ਕੇਂਦਰੀ ਜੇਲ੍ਹ ਪਟਿਆਲਾ ’ਚੋਂ 13 ਮੋਬਾਇਲ ਅਤੇ ਹੋਰ ਸਾਮਾਨ ਬਰਾਮਦ

Tuesday, Apr 18, 2023 - 05:54 PM (IST)

ਕੇਂਦਰੀ ਜੇਲ੍ਹ ਪਟਿਆਲਾ ’ਚੋਂ 13 ਮੋਬਾਇਲ ਅਤੇ ਹੋਰ ਸਾਮਾਨ ਬਰਾਮਦ

ਪਟਿਆਲਾ (ਜ. ਬ.) : ਕੇਂਦਰੀ ਜੇਲ੍ਹ ਪਟਿਆਲਾ ’ਚੋਂ ਮੋਬਾਇਲ ਬਰਾਮਦ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਜੇਲ੍ਹ ਪ੍ਰਸ਼ਾਸਨ ਵੱਲੋਂ ਸਖ਼ਤੀ ਨਾਲ ਇਸ ਮਾਮਲੇ ’ਤੇ ਕੰਮ ਕੀਤਾ ਜਾ ਰਿਹਾ ਹੈ। ਲਗਾਤਾਰ ਚਲਾਈ ਜਾ ਰਹੀ ਮੁਹਿੰਮ ਕਾਰਨ ਪਿਛਲੇ ਦਿਨਾਂ ਦੌਰਾਨ ਵੱਡੀ ਗਿਣਤੀ ’ਚ ਫੋਨ ਜੇਲ੍ਹ ’ਚੋਂ ਬਰਾਮਦ ਹੋ ਚੁੱਕੇ ਹਨ। ਤਾਜ਼ਾ ਚੈਕਿੰਗ ਦੌਰਾਨ ਜੇਲ੍ਹ ’ਚੋਂ 13 ਮੋਬਾਇਨ ਹੋਰ ਬਰਾਮਦ ਹੋਏ ਹਨ। ਇਸ ਮਾਮਲੇ ’ਚ ਥਾਣਾ ਤ੍ਰਿਪੜੀ ਦੀ ਪੁਲਸ ਨੇ ਜੇਲ੍ਹ ਅਧਿਕਾਰੀਆਂ ਦੀ ਸ਼ਿਕਾਇਤ ’ਤੇ 2 ਕੇਸ ਦਰਜ ਕੀਤੇ ਹਨ, ਜਿਨ੍ਹਾਂ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਸਿਟੀ-2 ਜਸਵਿੰਦਰ ਸਿੰਘ ਟਿਵਾਣਾ ਨੇ ਦੱਸਿਆ ਕਿ ਪਹਿਲੇ ਕੇਸ ’ਚ ਜੇਲ੍ਹ ਦੇ ਸਹਾਇਕ ਸੁਪਰਡੈਂਟ ਕਰਨੈਲ ਸਿੰਘ ਦੀ ਸ਼ਿਕਾਇਤ ’ਤੇ ਹਵਾਲਾਤੀ ਹਰਜੀਤ ਸਿੰਘ ਪੁੱਤਰ ਮਨੋਹਰ ਸਿੰਘ ਵਾਸੀ ਬੈਕ ਸਾਈਡ ਧੋਬੀ ਘਾਟ ਪਟਿਆਲਾ ਅਤੇ ਅਣਪਛਾਤੇ ਵਿਅਕਤੀਆਂ ਵਿਰੁੱਧ 52-ਏ. ਪ੍ਰੀਜ਼ਨ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਡੀ. ਐੱਸ. ਪੀ. ਟਿਵਾਣਾ ਨੇ ਦੱਸਿਆ ਕਿ ਜੇਲ੍ਹ ਅਧਿਕਾਰੀਆਂ ਵੱਲੋਂ ਭੇਜੀ ਸ਼ਿਕਾਇਤ ਮੁਤਾਬਕ ਅਹਾਤਾ ਨੰਬਰ 7-8 ਦੇ ਬਾਥਰੂਮ ਵਿਚੋਂ 2 ਵੱਖ-ਵੱਖ ਕੰਪਨੀਆਂ ਦੇ ਮੋਬਾਇਨ ਬਰਾਮਦ ਹੋਏ। ਜਦੋਂਕਿ ਹਰਜੀਤ ਸਿੰਘ ਬਾਥਰੂਮ ਵਿਚ ਬੈਠਾ ਫੋਨ ਦੀ ਵਰਤੋਂ ਕਰ ਰਿਹਾ ਸੀ, ਜਿਸ ਤੋਂ ਜੇਲ੍ਹ ਦੇ ਸੁਰੱਖਿਆ ਮੁਲਾਜ਼ਮਾਂ ਨੇ ਇਕ ਮੋਬਾਇਲ ਬਰਾਮਦ ਕੀਤਾ।

