦੱਸਿਆ ਕਿ ਪਟਿਆਲਾ ਵਿਚ ਹੁਣ ਤੱਕ ਵੱਖ-ਵੱਖ ਦੇਸ਼ਾਂ ਤੋਂ 459 ਵਿਅਕਤੀ ਪਰਤੇ ਹਨ। ਇਨ੍ਹਾਂ ਨੂੰ 14 ਦਿਨ ਘਰ ਵਿਚ ਰਹਿਣ ਲਈ ਆਖਿਆ ਗਿਆ ਹੈ। ਜ਼ਿਆਦਾ ਤੋਂ ਜ਼ਿਆਦਾ ਸਫਾਈ ਦਾ ਧਿਆਨ ਰੱਖਣ ਲਈ ਕਿਹਾ ਗਿਆ ਹੈ। ਸਿਵਲ ਸਰਜਨ ਨੇ ਦੱਸਿਆ ਕਿ ਵਾਰ-ਵਾਰ ਹੱਥ ਧੋਣੇ ਚਾਹੀਦੇ ਹਨ। ਮਾਸਕ ਦੀ ਜ਼ਿਆਦਾ ਜ਼ਰੂਰਤ ਨਹੀਂ ਹੈ। ਜ਼ਰੂਰਤ ਹੈ ਤਾਂ ਧਿਆਨ ਰੱਖਣ ਦੀ। ਹੱਥ ਮਿਲਾਉਣ ਦੀ ਬਜਾਏ ਹੱਥ ਜੋੜ ਕੇ ਇਕ-ਦੂਜੇ ਨੂੰ ਮਿਲੀਏ। ਸਾਵਧਾਨੀ ਰੱਖ ਕੇ ਇਸ ਦਾ ਮੁਕਾਬਲਾ ਕਰਨ ਦੀ ਜ਼ਰੂਰਤ ਹੈ।
ਇਹ ਵੀ ਪੜ੍ਹੋ: ਪੰਜਾਬ ਵਿਚ ਕੋਰੋਨਾ ਦਾ ਖੌਫ, ਸਰਕਾਰ ਨੇ ਇਕੱਠ ਤੋਂ ਬਚਣ ਦੀ ਕੀਤੀ ਅਪੀਲ