ਬੱਚੇ ਕਾਰ ਦੇ ਸ਼ੀਸ਼ੇ ਖੜਕਾ ਕੇ ਜ਼ਿੰਦਗੀ ਲਈ ਵਿਲਕਦੇ ਰਹੇ ਪਰ ਪਿਤਾ ਨੇ ਨਾ ਸੁਣੀ (ਤਸਵੀਰਾਂ)
Sunday, Apr 07, 2019 - 01:50 PM (IST)
ਪਟਿਆਲਾ (ਬਲਜਿੰਦਰ)—ਇਸ ਨੂੰ ਕੁਦਰਤ ਦਾ ਕਹਿਰ ਕਿਹਾ ਜਾਵੇ ਜਾਂ ਫਿਰ ਪਿਤਾ ਦੀ ਮਜਬੂਰੀ। ਜਿਵੇਂ ਹੀ ਪਰਮਵੀਰ ਸਿੰਘ ਨੇ ਗੱਡੀ ਭਾਖੜਾ ਨਹਿਰ ਵੱਲ ਨੂੰ ਕੀਤੀ ਤਾਂ ਬੱਚਿਆਂ ਨੇ ਸ਼ੀਸ਼ੇ ਖੜਕਾ ਕੇ ਜ਼ਿੰਦਗੀ ਦੇਣ ਵਾਲੇ ਪਿਤਾ ਤੋਂ ਜ਼ਿੰਦਗੀ ਦੀ ਭੀਖ ਮੰਗੀ। ਪਿਤਾ ਨੇ ਕੋਈ ਗੱਲ ਨਹੀਂ ਸੁਣੀ ਅਤੇ ਸਿੱਧੀ ਗੱਡੀ ਭਾਖੜਾ ਨਹਿਰ ਵਿਚ ਸੁੱਟ ਦਿੱਤੀ। ਕਦੇ ਆਪਣੇ ਜਿਗਰ ਦੇ ਟੁਕੜਿਆਂ ਨੂੰ ਤੱਤੀ ਹਵਾ ਨਾ ਲੱਗਣ ਦੇਣ ਵਾਲੇ ਪਰਮਵੀਰ ਨੂੰ ਅੱਜ ਆਪਣੇ ਉਨ੍ਹਾਂ ਜਿਗਰ ਦੇ ਟੁਕੜਿਆਂ ਦੀ ਕੋਈ ਪੁਕਾਰ ਨਹੀਂ ਸੁਣੀ।
ਘਟਨਾ ਸਮੇਂ ਮੌਜੂਦ ਲੋਕਾਂ ਮੁਤਾਬਕ ਜਦੋਂ ਗੱਡੀ ਨੂੰ ਭਾਖੜਾ ਨਹਿਰ ਵੱਲ ਕੀਤਾ ਤਾਂ ਬੱਚਿਆਂ ਨੇ ਸ਼ੀਸ਼ੇ ਖੜਕਾ ਦੇ ਬਚਾਉਣ ਲਈ ਰੌਲਾ ਪਾਇਆ। ਪਲਕ ਝਪਕਦੇ ਹੀ ਸਭ ਕੁਝ ਖਤਮ ਹੋ ਗਿਆ। ਦੋ ਨੰਨ੍ਹੀਆਂ ਜਾਨਾਂ ਦੀ ਆਵਾਜ਼ ਹਮੇਸ਼ਾ ਲਈ ਖਾਮੋਸ਼ ਹੋ ਗਈ। ਪਰਮਵੀਰ ਸਿੰਘ ਆਦਰਸ਼ ਨਗਰ ਪਟਿਆਲਾ ਦਾ ਰਹਿਣ ਵਾਲਾ ਸੀ। ਉਸ ਦਾ ਸ਼ਹਿਰ 'ਚ ਇਮੀਗ੍ਰੇਸ਼ਨ ਦਾ ਬਿਜ਼ਨੈੱਸ ਸੀ। ਪੂਰੇ ਸ਼ਹਿਰ 'ਚ ਪਿਛਲੇ ਕਈ ਸਾਲਾਂ ਤੋਂ ਆਊਟਡੋਰ ਐਡਵਰਟਾਈਜ਼ਮੈਂਟ ਉਸ ਦੇ ਬਿਜ਼ਨੈੱਸ ਦੀ ਹੀ ਸੀ। ਪਰਿਵਾਰ ਵੱਲੋਂ ਵੀ ਕਿਸੇ ਤਰ੍ਹਾਂ ਦਾ ਕੋਈ ਖੁਲਾਸਾ ਨਹੀਂ ਕੀਤਾ ਗਿਆ।
ਸਕੂਲੋਂ ਬੱਚਿਆਂ ਨੂੰ ਲਿਆ ਕੇ ਸਿੱਧਾ ਪੁੱਜੇ ਭਾਖੜਾ ਨਹਿਰ
ਆਦਰਸ਼ ਨਗਰ ਦੇ ਰਹਿਣ ਵਾਲੇ ਪਰਮਵੀਰ ਸਿੰਘ ਅਤੇ ਉਸ ਦੀ ਪਤਨੀ ਦੀਪ ਸ਼ਿਖਾ ਨੇ ਪਹਿਲਾਂ ਸਵੇਰੇ ਭਾਦਸੋਂ ਰੋਡ ਤੋਂ ਘਰ ਦਾ ਸਾਮਾਨ ਖਰੀਦਿਆ। ਫਿਰ ਦੋਵੇਂ ਬੱਚਿਆਂ ਨੂੰ ਲੈਣ ਲਈ ਸਕੂਲ ਚਲੇ ਗਏ। ਇਥੇ ਪਰਮਵੀਰ ਗੱਡੀ 'ਚ ਬਾਹਰ ਬੈਠਾ ਰਿਹਾ ਅਤੇ ਦੀਪ ਸ਼ਿਖਾ ਅੰਦਰ ਬੱਚੇ ਲੈਣ ਲਈ ਗਈ। ਦੋਵਾਂ ਨੇ ਬੱਚਿਆਂ ਨੂੰ ਨਾਲ ਲਿਆ ਤੇ ਸਿੱਧੇ ਭਾਖੜਾ ਨਹਿਰ ਪਹੁੰਚੇ ਅਤੇ ਕਾਰ ਨਹਿਰ 'ਚ ਸੁੱਟ ਦਿੱਤੀ। ਮੌਕੇ 'ਤੇ ਪਹੁੰਚੇ ਪਰਮਵੀਰ ਦੇ ਪਿਤਾ ਕੇਵਲ ਕ੍ਰਿਸ਼ਨ ਅਤੇ ਰਿਸ਼ਤੇਦਾਰਾਂ ਨੇ ਵੀ ਕੋਈ ਗੱਲ ਨਹੀਂ ਕੀਤੀ।
ਗੱਡੀ 'ਚੋਂ ਬੱਚਿਆਂ ਦੇ ਖਿਡੌਣੇ ਤੇ ਸਕੂਲ ਦੇ ਬੈਗ ਵੀ ਮਿਲੇ
ਮ੍ਰਿਤਕਾਂ ਦੀ ਗੱਡੀ 'ਚੋਂ ਬੱਚਿਆਂ ਦੇ ਖਿਡੌਣੇ ਅਤੇ ਸਕੂਲ ਬੈਗ ਵੀ ਮਿਲੇ। ਨੰਨ੍ਹੇ ਸੁਸ਼ਾਂਤ ਦੇ ਗਣੇਸ਼ ਵੀ ਜਿਵੇਂ ਬੱਚੇ ਨੂੰ ਪੁਕਾਰ ਰਹੇ ਸੀ। ਹਮੇਸ਼ਾ ਛੋਟੇ ਗਣੇਸ਼ ਜੀ ਨਾਲ ਖੇਡਣ ਵਾਲੇ ਸੁਸ਼ਾਂਤ ਦੀਆਂ ਅਠਖੇਲੀਆਂ ਖਾਮੋਸ਼ ਹੋ ਚੁੱਕੀਆਂ ਸਨ।