ਡੀ. ਐੱਸ. ਪੀ. ਜਸਵਿੰਦਰ ਸਿੰਘ ਟਿਵਾਣਾ ਨੇ ਦੱਸਿਆ ਕਿ ਦੂਜੇ ਕੇਸ ’ਚ ਜੇਲ੍ਹ ਦੇ ਸਹਾਇਕ ਸੁਪਰਡੈਂਟ ਹਰਬੰਸ ਲਾਲ ਦੀ ਸ਼ਿਕਾਇਤ ’ਤੇ ਹਵਾਲਾਤੀ ਗੁਲਸ਼ਨ ਕੁਮਾਰ ਪੁੱਤਰ ਵੇਦ ਪ੍ਰਕਾਸ਼ ਵਾਸੀ ਮੁਹੱਲਾ ਮਹਿੰਗੀਆ ਹਰਿਆਣਾ, ਹਵਾਲਾਤੀ ਹਰਦੀਪ ਸਿੰਘ ਪੁੱਤਰ ਕੰਗਣ ਸਿੰਘ ਵਾਸੀ ਪਿੰਡ ਹਿਰਾਦਪੁਰ ਥਾਣਾ ਬਖਸ਼ੀਵਾਲਾ, ਹਵਾਲਾਤੀ ਹੁਸਨਪ੍ਰੀਤ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਗੁਰੂ ਤੇਗ ਬਹਾਦਰ ਕਾਲੋਨੀ ਸਮਾਣਾ, ਕੈਦੀ ਰਾਮਪਾਲ ਪੁੱਤਰ ਅਰਜਨ ਸਿੰਘ ਵਾਸੀ ਨਲਹੋਟੀ ਜ਼ਿਲ੍ਹਾ ਰੋਪੜ, ਹਵਾਲਾਤੀ ਗੁਰਚਰਨ ਸਿੰਘ ਪੁੱਤਰ ਫੁੰਮਣ ਸਿੰਘ ਵਾਸੀ ਨੂਰਕੇ ਜ਼ਿਲ੍ਹਾ ਫਿਰੋਜ਼ਪੁਰ ਅਤੇ ਅਣਪਛਾਤੇ ਵਿਅਕਤੀ ਖ਼ਿਲਾਫ 52-ਏ. ਪ੍ਰੀਜ਼ਨ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਡੀ. ਐੱਸ. ਪੀ. ਟਿਵਾਣਾ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਭੇਜੀ ਸ਼ਿਕਾਇਤ ਮੁਤਾਬਕ ਹਰਦੀਪ ਸਿੰਘ, ਹੁਸਨਪ੍ਰੀਤ, ਰਾਮਪਾਲ ਦੇ ਨਾਲ-ਨਾਲ ਬੈਰਕ ਨੰ 9/2 ਦੇ ਪਿਛਲੇ ਪਾਸੇ ਬਣੇ ਬਾਥਰੂਮ ਦੇ ਪਿਛਲੇ ਪਾਸੇ ਜ਼ਮੀਨ ’ਚੋਂ ਇਕ ਮੋਬਾਇਲ ਬਰਾਮਦ ਹੋਇਆ, ਜਦੋਂਕਿ ਮਿੱਟੀ ’ਚ ਦੱਬੇ ਹੋਏ ਹੋਰ ਮੋਬਾਇਲ ਬਰਾਮਦ ਹੋਏ।


author

Gurminder Singh

Content Editor

Related News