ਰਾਹੁਲ ਗਾਂਧੀ ਨੇ 2 ਸੀਟਾਂ ’ਤੇ ਉਮੀਦਵਾਰੀ ਦਾ ਐਲਾਨ ਕਰ ਕੇ ਚੋਣਾਂ ਤੋਂ ਪਹਿਲਾਂ ਹੀ ਹਾਰ ਕਬੂਲੀ : ਅਜੇ ਥਾਪਰ
Monday, Apr 01, 2019 - 04:13 AM (IST)
ਪਟਿਆਲਾ (ਬਲਜਿੰਦਰ)-ਅਕਾਲੀ ਦਲ ਦੇ ਕੌਮੀ ਮੀਤ-ਪ੍ਰਧਾਨ ਅਤੇ ਬੁਲਾਰੇ ਅਜੇ ਥਾਪਰ ਨੇ ਅੱਜ ਇਥੇ ਵੱਡੀ ਗਿਣਤੀ ਵਿਚ ਮੀਟਿੰਗਾਂ ਕੀਤੀਆਂ। ਆਪਣੇ ਸੰਬੋਧਨ ਵਿਚ ਉਨ੍ਹਾਂ ਕਿਹਾ ਕਿ ਕੁੱਲ ਹਿੰਦ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਵੱਲੋਂ 2 ਲੋਕ ਸਭਾ ਸੀਟਾਂ ਦਾ ਉਮੀਦਵਾਰ ਬਣਨ ਦਾ ਐਲਾਨ ਕਰ ਕੇ ਲੋਕ ਸਭਾ ਚੋਣਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਹਾਰ ਮੰਨ ਲਈ ਹੈ। ਡੇਢ ਮਹੀਨੇ ਬਾਅਦ ਦੇਸ਼ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਦੀ ਚੋਣ ਕਰਨੀ ਹੈ। ਉਨ੍ਹਾਂ ’ਚ ਜਿਹਡ਼ੇ ਸਿਆਣੇ, ਪਡ਼੍ਹੇ-ਲਿਖੇ ਅਤੇ ਦੇਸ਼ ਦੇ ਚਹੁੰ-ਪੱਖੀ ਵਿਕਾਸ ਨੂੰ ਦੇਖਦੇ ਹੋਏ ਦੇਸ਼ ਨੂੰ ਅਗਲੇ 5 ਸਾਲਾਂ ਵਿਚ ਦੁਨੀਆ ਦੀ ਸੁਪਰ ਪਾਵਰ ਦੇਖਣਾ ਚਾਹੁੰਦੇ ਹਨ, ਉਹ ਪ੍ਰਧਾਨ ਮੰਤਰੀ ਨਰਿੰਦਰ ਮੌਦੀ ਦੇ ਹੱਕ ਵਾਲੇ ਉਮੀਦਵਾਰਾਂ ਨੂੰ ਵੋਟ ਦੇਣਗੇ। ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਪਟਿਆਲਾ ਦਾ ਸਵਾਲ ਹੈ, ਇਕ ਪਾਸੇ ਅਕਾਲੀ-ਭਾਜਪਾ ਗਠਜੋਡ਼ ਦੇ ਦਰਵੇਸ਼ ਸਿਆਸਤਦਾਨ ਹਨ। ਦੂਜੇ ਪਾਸੇ ਕਾਂਗਰਸੀ ਮਹਿਲਾਂ ਵਾਲੇ ਹਨ। ਦਰਵੇਸ਼ ਸਿਆਸਤਦਾਨ ਹਮੇਸ਼ਾ ਲੋਕਾਂ ਵਿਚ ਰਹਿੰਦੇ ਹਨ। ਮਹਿਲਾਂ ਵਾਲਿਆਂ ਵੱਲੋਂ ਕਦੇ ਕਿਸੇ ਨੂੰ ਅੰਦਰ ਨਹੀਂ ਵਡ਼ਨ ਦਿੱਤਾ ਜਾਂਦਾ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਦੌਰਾਨ ਅਕਾਲੀ-ਭਾਜਪਾ ਗਠਜੋਡ਼ ਨੇ ਜਿਹਡ਼ੇ ਵੀ ਵਾਅਦੇ ਕੀਤੇ, ਉਹ ਪੂਰੇ ਕੀਤੇ। ਕਾਂਗਰਸ ਸਮੁੱਚੇ ਵਾਅਦਿਆਂ ਤੋਂ ਮੁੱਕਰ ਚੁੱਕੀ ਹੈ। ਇਸ ਮੌਕੇ ਸੁਰਜੀਤ ਸਿੰਘ ਰਾਜਪੂੁਤ, ਸਤਨਾਮ ਸਿੰਘ ਬਰਸਟ, ਸਾਬੀਰ ਖਾਨ, ਅਵਤਾਰ ਸਿੰਘ, ਤੀਰਥ ਸਿੰਘ, ਜੋਗਿੰਦਰਪਾਲ ਲਵਲੀ, ਅਮਰਜੀਤ ਸਿੰਘ ਵਾਲੀਆ, ਰਣਜੀਤ ਸਿੰਘ, ਸੰਜੀਵ ਕੁਮਾਰ, ਤੁਲੀ, ਮਨੀ ਅਤੇ ਹੋਰ ਆਗੂ ਵੀ ਹਾਜ਼ਰ ਸਨ।
