ਨਵਜੋਤ ਸਿੱਧੂ ਵਲੋਂ ਦਿੱਲੀ ਚੋਣ ਪ੍ਰਚਾਰ ਤੋਂ ਬਣਾਈ ਦੂਰੀ ਰਹੀ ਕਾਮਯਾਬ

Wednesday, Feb 12, 2020 - 09:57 AM (IST)

ਨਵਜੋਤ ਸਿੱਧੂ ਵਲੋਂ ਦਿੱਲੀ ਚੋਣ ਪ੍ਰਚਾਰ ਤੋਂ ਬਣਾਈ ਦੂਰੀ ਰਹੀ ਕਾਮਯਾਬ

ਪਟਿਆਲਾ (ਰਾਜੇਸ਼ ਪੰਜੌਲਾ) - ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੂੰ ਬੇਸ਼ੱਕ ਕਾਂਗਰਸ ਹਾਈਕਮਾਂਡ ਨੇ ਦਿੱਲੀ ਵਿਧਾਨ ਸਭਾ ਚੋਣਾਂ ’ਚ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ’ਚ ਰੱਖਿਆ ਸੀ ਪਰ ਸਿੱਧੂ ਨੇ ਚੋਣ ਪ੍ਰਚਾਰ ਤੋਂ ਦੂਰੀ ਬਣਾ ਕੇ ਰੱਖੀ। ਚੋਣ ਪ੍ਰਚਾਰ ਕਰਨ ਲਈ ਨਹੀਂ ਗਏ। ਸਿੱਧੂ ਦੀ ਇਹ ਰਣਨੀਤੀ ਪੂਰੀ ਤਰ੍ਹਾਂ ਕਾਮਯਾਬ ਰਹੀ। ਪਹਿਲਾਂ ਇਹ ਅੰਦੇਸ਼ਾ ਸੀ ਕਿ ਦਿੱਲੀ ’ਚ ਲੜਾਈ ‘ਆਪ’ ਅਤੇ ਭਾਜਪਾ ਵਿਚਕਾਰ ਹੈ। ਉਥੇ ਕਾਂਗਰਸ ਦਾ ਖਾਤਾ ਖੁੱਲ੍ਹਣਾ ਮੁਸ਼ਕਲ ਹੈ। ਸਿੱਧੂ ਦੇ ਰਣਨੀਤੀਕਾਰਾਂ ਨੇ ਉਸ ਨੂੰ ਦੱਸ ਦਿੱਤਾ ਕਿ ਜੇਕਰ ਉਨ੍ਹਾਂ ਦਿੱਲੀ ’ਚ ਚੋਣ ਪ੍ਰਚਾਰ ਕੀਤਾ ਅਤੇ ਕਾਂਗਰਸ ਪਾਰਟੀ ਦੀ ਕਰਾਰੀ ਹਾਰ ਹੋਈ ਤਾਂ ਕੈ. ਅਮਰਿੰਦਰ ਸਿੰਘ ਖੇਮਾ ਦਿੱਲੀ ਹਾਰ ਦਾ ਠੀਕਰਾ ਸਿੱਧੂ ਸਿਰ ਭੰਨੇਗਾ।

