ਜਲ ਸਪਲਾਈ ਸੈਨੀਟੇਸ਼ਨ ਵਰਕਰਜ਼ ਯੂਨੀਅਨ ਅਧਿਆਪਕਾਂ ਦੇ ਹੱਕ ’ਚ ਨਿੱਤਰੀ

Saturday, Jan 19, 2019 - 09:52 AM (IST)

ਜਲ ਸਪਲਾਈ ਸੈਨੀਟੇਸ਼ਨ ਵਰਕਰਜ਼ ਯੂਨੀਅਨ ਅਧਿਆਪਕਾਂ ਦੇ ਹੱਕ ’ਚ ਨਿੱਤਰੀ
ਪਟਿਆਲਾ (ਰਾਣਾ)-‘ਅਧਿਆਪਕ ਮੋਰਚੇ’ ਦੇ ਬੈਨਰ ਹੇਠ ਸ਼ੁਰੂ ਹੋਇਆ ਇਤਿਹਾਸਕ ਮੋਰਚਾ ਅੱਜ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ਼ ਚੱਲ ਰਿਹਾ ਹੈ। ਇਸ ਨੂੰ ਪੂਰਨ ਤੌਰ ’ਤੇ ਹਮਾਇਤ ਦਿੰਦਿਆਂ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਆਗੂਆਂ ਨੇ ਮੰਗਾਂ ਪੂਰੀਆਂ ਨਾ ਹੋਣ ਤੱਕ ਸੰਘਰਸ਼ ਦੀ ਹਮਾਇਤ ਦਾ ਐਲਾਨ ਕੀਤਾ ਹੈ। ਸੂਬਾ ਆਗੂ ਹਾਕਮ ਸਿੰਘ ਧਨੇਠਾ, ਸਰਕਲ ਪ੍ਰਧਾਨ ਗੁਰਚਰਨ ਸਿੰਘ ਜ਼ਿਲਾ ਪ੍ਰਧਾਨ ਜੀਤ ਸਿੰਘ ਬਠੋਈ ਅਤੇ ਜਨਰਲ ਸਕੱਤਰ ਰਮੇਸ਼ ਭੁਨਰਹੇਡ਼ੀ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਉਸ ਦੇ ਕੈਬਨਿਟ ਮੰਤਰੀ ਵੱਲੋਂ 3 ਅਕਤੂਬਰ ਨੂੰ 8886 ਐੈੱਸ. ਐੈੱਸ. ਏ., ਰਮਸਾ, ਆਦਰਸ਼ ਤੇ ਮਾਡਲ ਅਧਿਆਪਕਾਂ ਦੀ ਤਨਖਾਹ ਕਟੌਤੀ ਦਾ ਨਾਦਰਸ਼ਾਹੀ ਫਰਮਾਨ ਜਾਰੀ ਕਰਨ ਤੋਂ ਬਾਅਦ ਸਾਂਝੇ ਅਧਿਆਪਕ ਮੋਰਚੇ ਦੇ ਬੈਨਰ ਹੇਠ ਸ਼ੁਰੂ ਹੋਏ ਇਤਿਹਾਸਕ ਸੰਘਰਸ਼ ਕਾਰਨ ਬੌਖਲਾਹਟ ਵਿਚ ਆਈ ਕੈਪਟਨ ਸਰਕਾਰ ਵੱਲੋਂ 5 ਅਧਿਆਪਕ ਆਗੂਆਂ ਨੂੰ ਮੁਅੱਤਲ ਕਰਨ ਦਾ ਫ਼ੈਸਲਾ ਸਰਕਾਰ ਦੀ ਸੌਡ਼ੀ ਸੋਚ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਅਤੇ ਸਰਕਾਰ ਦਰਮਿਆਨ ਚੱਲ ਰਹੀ ਜੱਦੋ-ਜਹਿਦ ਅੰਦਰ ਸਰਕਾਰ ਦੀ ਤਾਕਤ ਅਫਸਰਸ਼ਾਹੀ, ਪੁਲਸ ਤੇ ਕਾਨੂੰਨ ਆਦਿ ਦੀ ਵਰਤੋਂ ਕਰ ਕੇ, ਮੁਲਾਜ਼ਮਾਂ ਨੂੰ ਡਰਾਉਣ, ਧਮਕਾਉਣ ਅਤੇ ਤਰ੍ਹਾਂ-ਤਰ੍ਹਾਂ ਦੇ ਲਾਲਚ ਅਤੇ ਝਾਂਸੇ ਦੇ ਕੇ ਵੀ ਅਧਿਆਪਕਾਂ ਤੋਂ ਕਲਿੱਕ ਨਹੀਂ ਕਰਵਾ ਸਕੀ। ਪਹਿਲਾਂ ਡਰਾਵੇ, ਧਮਕੀਆਂ, ਫਿਰ ਬਦਲੀਆਂ, ਮੁਅੱਤਲੀਆਂ ਦੇ ਬਾਵਜੂਦ ਜੁਝਾਰੂ ਅਧਿਆਪਕ ਆਪਣੀਆਂ ਮੰਗਾਂ ਨੂੰ ਲੈ ਕੇ ਪੂਰੀ ਤਰ੍ਹਾਂ ਡਟੇ ਹੋਏ ਹਨ, ਜੋ ਕਿ ਇਕ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਪਿਛਲੇ 40 ਸਾਲਾਂ ਵਿਚ ਪਹਿਲੀ ਸਰਕਾਰ ਹੈ, ਜਿਸ ਨੇ ਹੱਕ ਮੰਗਦੇ ਅਧਿਆਪਕਾਂ ਦੀਆਂ ਸੇਵਾਵਾਂ ਖਤਮ ਕਰਨ ਦਾ ਹੱਦ ਦਰਜੇ ਦਾ ਧੱਕਡ਼ ਤੇ ਜਾਬਰ ਫੈਸਲਾ ਲਿਆ ਹੈ। ਪੰਜ ਅਧਿਆਪਕ ਆਗੂਆਂ ਨੂੰ ਟਰਮੀਨੇਟ ਕਰ ਕੇ ਖੌਫ ਅਤੇ ਡਰ ਨੂੰ ਚਰਮਸੀਮਾ ’ਤੇ ਲਿਜਾਣ ਦੀ ਕੋਸ਼ਿਸ਼ ਕੀਤੀ ਗਈ ਹੈ। ਅੱਜ ਇਸ ਰਵੱਈਏ ਵਿਰੁੱਧ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਪੰਜਾਬ ਵੱਲੋ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ। ਆਗੂਆਂ ਨੇ ਕਿਹਾ ਕਿ ਸਿੱਖਿਆ ਮੰਤਰੀ ਵੱਲੋਂ ਲੋਹਡ਼ੀ ਮੌਕੇ ਤੋਹਫੇ ਦਿੱਤੇ ਜਾਣ ਦੀ ਗੱਲ ਕੀਤੀ ਜਾ ਰਹੀ ਸੀ ਜੋ ਕਿ ਅੱਜ ਵਿਕਟੇਮਾਈਜ਼ੇਸ਼ਨਾਂ ਦੇ ਰੂਪ ਵਿਚ ਦਿੱਤੇ ਹਨ। ਇਹ ਹਿਟਲਰ ਸਰਕਾਰ ਅਤੇ ਮੰਤਰੀ ਸਮਝ ਲੈਣ ਕਿ ਪੰਜਾਬ ਦੀਆਂ ਸਾਰੀਆਂ ਜਨਤਕ ਜਮਹੂਰੀ ਜਥੇਬੰਦੀਆਂ, ਸਾਰਾ ਅਧਿਆਪਕ ਵਰਗ, ਆਮ ਲੋਕ ਸਰਕਾਰ ਦੇ ਇਸ ਤੁਗਲਕੀ ਫਰਮਾਨ ਦਾ ਮੂੰਹ-ਤੋਡ਼ ਜਵਾਬ ਦੇਣਗੇ। ਜਦੋਂ ਤੱਕ ਉਹ ਪੂਰੀ ਤਨਖਾਹ ਸਮੇਤ ਸਿੱਖਿਆ ਵਿਭਾਗ ਵਿਚ ਰੈਗੂਲਰ ਨਹੀਂ ਹੋ ਜਾਂਦੇ ਅਤੇ ਅਧਿਆਪਕ ਵਰਗ ਦੀਆਂ ਸਾਰੀਆਂ ਮੰਗਾਂ ਦਾ ਪੁਖਤਾ ਹੱਲ ਨਹੀਂ ਹੋ ਜਾਂਦਾ, ਉਦੋਂ ਤੱਕ ਸੰਘਰਸ਼ ਦੀ ਹਮਾਇਤ ਨੂੰ ਜਾਰੀ ਰੱਖਿਆ ਜਾਵੇਗਾ। ਬ੍ਰਾਂਚ ਪ੍ਰਧਾਨ ਅਵਤਾਰ ਸਿੰਘ, ਸੁੱਖਾ ਸਿੰਘ, ਨਰਿੰਦਰ ਸਿੰਘ, ਪਰਵਿੰਦਰ ਸਿੰਘ, ਪ੍ਰਵੀਨ ਕੁਮਾਰ ਅਤੇ ਗੁਰਜੰਟ ਸਿੰਘ ਆਦਿ ਹਾਜ਼ਰ ਹੋਏ।

Related News