ਰੰਧਾਵਾ ਵਲੋਂ ਉਮਰਾਨੰਗਲ ਨਾਲ ਗੁਪਤ ਮੀਟਿੰਗਾਂ ਕਰਵਾਉਣ ਵਾਲਾ ਜੇਲ ਸੁਪਰਡੈਂਟ ਸਸਪੈਂਡ
Monday, Mar 04, 2019 - 05:47 PM (IST)
ਪਟਿਆਲਾ/ਚੰਡੀਗੜ੍ਹ (ਬਲਜਿੰਦਰ, ਰਮਨਜੀਤ)—ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ਵਿਚ ਪੰਜਾਬ ਪੁਲਸ ਵੱਲੋਂ ਗ੍ਰਿਫਤਾਰ ਕੇਂਦਰੀ ਜੇਲ ਪਟਿਆਲਾ ਵਿਚ ਬੰਦ ਆਈ. ਜੀ. ਪਰਮਰਾਜ ਸਿੰਘ ਉਮਰਾਨੰਗਲ ਨੂੰ ਜੇਲ ਵਿਚ ਗੁਪਤ ਮੀਟਿੰਗਾਂ ਕਰਵਾਉਣ ਅਤੇ ਹੋਰ ਸਹੂਲਤਾਂ ਦੇਣ ਦੇ ਦੋਸ਼ ਵਿਚ ਜੇਲ ਸੁਪਰਡੈਂਟ ਜਸਪਾਲ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਜੇਲ ਮੰਤਰੀ ਨੇ ਸਖਤੀ ਵਰਤਦੇ ਹੋਏ ਅੱਜ ਆਈ. ਜੀ. ਪਰਮਰਾਜ ਸਿੰਘ ਉਮਰਾਨੰਗਲ ਅਤੇ ਸਾਬਕਾ ਐੈੱਸ. ਐੈੱਸ. ਪੀ. ਚਰਨਜੀਤ ਸ਼ਰਮਾ ਨੂੰ ਰੋਪੜ ਜੇਲ ਵਿਚ ਸ਼ਿਫਟ ਕਰ ਦਿੱਤਾ ਹੈ।
ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਸੂਚਨਾ ਮਿਲੀ ਕਿ ਆਈ. ਜੀ. ਉਮਰਾਨੰਗਲ ਨਾਲ ਉਨ੍ਹਾਂ ਦੇ ਜਾਣਕਾਰਾਂ ਦੀਆਂ ਗੁਪਤ ਮੀਟਿੰਗਾਂ ਕਰਵਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਆਈ. ਜੀ. ਉਮਰਾਨੰਗਲ ਨੂੰ ਕਾਫੀ ਸਹੂਲਤਾਂ ਅਤੇ ਖੁੱਲ੍ਹ ਦਿੱਤੀ ਹੋਈ ਹੈ। ਸੁਖਜਿੰਦਰ ਰੰਧਾਵਾ ਨੇ ਤੁਰੰਤ ਪ੍ਰਭਾਵ ਨਾਲ ਇਸ ਦੀ ਜਾਂਚ ਲਈ ਆਈ. ਜੀ. ਜੇਲ ਪ੍ਰਬੰਧ ਪੰਜਾਬ ਰੂਪ ਕੁਮਾਰ ਨੂੰ ਇਸ ਦੀ ਜਾਂਚ ਕਰਨ ਲਈ ਕਿਹਾ। ਰੰਧਾਵਾ ਨੇ ਜੇਲ ਵਿਚ ਆਈ. ਜੀ. ਉਮਰਾਨੰਗਲ ਨੂੰ ਕਿੰਨੇ ਵਿਅਕਤੀ ਮਿਲਣ ਲਈ ਆਏ ਇਸ ਦੀ ਸਾਰੀ ਜਾਂਚ ਜੇਲ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਰਾਹੀਂ ਕਰਨ ਦੇ ਹੁਕਮ ਦਿੱਤਾ। ਆਈ. ਜੀ. ਰੂਪ ਕੁਮਾਰ ਵੱਲੋਂ ਜਦੋਂ ਪੂਰਾ ਦਿਨ ਲਾ ਕੇ ਇਸ ਮਾਮਲੇ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਆਈ. ਜੀ. ਉਮਰਾਨੰਗਲ ਨੂੰ ਇਕ ਦਰਜਨ ਤੋਂ ਜ਼ਿਆਦਾ ਵਿਅਕਤੀ ਬਿਨਾਂ ਐਂਟਰੀ ਦੇ ਮਿਲੇ ਹਨ।
ਇਨ੍ਹਾਂ ਵਿਚ ਕਾਫੀ ਮੀਟਿੰਗਾਂ ਜੇਲ ਸੁਪਰਡੈਂਟ ਦੇ ਕਮਰੇ ਵਿਚ ਹੋਈਆਂ। ਇਹ ਤੱਥ ਸਾਹਮਣੇ ਆਉਣ ਦੇ ਤੁਰੰਤ ਬਾਅਦ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਜੇਲ ਸੁਪਰਡੈਂਟ ਜਸਪਾਲ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ।
ਇਥੇ ਇਹ ਦੱਸਣਯੋਗ ਹੈ ਕਿ ਬਹਿਬਲ ਕਲਾਂ ਮਾਮਲਾ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਦੋਵਾਂ ਥਾਵਾਂ 'ਤੇ ਕਾਫੀ ਜ਼ਿਆਦਾ ਜ਼ੋਰ-ਸ਼ੋਰ ਨਾਲ ਚੁੱਕਿਆ ਜਾਂਦਾ ਰਿਹਾ ਹੈ। ਜੇਲ ਮੰਤਰੀ ਨੇ ਸਸਪੈਂਡ ਸੁਪਰਡੈਂਟ ਜਸਪਾਲ ਸਿੰਘ ਨੂੰ ਏ. ਡੀ. ਜੀ. ਪੀ. ਜੇਲਾਂ ਪੰਜਾਬ ਕੋਲ ਚੰਡੀਗੜ੍ਹ ਵਿਖੇ ਰਿਪੋਰਟ ਕਰਨ ਲਈ ਕਿਹਾ ਹੈ ਜਦਕਿ ਡਿਪਟੀ ਸੁਪਰਡੈਂਟ ਮੇਨਟੀਨੈਂਸ ਗੁਰਚਰਨ ਸਿੰਘ ਨੂੰ ਕੇਂਦਰੀ ਜੇਲ ਪਟਿਆਲਾ ਦੇ ਜੇਲ ਸੁਪਰਡੈਂਟ ਦਾ ਕਰੰਟ ਚਾਰਜ ਦੇ ਦਿੱਤਾ ਗਿਆ ਹੈ।