ਸ਼ਹਿਰ 'ਚ ਛਾਇਆ ਮਾਤਮ
ਜਿਵੇਂ ਹੀ ਇਸ ਘਟਨਾ ਦੀ ਖਬਰ ਅੱਗ ਵਾਂਗ ਫੈਲੀ ਤਾਂ ਸ਼ਹਿਰ ਵਿਚ ਮਾਤਮ ਛਾ ਗਿਆ। ਪਰਮਵੀਰ ਖੁਦ ਵੀ ਕਈ ਸੰਸਥਾਵਾਂ ਨਾਲ ਜੁੜਿਆ ਹੋਇਆ ਸੀ। ਧਾਰਮਕ ਕੰਮਾਂ ਵਿਚ ਵਧ-ਚੜ੍ਹ ਕੇ ਹਿੱਸਾ ਪਾਉਂਦਾ ਰਹਿੰਦਾ ਸੀ। ਪਰਮਵੀਰ ਗਊਸ਼ਾਲਾਵਾਂ ਲਈ ਦਾਨ ਅਤੇ ਹੋਰ ਕਈ ਨਾਮੀ ਸੰਸਥਾਵਾਂ 'ਚ ਆਪਣਾ ਯੋਗਦਾਨ ਪਾਉਂਦਾ ਸੀ।
ਮਨੁੱਖਤਾ 'ਤੇ ਭਾਰੀ ਪਿਆ ਸੋਸ਼ਲ ਮੀਡੀਆ ਦਾ ਚਸਕਾ
ਜਦੋਂ ਪਰਮਵੀਰ ਸਿੰਘ ਅਤੇ ਉਸ ਦੇ ਪਰਿਵਾਰ ਦੀਆਂ ਲਾਸ਼ਾਂ ਅਤੇ ਗੱਡੀ ਭਾਖੜਾ ਨਹਿਰ 'ਚੋਂ ਬਾਹਰ ਕੱਢੀ ਜਾ ਰਹੀ ਸੀ ਤਾਂ ਵੱਡੀ ਗਿਣਤੀ 'ਚ ਪਹੁੰਚੇ ਲੋਕਾਂ ਵੱਲੋਂ ਇਸ ਘਟਨਾ ਦੀ ਵੀਡੀਓ ਬਣਾਈ ਜਾ ਰਹੀ ਸੀ। ਪੁਲਸ ਅਤੇ ਗੋਤਾਖੋਰਾਂ ਵੱਲੋਂ ਵਾਰ-ਵਾਰ ਕਹਿਣ ਦੇ ਬਾਵਜੂਦ ਲੋਕ ਪਿੱਛੇ ਨਹੀਂ ਹਟ ਰਹੇ ਸਨ। ਜ਼ਿਆਦਾਤਰ ਲੋਕਾਂ ਦੀ ਦਿਲਚਸਪੀ ਕੋਈ ਜ਼ਿੰਦਾ ਬਚਿਆ ਜਾਂ ਨਹੀਂ, ਇਸ ਦੀ ਬਜਾਏ ਵੀਡੀਓ ਬਣਾਉਣ 'ਚ ਸੀ। ਇਥੇ ਮਨੁੱਖਤਾ 'ਤੇ ਸੋਸ਼ਲ ਮੀਡੀਆ ਵਿਚ ਅੱਗੇ ਨਿਕਲਣ ਦੀ ਹੋੜ ਜ਼ਿਆਦਾ ਭਾਰੀ ਦਿਖਾਈ ਦੇ ਰਹੀ ਸੀ।