ਪੰਜਾਬ ’ਚ ਕੋਰੋਨਾ ਕੈਰੀਅਰਸ ਖਿਲਾਫ ਪਹਿਲੀ ਵੱਡੀ ਕਾਰਵਾਈ, 4 ਲੋਕਾਂ ’ਤੇ ਕੇਸ ਦਰਜ
Friday, Apr 24, 2020 - 04:52 PM (IST)
ਪਟਿਆਲਾ (ਬਿਊਰੋ): ਪਟਿਆਲਾ ਅਤੇ ਰਾਜਪੁਰਾ ਦੇ ਚਾਰ ਪ੍ਰਮੁੱਖ ਕੋਰੋਨਾ ਕੈਰੀਅਰ (ਵਾਹਕ) ਖਿਲਾਫ ਪੁਲਸ ਨੇ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਕੋਰੋਨਾ ਦੇ ਖਿਲਾਫ ਪੰਜਾਬ ’ਚ ਇਹ ਪਹਿਲੀ ਕਾਰਵਾਈ ਹੈ। ਦੋਸ਼ ਹੈ ਕਿ ਕਰਫਿਊ ਲੱਗੇ ਹੋਣ ਦੇ ਬਾਵਜੂਦ ਚਾਰੇ ਦੋਸ਼ੀ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਆਪਣੇ-ਆਪਣੇ ਸ਼ਹਿਰਾਂ ਦੇ ਵੱਖ-ਵੱਖ ਇਲਾਕਿਆਂ ਤੋਂ ਇਲਾਵਾ ਦੂਜੇ ਸ਼ਹਿਰਾਂ 'ਚ ਵੀ ਆਉਂਦੇ-ਜਾਂਦੇ ਰਹੇ। ਇਹ ਲੋਕ ਕਰਫਿਊ ਦਾ ਸ਼ਿਕਾਰ ਬਣੇ ਅਤੇ ਬਾਅਦ ’ਚ ਲਾਪਰਵਾਹੀ ਨਾਲ ਵੱਡੀ ਗਿਣਤੀ ’ਚ ਹੋਰ ਲੋਕ ਵੀ ਇਸ ਖਤਰਨਾਕ ਵਾਇਰਸ ਦੀ ਲਪੇਟ 'ਚ ਆ ਗਏ।
ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪਟਿਆਲਾ ਦੇ ਸਫਾਬਾਦੀ ਗੇਟ ਏਰੀਆ ਦੇ ਰਹਿਣ ਵਾਲੇ ਜੁੱਤੀਆਂ ਦੀ ਦੁਕਾਨ ਦਾ ਮਾਲਕ ਕ੍ਰਿਸ਼ਨ ਕੁਮਾਰ ਗਾਬਾ ਅਤੇ ਕੱਚਾ ਪਟਿਆਲਾ ਏਰੀਆ ਨਿਵਾਸੀ ਪੁਸਤਕ ਵਿਕਰੇਤਾ ਕ੍ਰਿਸ਼ਨ ਕੁਮਾਰ ਬੰਸਲ ਕੁਝ ਹੋਰ ਅਣਜਾਣ ਲੋਕਾਂ ਦੇ ਨਾਲ ਪ੍ਰਸ਼ਾਸਨ ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਕਰਫਿਊ ਦੌਰਾਨ ਵੀ ਆਪਣਾ ਵਪਾਰ ਚਲਾਉਂਦੇ ਰਹੇ। ਦੋਵੇਂ ਆਪਣੇ ਵਪਾਰ ਦੇ ਸਿਲਸਿਲੇ 'ਚ ਪਟਿਆਲਾ ਦੇ ਵੱਖ-ਵੱਖ ਇਲਾਕਿਆਂ 'ਚ ਗਏ। ਨੇੜਲੇ ਪਿੰਡ ਕੌਲੀ ਅਤੇ ਮੋਹਾਲੀ ਤੱਕ ਇਨ੍ਹਾਂ ਨੇ ਯਾਤਰਾ ਕੀਤੀ। ਬਾਅਦ 'ਚ ਇਹ ਦੋਵੇਂ ਦੁਕਾਨਦਾਰ ਕੋਰੋਨਾ ਪਾਜ਼ੇਟਿਵ ਹੋ ਗਏ ਅਤੇ ਇਨ੍ਹਾਂ ਦੀ ਲਾਪਰਵਾਹੀ ਦੇ ਕਾਰਨ ਵੱਡੀ ਗਿਣਤੀ 'ਚ ਹੋਰ ਲੋਕ ਵੀ ਇਸ ਵਾਇਰਸ ਦੀ ਲਪੇਟ 'ਚ ਆ ਗਏ। ਦੋਸ਼ੀਆਂ ਦੇ ਖਿਲਾਫ ਧਾਰਾ 188,269,271 ਆਈ.ਪੀ.ਸੀ. 51 ਆਫ ਡਿਜਾਟਰ ਮੈਨੇਜਰ ਐਕਟ ਤਹਿਤ ਥਾਣਾ ਕੋਤਵਾਲੀ 'ਚ ਕੇਸ ਦਰਜ ਕੀਤਾ ਗਿਆ ਹੈ।