ਪਟਿਆਲਾ 'ਚ ਬ੍ਰੈਸਟ ਫੀਡ ਦੌਰਾਨ ਮੁੜ ਹੋਈ ਇਕ ਹੋਰ ਬੱਚੇ ਦੀ ਮੌਤ

Tuesday, Feb 04, 2020 - 01:16 PM (IST)

ਪਟਿਆਲਾ 'ਚ ਬ੍ਰੈਸਟ ਫੀਡ ਦੌਰਾਨ ਮੁੜ ਹੋਈ ਇਕ ਹੋਰ ਬੱਚੇ ਦੀ ਮੌਤ

ਪਟਿਆਲਾ—ਥਾਣਾ ਅਨਾਜ ਮੰਡੀ ਦੇ ਤਹਿਤ ਅਬਚਲ ਨਗਰ 'ਚ ਬ੍ਰੈਸਟ ਫੀਡ ਦੌਰਾਨ ਸਾਹ ਨਲੀ 'ਚ ਦੁੱਧ ਜਾਣ ਨਾਲ 13 ਦਿਨ ਦੀ ਬੱਚੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਜਦੋਂ 13 ਦਿਨਾਂ ਦੀ ਬੱਚੀ ਬ੍ਰੈਸਟ ਫੀਡ ਦੌਰਾਨ ਬੇਸੁੱਧ ਹੋ ਗਈ ਤਾਂ ਬੱਚੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਵਿਆਹੁਤਾ ਆਪਣੇ ਪੇਕੇ ਪਰਿਵਾਰ 'ਚ ਡਿਲਵਰੀ ਲਈ ਆਈ ਸੀ। ਪੁਲਸ ਨੇ ਰਾਜਿੰਦਰਾ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ। ਏ.ਐੱਸ.ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਦੇ ਬਾਅਦ ਉਹ ਮਾਤਾ ਕੌਸ਼ਲਿਆ ਹਸਪਤਾਲ ਪਹੁੰਚੇ। ਬੱਚੀ ਦੇ ਪਿਤਾ ਉਧਮ ਸਿੰਘ ਦੇ ਬਿਆਨ ਦਰਜ ਕਰਨ ਦੇ ਬਾਅਦ ਲਾਸ਼ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਹੈ।
ਦੱਸਣਯੋਗ ਹੈ ਕਿ ਕਰੀਬ ਇਕ ਮਹੀਨਾ ਪਹਿਲਾਂ ਵੀ ਹੀਰਾ ਬਾਗ ਨਗਰ ਨਿਵਾਸੀ ਸੰਜੈ ਕੁਮਾਰ ਦੇ ਦੋ ਮਹੀਨੇ ਦੇ ਬੱਚੇ ਦੀ ਮੌਤ ਹੋ ਚੁੱਕੀ ਹੈ। ਸੰਜੈ ਦੀ ਪਤਨੀ ਰਾਤ ਨੂੰ 2 ਮਹੀਨੇ ਦੇ ਪੁੱਤਰ ਨੂੰ ਦੁੱਧ ਪਿਲਾ ਰਹੀ ਸੀ ਅਤੇ ਇਸ ਦੌਰਾਨ ਉਸ ਨੂੰ ਨੀਂਦ ਆ ਗਈ। ਬਾਅਦ 'ਚ ਡਾਕਟਰਾਂ ਨੇ ਦੱਸਿਆ ਸੀ ਕਿ ਸਾਹ ਨਲੀ 'ਚ ਦੁੱਧ ਜਾਣ ਨਾਲ ਬੱਚੇ ਦੀ ਮੌਤ ਹੋਈ ਹੈ।

ਬੱਚੇ ਨੂੰ ਲਿਟਾ ਕੇ ਦੁੱਧ ਨਾ ਪਿਲਾਓ: ਡਾ. ਮੇਗਾ
ਬੱਚਿਆਂ ਦੇ ਮਾਹਰ ਡਾ. ਦੀਪਕ ਮੇਂਗਾ ਨੇ ਦੱਸਿਆ ਕਿ ਕਈ ਵਾਰ ਦੁੱਧ ਬੱਚੇ ਦੀ ਫੂਡ ਪਾਈਪ ਅਤੇ ਕਈ ਵਾਰ ਫੂਡ ਪਾਈਪ ਦੀ ਬਜਾਏ ਵਿੰਡ ਪਾਈਪ 'ਚ ਚਲਾ ਜਾਂਦਾ ਹੈ, ਜਿਸ ਨੂੰ ਮੈਡੀਕਲ ਭਾਸ਼ਾ 'ਚ ਟ੍ਰੈਕੀਆ ਕਹਿੰਦੇ ਹਨ। ਵਿੰਡ ਪਾਈਪ ਨਾਲ ਦੁੱਧ ਫੇਫੜਿਆਂ 'ਚ ਚਲਾ ਜਾਂਦਾ ਹੈ, ਜਿਸ ਨਾਲ ਬੱਚੇ ਦਾ ਸਾਹ ਰੁੱਕ ਜਾਂਦਾ ਹੈ। ਇਸ ਲਈ ਬੱਚੇ ਨੂੰ ਲਿਟਾ ਕੇ ਦੁੱਧ ਪਿਲਾਉਣ ਤੋਂ ਪਰਹੇਜ਼ ਕਰੋ। ਡਿਲਵਰੀ ਦੇ ਬਾਅਦ ਮਾਂ ਬ੍ਰੈਸਟ ਫੀਡਿੰਗ ਸਬੰਧੀ ਡਾਕਟਰ ਨਾਲ ਸੰਪਰਕ ਕਰਨ, ਤਾਂਕਿ ਫੀਡਿੰਗ ਸਬੰਧੀ ਸਹੀ ਤਰੀਕੇ ਦੇ ਬਾਰੇ 'ਚ ਜਾਣਿਆ ਜਾ ਸਕੇ।


author

Shyna

Content Editor

Related News