ਨਵਜੋਤ ਸਿੱਧੂ ਨੇ ਕਰਤਾਰਪੁਰ ਕਾਰੀਡੋਰ ਮੌਕੇ ਪਾਕਿ ਦੇ ਪ੍ਰਧਾਨ ਮੰਤਰੀ ਅਤੇ ਆਪਣੇ ਪੁਰਾਣੇ ਸਮੇਂ ਦੇ ਦੋਸਤ ਇਮਰਾਨ ਖਾਨ ਦੀ ਤਾਰੀਫ ਕੀਤੀ ਸੀ। ਇਸ ਦੀ ਭਾਜਪਾ ਅਤੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਸਖਤ ਆਲੋਚਨਾ ਕੀਤੀ ਸੀ। ਸਿੱਧੂ ਵੱਲੋਂ ਇਮਰਾਨ ਖਾਨ ਦੀ ਕੀਤੀ ਗਈ ਤਾਰੀਫ ਨੂੰ ਦੇਸ਼-ਵਿਰੋਧੀ ਵਜੋਂ ਪੇਸ਼ ਕੀਤਾ ਗਿਆ ਸੀ। ਜੇਕਰ ਸਿੱਧੂ ਚੋਣ ਪ੍ਰਚਾਰ ਕਰਦੇ ਤਾਂ ਹੁਣ ਚੋਣ ਨਤੀਜਿਆਂ ਤੋਂ ਬਾਅਦ ਇਹ ਬਿਆਨ ਆਉਣੇ ਸਨ ਕਿ ਸਿੱਧੂ ਕਾਰਣ ਦਿੱਲੀ ’ਚ ਪਾਰਟੀ ਦੀ ਹਾਰ ਹੋਈ ਹੈ। ਸਿੱਧੂ ਨੇ ਪਾਕਿ ਦੇ ਪ੍ਰਧਾਨ ਮੰਤਰੀ ਦੀ ਤਾਰੀਫ ਕੀਤੀ ਸੀ। ਕਾਂਗਰਸ ਹਾਈਕਮਾਂਡ ਦੇ ਹੁਕਮਾਂ ’ਤੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਦਿੱਲੀ ’ਚ ਕਈ ਦਿਨ ਕਾਂਗਰਸ ਪਾਰਟੀ ਦੇ ਹੱਕ ’ਚ ਪ੍ਰਚਾਰ ਕੀਤਾ। ਕਈ ਰੈਲੀਆਂ ਨੂੰ ਸੰਬੋਧਨ ਕੀਤਾ। ਪੰਜਾਬ ਦੇ ਕਈ ਕਾਂਗਰਸੀ ਮੰਤਰੀ ਅਤੇ ਵਿਧਾਇਕ ਦਿੱਲੀ ਵਿਚ ਤਾਇਨਾਤ ਰਹੇ ਪਰ ਉਸ ਦਾ ਦਿੱਲੀ ਨਿਵਾਸੀਆਂ ’ਤੇ ਕੋਈ ਅਸਰ ਨਹੀਂ ਹੋਇਆ।


ਪੰਜਾਬ ਦੀਆਂ ਨਜ਼ਰਾਂ ਹੁਣ ‘ਆਪ’ ਅਤੇ ਸਿੱਧੂ ’ਤੇ
ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਮਗਰੋਂ ਪੰਜਾਬ ਵਾਸੀਆਂ ਦੀਆਂ ਨਜ਼ਰਾਂ ਹੁਣ ‘ਆਪ’ ਅਤੇ ਕੈ. ਅਮਰਿੰਦਰ ਸਿੰਘ ਤੋਂ ਨਾਰਾਜ਼ ਚੱਲ ਰਹੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ’ਤੇ ਟਿਕੀਆਂ ਹੋਈਆਂ ਹਨ। ਸਿੱਧੂ ਪੂਰੀ ਤਰ੍ਹਾਂ ਪੰਜਾਬ ਦੀ ਰਾਜਨੀਤੀ ਦਾ ਧੁਰਾ ਬਣ ਗਏ ਹਨ। ਆਮ ਪੰਜਾਬੀਆਂ ਵਲੋਂ ਅੰਦਾਜ਼ੇ ਲਾਏ ਜਾ ਰਹੇ ਹਨ ਕਿ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਸਿੱਧੂ ਜਿਸ ਪਾਸੇ ਜਾਣਗੇ, ਉਸ ਦੀ ਸਰਕਾਰ ਬਣੇਗੀ। ਜੇਕਰ ਪੰਜਾਬ ਕਾਂਗਰਸ ਸਿੱਧੂ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾ ਕੇ ਚੋਣ ਲੜਦੀ ਹੈ ਤਾਂ ਪੰਜਾਬ ’ਚ ਸਰਕਾਰ ਰਿਪੀਟ ਹੋਣ ਦੀਆਂ ਸੰਭਾਵਨਾਵਾਂ ਹਨ। ਜੇਕਰ ਸਿੱਧੂ ਆਮ ਆਦਮੀ ਪਾਰਟੀ ਦਾ ਚਿਹਰਾ ਬਣਦੇ ਹਨ ਤਾਂ ਪੰਜਾਬ ਵਿਚ ‘ਆਪ’ ਨੂੰ ਵੱਡਾ ਲਾਭ ਮਿਲੇਗਾ। ਜੇਕਰ ਅਕਾਲੀ-ਭਾਜਪਾ ਗਠਜੋੜ ਟੁਟਦਾ ਹੈ ਅਤੇ ਭਾਜਪਾ ਸਿੱਧੂ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਕਰਦੀ ਹੈ ਤਾਂ ਪੰਜਾਬ ਦੇ ਨਤੀਜੇ ਬੜੇ ਰੌਚਕ ਹੋਣਗੇ।


author

rajwinder kaur

Content Editor

Related News