ਹਿੰਦੂ ਤਖਤ ਦੇ ਬਾਹਰ ਮੂੰਹ ਬੰਨ੍ਹੀ ਦਿਸੇ 2 ਸ਼ੱਕੀ ਵਿਅਕਤੀ
Tuesday, Nov 27, 2018 - 01:01 PM (IST)
ਪਟਿਆਲਾ (ਬਲਜਿੰਦਰ)—ਬੀਤੀ ਰਾਤ ਸ਼੍ਰੀ ਕਾਲੀ ਮਾਤਾ ਮੰਦਰ 'ਚ ਬਣੇ ਹਿੰਦੂ ਤਖਤ ਦੇ ਬਾਹਰ 2 ਸ਼ੱਕੀ ਮੋਟਰਸਾਈਕਲ ਸਵਾਰ ਕਾਫੀ ਦੇਰ ਤੱਕ ਘੁੰਮਦੇ ਰਹੇ। ਉਹ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਏ। ਸ਼ੱਕੀ ਵਿਅਕਤੀਆਂ ਦੇ ਘੁੰਮਣ ਦੀ ਖਬਰ ਜਿਉਂ ਹੀ ਪੰਚਾਨੰਦਗਿਰੀ ਜੀ ਮਹਾਰਾਜ ਨੂੰ ਮਿਲੀ ਤਾਂ ਉਨ੍ਹਾਂ ਨੇ ਪੁਲਸ ਨੂੰ ਸੂਚਿਤ ਕੀਤਾ। ਸਭ ਤੋਂ ਅਹਿਮ ਗੱਲ ਇਹ ਸੀ ਕਿ ਜਿਹੜੇ ਸਮੇਂ ਦੌਰਾਨ ਸ਼ੱਕੀ ਵਿਅਕਤੀਆਂ ਦੀ ਮੂਵਮੈਂਟ ਸ਼੍ਰੀ ਕਾਲੀ ਮਾਤਾ ਮੰਦਰ ਦੇ ਬਾਹਰ ਦੇਖੀ ਗਈ, ਉਹ ਸਮਾਂ ਲਗਭਗ 9 ਵਜੇ ਦਾ ਸੀ। ਉਸ ਸਮੇਂ ਦੌਰਾਨ ਹੀ ਹਿੰਦੂ ਤਖਤ ਵਿਖੇ ਜਗਦਗੁਰੂ ਪੰਚਾਨੰਦਗਿਰੀ ਜੀ ਮਹਾਰਾਜ ਨੇ ਆਉਣਾ ਸੀ। ਇਸ ਤੋਂ ਬਾਅਦ ਇਕ ਜਗਰਾਤੇ ਵਿਚ ਜਾਣਾ ਸੀ। ਪਿੱਛੇ ਦੇਰੀ ਹੋਣ ਕਾਰਨ ਉਹ ਹਿੰਦੂ ਤਖਤ ਵਿਖੇ ਨਾ ਆ ਕੇ ਸਿੱਧੇ ਜਗਰਾਤੇ ਵਿਚ ਪਹੁੰਚ ਗਏ।
ਸੂਚਨਾ ਮਿਲਣ ਤੋਂ ਬਾਅਦ ਡੀ. ਐੈੱਸ. ਪੀ. ਸਿਟੀ-1 ਯੋਗੇਸ਼ ਕੁਮਾਰ ਸ਼ਰਮਾ, ਐੈੱਸ. ਐੈੱਚ. ਓ. ਕੋਤਵਾਲੀ ਇੰਸਪੈਕਟਰ ਰਾਹੁਲ ਕੌਸ਼ਲ ਅਤੇ ਪੁਲਸ ਪਾਰਟੀ ਹਿੰਦੂ ਤਖਤ ਵਿਖੇ ਪਹੁੰਚ ਗਈ। ਪੁਲਸ ਨੇ ਸੀ. ਸੀ. ਟੀ. ਵੀ. ਕੈਮਰੇ ਦੀ ਵੀਡੀਓ ਫੁਟੇਜ ਆਪਣੇ ਕਬਜ਼ੇ ਵਿਚ ਲੈ ਲਈ। ਇਸ ਤੋਂ ਬਾਅਦ ਸੀ. ਆਈ. ਏ. ਸਟਾਫ ਦੀ ਪਟਿਆਲਾ ਦੀ ਟੀਮ ਵੀ ਮੌਕੇ 'ਤੇ ਪਹੁੰਚੀ। ਪੁਲਸ ਨੇ ਸੀ. ਸੀ. ਟੀ. ਵੀ. ਫੁਟੇਜ ਤੋਂ ਫੋਟੋਆਂ ਵੀ ਡਿਵੈਲਪ ਕਰਵਾ ਲਈਆਂ ਹਨ। ਮੁਢਲੀ ਜਾਂਚ ਆਇਆ ਕਿ 2 ਸ਼ੱਕੀ ਵਿਅਕਤੀਆਂ ਨੇ ਮੂੰਹ ਅਤੇ ਸਿਰ ਢਕੇ ਹੋਏ ਸਨ। ਮੋਟਰਸਾਈਕਲ 'ਤੇ ਸਵਾਰ ਸਨ। ਉਹ 2-3 ਵਾਰ ਹਿੰਦੂ ਤਖਤ ਦੇ ਸਾਹਮਣੇ ਆਏ। ਰੁਕੇ ਅਤੇ ਕੁਝ ਦੇਰ ਤੱਕ ਉਡੀਕ ਵੀ ਕੀਤੀ। ਜਦੋਂ ਕੋਈ ਨਾ ਮਿਲਿਆ ਤਾਂ ਫਿਰ ਤੋਂ ਗੇੜਾ ਮਾਰਨ ਚਲੇ ਗਏ। ਫਿਰ ਵਾਪਸ ਆ ਗਏ। ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਕਈ ਐਂਗਲਾਂ ਤੋਂ ਸ਼ੁਰੂ ਕਰ ਦਿੱਤੀ ਗਈ ਹੈ। ਸੀ. ਆਈ. ਏ. ਸਟਾਫ, ਥਾਣਾ ਕੋਤਵਾਲੀ ਦੀ ਪੁਲਸ ਤੋਂ ਇਲਾਵਾ ਖੁਫੀਆ ਏਜੰਸੀਆਂ ਦੀਆਂ ਟੀਮਾਂ ਵੀ ਇਸ ਮਾਮਲੇ ਦੀ ਜਾਂਚ ਵਿਚ ਜੁਟੀਆਂ ਹਨ। ਜਗਦਗੁਰੂ ਪੰਚਾਨੰਦ ਗਿਰੀ ਮਹਾਰਾਜ ਨੇ ਇਸ ਮਾਮਲੇ ਵਿਚ ਪੁਲਸ ਨੂੰ ਇਕ ਲਿਖਤੀ ਸ਼ਿਕਾਇਤ ਵੀ ਦਿੱਤੀ ਹੈ। ਦੂਜੇ ਪਾਸੇ ਪੁਲਸ ਨੇ ਇਸ ਬਾਰੇ ਕੁਝ ਬੋਲਣ ਤੋਂ ਇਨਕਾਰ ਕੀਤਾ ਹੈ।
ਪੰਚਾਨੰਦਗਿਰੀ ਜੀ ਮਹਾਰਾਜ ਨੇ ਬਣਾਇਆ ਹਿੰਦੂ ਤਖਤ
ਪਟਿਆਲਾ ਦੇ ਸ਼੍ਰੀ ਕਾਲੀ ਮਾਤਾ ਮੰਦਰ ਕੈਂਪਸ ਵਿਚ ਜਿਥੇ ਹਿੰਦੂ ਸੁਰਕਸ਼ਾ ਸਮਿਤੀ ਦਾ ਦਫਤਰ ਹੈ, ਉਥੇ ਹੀ ਪੰਚਾਨੰਦਗਿਰੀ ਜੀ ਮਹਾਰਾਜ ਵੱਲੋਂ ਇਥੇ ਹਿੰਦੂ ਤਖਤ ਦੀ ਸਥਾਪਨਾ ਕੀਤੀ ਗਈ ਹੈ।
ਇਥੇ ਅਕਸਰ ਉਹ ਆਉਂਦੇ-ਜਾਂਦੇ ਰਹਿੰਦੇ ਹਨ। ਹਿੰਦੂ ਤਖਤ ਬਾਹਰ ਸ਼ੱਕੀ ਵਿਅਕਤੀਆਂ ਦੀ ਰਾਤ ਨੂੰ ਮੂਵਮੈਂਟ ਉਹ ਵੀ ਉਸ ਸਮੇਂ ਜਦੋਂ ਪੰਚਾਨੰਦਗਿਰੀ ਜੀ ਮਹਾਰਾਜ ਨੇ ਉਥੇ ਆਉਣਾ ਸੀ, ਕਈ ਸ਼ੱਕ ਪੈਦਾ ਕਰਦੀ ਹੈ।
ਜਾਂਚ ਕਰ ਕੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ : ਪੰਚਾਨੰਦਗਿਰੀ ਜੀ ਮਹਾਰਾਜ
ਹਿੰਦੂ ਧਰਮ ਦੇ ਧਰਮਾਧੀਸ਼ ਪੰਚਾਨੰਦਗਿਰੀ ਮਹਾਰਾਜ ਵੱਲੋਂ ਹਿੰਦੂ ਤਖਤ ਦੇ ਬਾਹਰ ਇਸ ਤਰ੍ਹਾਂ ਸ਼ੱਕੀ ਵਿਅਕਤੀਆਂ ਦੇ ਘੁੰਮਣ ਦੀ ਘਟਨਾ 'ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰ ਕੇ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇ। ਇਸ ਤਰ੍ਹਾਂ ਸ਼ੱਕੀ ਵਿਅਕਤੀਆਂ ਵੱਲੋਂ ਹਮਲਾ ਕਰਨ ਦੀ ਤਿਆਰੀ ਬੇਹੱਦ ਮੰਦਭਾਗੀ ਹੈ। ਅਜਿਹੇ ਸ਼ੱਕੀ ਵਿਅਕਤੀਆਂ ਦੀ ਸਭ ਤੋਂ ਪਹਿਲਾਂ ਪਛਾਣ ਕਰ ਕੇ ਉਨ੍ਹਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਣੀ ਜ਼ਰੂਰੀ ਹੈ। ਇਸ ਮਾਮਲੇ ਸਬੰਧੀ ਉਨ੍ਹਾਂ ਵੱਲੋਂ ਖੁਦ ਪੁਲਸ ਨੂੰ ਸ਼ਿਕਾਇਤ ਵੀ ਦਿੱਤੀ ਗਈ ਹੈ।
