‘ਆਪ’ ਤੇ ਅਕਾਲੀ ਆਗੂ ਮੁੰਗੇਰੀ ਲਾਲ ਦੇ ਹੁਸੀਨ ਸੁਪਨੇ ਲੈ ਕੇ ਆਪਣਾ ਮਨ ਪ੍ਰਸੰਨ ਕਰ ਰਹੇ ਨੇ : ਧਰਮਸੌਤ
Saturday, Jan 19, 2019 - 09:49 AM (IST)
ਪਟਿਆਲਾ (ਜੈਨ)-ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਕਿਹਾ ਹੈ ਕਿ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਵੱਲੋਂ ਕੀਤੇ ਸਾਰੇ ਵਾਅਦੇ 2022 ਚੋਣਾਂ ਤੋਂ ਪਹਿਲਾਂ-ਪਹਿਲਾਂ ਪੂਰੇ ਕੀਤੇ ਜਾਣਗੇ। ਕੈਪਟਨ ਸਰਕਾਰ ਨੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ। ਕਿਸਾਨਾਂ ਦੇ ਕਰਜ਼ੇ ਮੁਆਫ ਕੀਤੇ। ਤੀਜੇ ਪਡ਼ਾਅ ਦੀ ਮੁਆਫੀ ਜਲਦੀ ਹੋਵੇਗੀ। ਬਾਦਲ ਨੇ 5 ਵਾਰ ਮੁੱਖ ਮੰਤਰੀ ਬਣ ਕੇ ਕਦੇ ਵੀ ਸੂਬੇ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਕੀਤਾ। ਬਾਦਲ ਪੰਜਾਬ ਦੇ ਨਹੀਂ, ਪਰਿਵਾਰ ਦੇ ਮਸੀਹਾ ਸਨ। ਉਨ੍ਹਾਂ ਨੇ ਆਪਣੇ ਬੇਟੇ ਸੁਖਬੀਰ ਸਿੰਘ ਨੂੰ ਡਿਪਟੀ ਸੀ. ਐੈੱਮ. ਤੇ ਪਾਰਟੀ ਪ੍ਰਧਾਨ ਬਣਾਇਆ। ਨੂੰਹ ਹਰਸਿਮਰਤ ਨੂੰ ਕੇਂਦਰ ਵਿਚ ਕੈਬਨਿਟ ਮੰਤਰੀ ਬਣਾ ਕੇ ਪੰਜਾਬ ਦੇ ਹਿੱਤ ਮੋਦੀ ਪਾਸ ਗਿਰਵੀ ਰੱਖੇ। ®ਧਰਮਸੌਤ ਨੇ ਦਾਅਵਾ ਕੀਤਾ ਕਿ ਲੋਕ ਸਭਾ ਚੋਣਾਂ ਵਿਚ ਪੰਜਾਬ ਦੀਆਂ ਸਾਰੀਆਂ 13 ਸੀਟਾਂ ’ਤੇ ਕਾਂਗਰਸ ਸਰਕਾਰ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ। ‘ਆਪ’ ਤੇ ਅਕਾਲੀ ਆਗੂ ਸੱਤਾ ਪ੍ਰਾਪਤੀ ਦੇ ਮੁੰਗੇਰੀ ਲਾਲ ਵਾਂਗ ਹੁਸੀਨ ਸੁਪਨੇ ਲੈ ਕੇ ਸਿਰਫ ਆਪਣਾ ਮਨ ਪ੍ਰਸੰਨ ਕਰ ਰਹੇ ਹਨ। ਉਨ੍ਹਾਂ ਅਰਵਿੰਦ ਕੇਜਰੀਵਾਲ ਦੀ 20 ਜਨਵਰੀ ਦੀ ਰੈਲੀ ਬਾਰੇ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਰੈਲੀਆਂ ਕਰਨ ਦਾ ਲੋਕਤੰਤਰ ਵਿਚ ਹਰੇਕ ਨੂੰ ਅਧਿਕਾਰ ਹੈ। ਆਮ ਆਦਮੀ ਪਾਰਟੀ ਦੀ ਪੰਜਾਬ ਵਿਚ ਫੂਕ ਨਿਕਲ ਚੁੱਕੀ ਹੈ। ਹੁਣ ਲੋਕ ਇਨ੍ਹਾਂ ’ਤੇ ਭਰੋਸਾ ਨਹੀਂ ਕਰਦੇ। ਇਸ ਮੌਕੇ ਹਰਜਿੰਦਰ ਸਿੰਘ ਸੁਰਾਜਪੁਰ, ਗੌਤਮ ਬਾਤਿਸ਼ ਐਡਵੋਕੇਟ ਸਾਬਕਾ ਕੌਂਸਲ ਪ੍ਰਧਾਨ, ਅਮਰਦੀਪ ਸਿੰਘ ਖੰਨਾ ਸੀਨੀਅਰ ਕੌਂਸਲਰ, ਅਸ਼ੋਕ ਕੁਮਾਰ ਬਿੱਟੂ ਸੀਨੀਅਰ ਕੌਂਸਲਰ, ਨਰਿੰਦਰਜੀਤ ਸਿੰਘ ਭਾਟੀਆ ਤੇ ਗੁਰਬਖਸ਼ੀਸ਼ ਸਿੰਘ ਭੱਟੀ ਵੀ ਹਾਜ਼ਰ ਸਨ।
