ਕਾਰ ਦੀ ਟੱਕਰ ਨਾਲ ਐਕਟਿਵਾ ਸਵਾਰ ਏ. ਐੱਸ. ਈ. ਪੁਲ ਤੋਂ ਡਿੱਗਾ, ਮੌਤ
Monday, Apr 15, 2019 - 04:04 AM (IST)

ਪਟਿਆਲਾ (ਗੁਰਪਾਲ)-ਬਨੂਡ਼ ਦੇ ਟ੍ਰੈਫਿਕ ਇੰਚਾਰਜ ਏ. ਐੱਸ. ਆਈ. ਅਵਤਾਰ ਸਿੰਘ ਦੀ ਸਡ਼ਕ ਹਾਦਸੇ ’ਚ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਹੈ। ਜਾਣਕਾਰੀ ਅਨੁਸਾਰ ਬੀਤੀ ਰਾਤ ਸਾਢੇ 8 ਕੁ ਵਜੇ ਅਵਤਾਰ ਸਿੰਘ ਆਪਣੀ ਐਕਟਿਵਾ ’ਤੇ ਰਾਜਪੁਰਾ ਜਾ ਰਿਹਾ ਸੀ। ਜਦੋਂ ਉਹ ਓਵਰਬ੍ਰਿਜ ਰਾਜਪੁਰਾ ਲਿਬਰਟੀ ਚੌਕ ਨੇਡ਼ੇ ਪਹੁੰਚਿਆ ਤਾਂ ਅਚਾਨਕ ਪਿੱਛੋਂ ਆ ਰਹੀ ਤੇਜ਼ ਰਫਤਾਰ ਕਾਰ ਨੇ ਐਕਟਿਵਾ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਉਹ ਓਵਰਬ੍ਰਿਜ ਤੋਂ ਹੇਠਾਂ ਡਿੱਗ ਪਿਆ। ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਉਸ ਨੂੰ ਇਲਾਜ ਲਈ ਰਾਜਪੁਰਾ ਦੇ ਸਿਵਲ ਹਸਪਤਾਲ ਲੈ ਗਏ। ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਸ ਦਾ ਅੰਤਿਮ ਸੰਸਕਾਰ ਰਾਜਪੁਰਾ ਨੇਡ਼ੇ ਪੈਂਦੇ ਪਿੰਡ ਨੀਲਪੁਰ ਦੇ ਸ਼ਮਸ਼ਾਨਘਾਟ ਵਿਖੇ ਸਿੱਖੀ ਰਹੁ-ਰੀਤਾਂ ਨਾਲ ਕੀਤਾ ਗਿਆ। ਦੁਖੀ ਪਰਿਵਾਰ ਨਾਲ ਜ਼ਿਲਾ ਪ੍ਰੀਸ਼ਦ ਮੈਂਬਰ ਖਜ਼ਾਨ ਸਿੰਘ ਹੁਲਕਾਂ, ਬਾਬਾ ਦਿਲਬਾਗ ਸਿੰਘ ਬਾਗਾ ਜੋਤੀ ਸੰਧੂ, ਸੁਖਵਿੰਦਰ ਸਿੰਘ ਸੁੱਖਾ, ਡਾ. ਪਵਿੰਦਰ ਸਿੰਘ ਮਨੌਲੀ ਸੂਰਤ, ਜਗਜੀਤ ਸਿੰਘ ਛਡ਼ਬਡ਼, ਰਾਮਦਿਆ ਕਨੌਡ਼, ਅਸ਼ੋਕ ਕੁਮਾਰ, ਬੂਟਾ ਸਿੰਘ ਵਾਲਾ ਅਤੇ ਗੁਰਵਿੰਦਰ ਸਿੰਘ ਬੱਸੀ ਈਸੇ ਖਾਂ ਤੋਂ ਇਲਾਵਾ ਇਲਾਕੇ ਦੇ ਅਨੇਕਾਂ ਪੰਚਾਂ-ਸਰਪੰਚਾਂ ਨੇ ਪਹੁੰਚ ਕੇ ਦੁਖੀ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ।