ਮਾਮਲਾ ਡਾ. ਅੰਬੇਡਕਰ ਦੀ ਤੁਲਨਾ ਮੋਦੀ ਨਾਲ ਕਰਨ ਦਾ

Saturday, Jan 19, 2019 - 09:49 AM (IST)

ਮਾਮਲਾ ਡਾ. ਅੰਬੇਡਕਰ ਦੀ ਤੁਲਨਾ ਮੋਦੀ ਨਾਲ ਕਰਨ ਦਾ
ਪਟਿਆਲਾ (ਗੁਰਪਾਲ)-ਬੀਤੇ ਦਿਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਤੁਲਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕਰਨ ਦਾ ਮਾਮਲਾ ਗਰਮਾ ਗਿਆ ਹੈ। ਭਡ਼ਕੇ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਪੁਤਲੇ ਸਾਡ਼ਨ ਦਾ ਐਲਾਨ ਕੀਤਾ। ਅੱਜ ਇੱਥੇ ਬਸਪਾ ਵਰਕਰਾਂ ਦੀ ਹੰਗਾਮੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਲੋਕ ਸਭਾ ਹਲਕਾ ਪਟਿਆਲਾ ਦੇ ਇੰਚਾਰਜ ਜਗਜੀਤ ਛਡ਼ਬਡ਼ ਨੇ ਕਿਹਾ ਕਿ ਬਾਬਾ ਸਾਹਿਬ ਨੂੰ ਪੂਰੇ ਵਿਸ਼ਵ ਵਿਚ ਬਹੁਤ ਹੀ ਸਤਿਕਾਰ ਅਤੇ ਪਿਆਰ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ। ਉਨ੍ਹਾਂ ਨੂੰ ਦੁਨੀਆ ਦੇ ਸਭ ਤੋਂ ਵੱਧ ਪਡ਼੍ਹੇ-ਲਿਖੇ ਹੋਣ ਦਾ ਸਨਮਾਨ ਹਾਸਲ ਹੈ। ਅਜਿਹੀ ਸਤਿਕਾਰਯੋਗ ਸ਼ਖਸੀਅਤ ਦੀ ਤੁਲਨਾ ਮੋਦੀ ਨਾਲ ਕਰਨਾ ਘਟੀਆ ਤੇ ਸੌਡ਼ੀ ਸੋਚ ਦੀ ਨਿਸ਼ਾਨੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਐੈੱਸ. ਸੀ/ਐੈੱਸ. ਟੀ. ਐਕਟ ਨਾਲ ਛੇਡ਼ਛਾੜ ਕਰ ਕੇ ਪਹਿਲਾਂ ਹੀ ਦਲਿਤ ਵਰਗ ਨੂੰ ਬਹੁਤ ਦੁੱਖ ਪਹੁੰਚਾਇਆ ਹੈ। ਬਸਪਾ ਆਗੂਆਂ ਨੇ ਇੱਕਮੁੱਠ ਹੋ ਕੇ ਕਿਹਾ ਕਿ ਮੁੱਖ ਮੰਤਰੀ ਖੱਟੜ ਮੁਆਫੀ ਮੰਗਣ, ਨਹੀਂ ਤਾਂ ਜ਼ਿਲਾ ਪੱਧਰ ’ਤੇ ਉਨ੍ਹਾਂ ਦੇ ਪੁਤਲੇ ਸਾਡ਼ੇ ਜਾਣਗੇ। ਇਸ ਮੌਕੇ ਜਸਪਾਲ ਸਿੰਘ, ਰਾਮਦਿਆ ਕਨੌਡ਼, ਸੁਖਵਿੰਦਰ ਕਲੋਲੀ, ਤੀਰਥ ਸਿੰਘ ਸਰੋਏ ਤੇ ਜਗਤਾਰ ਸਿੰਘ ਨੰਡਿਆਲੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਹਾਜ਼ਰ ਸਨ।

Related News