ਬਿਜਲੀ ਦੀ ਮੰਗ ਘਟਣ ''ਤੇ ਰੋਪੜ, ਲਹਿਰਾ ਮੁਹੱਬਤ ਅਤੇ ਗੋਇੰਦਵਾਲ ਸਾਹਿਬ ਪਲਾਂਟ ਕੀਤੇ ਬੰਦ
Tuesday, Jul 16, 2019 - 09:57 AM (IST)

ਪਟਿਆਲਾ (ਪਰਮੀਤ)—ਪੰਜਾਬ ਵਿਚ ਪਿਛਲੇ 24 ਘੰਟਿਆਂ ਦੌਰਾਨ ਦੂਰ-ਦੁਰਾਡੇ ਤੱਕ ਪਈ ਭਾਰੀ ਬਰਸਾਤ ਸਦਕਾ ਬਿਜਲੀ ਦੀ ਮੰਗ ਵਿਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਨੂੰ ਦੇਖਦਿਆਂ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਨੇ ਰੋਪੜ ਅਤੇ ਲਹਿਰਾ ਮੁਹੱਬਤ ਪਲਾਂਟ ਬੰਦ ਕਰ ਦਿੱਤੇ ਹਨ। ਇਸ ਨਾਲ ਪ੍ਰਾਈਵੇਟ ਖੇਤਰ ਦਾ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਵੀ ਬੰਦ ਕਰ ਦਿੱਤਾ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਭਾਰੀ ਬਰਸਾਤ ਮਗਰੋਂ ਬਿਜਲੀ ਦੀ ਮੰਗ ਅੱਜ ਸ਼ਾਮ 7400 ਮੈਗਾਵਾਟ ਦੇ ਲਗਭਗ ਦਰਜ ਕੀਤੀ ਗਈ। ਇਸ ਦੀ ਪੂਰਤੀ ਲਈ ਹੋਰਨਾਂ ਸਰੋਤਾਂ ਤੋਂ ਇਲਾਵਾ ਪਾਵਰਕਾਮ ਵੱਲੋਂ ਰਾਜਪੁਰਾ ਪਲਾਂਟ ਦੇ ਦੋਵੇਂ ਯੂਨਿਟ ਅੱਧੀ ਸਮਰੱਥਾ 'ਤੇ ਅਤੇ ਤਲਵੰਡੀ ਸਾਬੋ ਦੇ 2 ਯੂਨਿਟ ਅੱਧੀ ਸਮਰੱਥਾ 'ਤੇ ਚਲਾਏ ਜਾ ਰਹੇ ਹਨ। ਬਰਸਾਤ ਦੇ ਦਿਨਾਂ ਤੋਂ ਪਹਿਲਾਂ ਪਾਵਰਕਾਮ ਨੇ ਰੋਪੜ ਸਥਿਤ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੇ ਚਾਰੇ ਯੂਨਿਟ ਅਤੇ ਲਹਿਰਾ ਮੁਹੱਬਤ ਸਥਿਤ ਗੁਰੂ ਹਰਿਗੋਬਿੰਦ ਥਰਮਲ ਪਲਾਂਟ ਦੇ ਚਾਰੇ ਯੂਨਿਟ ਪੂਰੀ ਸਮਰੱਥਾ 'ਤੇ ਚਲਾ ਰੱਖੇ ਸਨ। ਇਨ੍ਹਾਂ ਤੋਂ ਇਲਾਵਾ 270 ਮੈਗਾਵਾਟ ਹਰੇਕ ਦੀ ਸਮਰੱਥਾ ਵਾਲੇ 2 ਯੂਨਿਟ ਵਾਲੇ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਨੂੰ ਪੂਰੀ ਤਰ੍ਹਾਂ ਮਘਾ ਰੱਖਿਆ ਸੀ। ਬਰਸਾਤ ਦੇ ਮੌਸਮ ਮਗਰੋਂ ਹੁਣ ਇਨ੍ਹਾਂ ਤਿੰਨਾਂ ਪਲਾਂਟਾਂ ਤੋਂ ਬਿਜਲੀ ਉਤਪਾਦਨ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਬਰਸਾਤ ਕਾਰਨ ਜਿੱਥੇ ਪਾਵਰਕਾਮ ਨੂੰ ਰਾਹਤ ਮਿਲੀ ਹੈ, ਉਥੇ ਹੀ ਇਸ ਦੇ ਪੈਸੇ ਦੀ ਬੱਚਤ ਵੀ ਹੋ ਰਹੀ ਹੈ।