ਕਰਫਿਊ ਦੌਰਾਨ ਨਾਨਕੇ ਘਰ ਅਟਕੀ 4 ਸਾਲਾ ਬੱਚੀ ਜ਼ਿਲਾ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਸਦਕਾ ਪੁੱਜੀ ਘਰ

Saturday, May 02, 2020 - 05:39 PM (IST)

ਕਰਫਿਊ ਦੌਰਾਨ ਨਾਨਕੇ ਘਰ ਅਟਕੀ 4 ਸਾਲਾ ਬੱਚੀ ਜ਼ਿਲਾ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਸਦਕਾ ਪੁੱਜੀ ਘਰ

ਪਟਿਆਲਾ (ਪਰਮੀਤ): ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਾਗੂ ਦੇਸ਼ ਵਿਆਪੀ ਲਾਕ ਡਾਊਨ ਅਤੇ ਪੰਜਾਬ 'ਚ ਲਗਾਏ ਕਰਫਿਊ ਕਰਕੇ ਪਟਿਆਲਾ ਦੀ ਇਕ ਚਾਰ ਸਾਲਾ ਬੱਚੀ ਆਪਣੇ ਨਾਨਕੇ ਘਰ ਹਿਮਾਚਲ ਪ੍ਰਦੇਸ਼ ਦੇ ਕਾਂਗੜੇ ਵਿਖੇ ਹੀ ਅਟਕ ਕੇ ਰਹਿ ਗਈ ਸੀ। ਛੋਟੀ ਬੱਚੀ ਹੋਣ ਕਰਕੇ ਆਪਣੇ ਮਾਪਿਆਂ ਤੋਂ ਬਿਨ੍ਹਾਂ ਓਦਰਨ ਕਰਕੇ ਬੱਚੀ ਦੇ ਨਾਨਕੇ ਅਤੇ ਦਾਦਕੇ, ਦੋਵੇਂ ਘਰ ਪ੍ਰੇਸ਼ਾਨ ਹੋ ਰਹੇ ਸਨ ਪਰ ਜ਼ਿਲ੍ਹਾ ਪਟਿਆਲਾ ਪ੍ਰਸ਼ਾਸਨ ਨੇ ਇਨ੍ਹਾਂ ਦੋਵਾਂ ਪਰਿਵਾਰਾਂ ਦੀ ਪਰੇਸ਼ਾਨੀ ਦਾ ਹੱਲ ਕੱਢ ਕੇ ਬੱਚੀ ਨੂੰ ਉਸਦੇ ਮਾਪਿਆਂ ਦੇ ਕੋਲ ਪੁੱਜਦਾ ਕਰ ਦਿੱਤਾ ਹੈ, ਜਿਸ ਲਈ ਬੱਚੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਜ਼ਿਲਾ ਪਟਿਆਲਾ ਪ੍ਰਸ਼ਾਸਨ ਦੀ ਸ਼ਲਾਘਾ ਕੀਤੀ ਜਾ ਰਹੀ ਹੈ।ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਪਟਿਆਲਾ ਦੇ ਅਜੀਤ ਨਗਰ ਦੇ ਵਸਨੀਕ ਸ੍ਰੀ ਸੁਖਵਿੰਦਰ ਸਿੰਘ ਦੀ 4 ਸਾਲਾ ਬੱਚੀ ਹਮਰੀਤ ਆਪਦੇ ਨਾਨਕੇ ਘਰ ਕਾਂਗੜੇ ਗਈ ਹੋਈ ਸੀ ਪਰੰਤੂ ਇਸੇ ਦੌਰਾਨ ਕਰਫਿਊ ਲੱਗ ਗਿਆ ਅਤੇ ਮਗਰੋਂ ਲਾਕਡਾਊਨ ਲਾਗੂ ਹੋ ਗਿਆ। ਬੱਚੀ ਦੋ ਮਹੀਨਿਆਂ ਤੋਂ ਆਪਣੇ ਮਾਪਿਆਂ ਤੋਂ ਦੂਰ ਹੋਣ ਕਰਕੇ ਨਾਨਕੇ ਘਰ ਜੀ ਨਹੀਂ ਸੀ ਲਗਾ ਰਹੀ, ਜਿਸ ਕਰਕੇ ਉਸਨੂੰ ਵਾਪਸ ਲਿਆਉਣਾ ਬੱਚੀ ਦੇ ਮਾਪਿਆਂ ਲਈ ਜ਼ਰੂਰੀ ਹੋ ਗਿਆ ਸੀ।

ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਬੱਚੇ ਦੇ ਪਿਤਾ ਸੁਖਵਿੰਦਰ ਸਿੰਘ ਨੇ ਜ਼ਿਲਾ ਪ੍ਰਸ਼ਾਸਨ ਕੋਲ ਪਹੁੰਚ ਕੀਤੀ ਤਾਂ ਸਹਾਇਕ ਕਮਿਸ਼ਨਰ (ਜ) ਡਾ.ਇਸਮਤ ਵਿਜੇ ਸਿੰਘ ਨੇ ਜ਼ਿਲਾ ਬਾਲ ਸੁਰੱਖਿਆ ਦਫ਼ਤਰ ਦੇ ਡੀ.ਸੀ.ਪੀ.ਓ. ਰੂਪਵੰਤ ਕੌਰ ਰਾਹੀਂ ਕਾਂਗੜਾ ਹਿਮਾਚਲ ਪ੍ਰਦੇਸ਼ ਦੇ ਜ਼ਿਲਾ ਬਾਲ ਸੁਰੱਖਿਆ ਦਫਤਰ ਨਾਲ ਸੰਪਰਕ ਕਰਕੇ ਬੱਚੀ ਦੇ ਨਾਨਕਿਆਂ ਨੂੰ ਪਾਸ ਮੁਹੱਈਆ ਕਰਵਾਏ ਗਏ। ਇਸ ਬਾਅਦ ਜ਼ਿਲਾ ਪਟਿਆਲਾ ਪ੍ਰਸ਼ਾਸਨ ਵਲੋਂ ਬੱਚੀ ਦੇ ਮਾਪਿਆਂ ਦੇ ਪਾਸ ਜਾਰੀ ਕਰਕੇ ਉਨ੍ਹਾਂ ਨਾਲ ਪਟਿਆਲਾ ਪੁਲਸ ਦੇ ਏ.ਐਸ.ਆਈ. ਗੁਰਚਰਨ ਸਿੰਘ ਦੀ ਡਿਊਟੀ ਲਗਾਈ ਗਈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੱਚੀ ਨੂੰ ਪਠਾਨਕੋਟ ਦੇ ਕੰਡਵਾਲ ਬਾਰਡਰ 'ਤੇ ਲੈਣ ਲਈ ਗਈ ਟੀਮ ਨੇ ਬੱਚੀ ਹਮਰੀਤ ਦੀ ਕੋਵਿਡ-19 ਸਬੰਧੀਂ ਸਕਰੀਨਿੰਗ ਕਰਵਾਈ ਅਤੇ ਪਟਿਆਲਾ ਪੁੱਜ ਕੇ ਉਸਦੀ ਮਾਤਾ ਕੌਸ਼ੱਲਿਆ ਹਸਪਤਾਲ ਵਿਖੇ ਮੈਡੀਕਲ ਜਾਂਚ ਵੀ ਕਰਵਾਈ ਗਈ।ਇਸ ਤੋਂ ਬਾਅਦ ਬੱਚੀ ਸਮੇਤ ਉਸਦੇ ਮਾਪਿਆਂ ਤੇ ਪੂਰੇ ਪਰਿਵਾਰ ਨੂੰ ਅਗਲੇ ਤਿੰਨ ਹਫ਼ਤਿਆਂ ਲਈ ਏਕਾਂਤਵਾਸ ਰਹਿਣ ਦੇ ਨਿਰਦੇਸ਼ ਦਿੱਤੇ ਗਏ।ਬੱਚੀ ਦੇ ਪਿਤਾ ਸੁਖਵਿੰਦਰ ਸਿੰਘ ਨੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਸਮੇਤ ਜ਼ਿਲ੍ਹਾ ਪ੍ਰਸ਼ਾਸਨ, ਏ.ਸੀ. (ਜ) ਡਾ. ਇਸਮਤ ਵਿਜੇ ਸਿੰਘ ਤੇ ਡੀ.ਸੀ.ਪੀ.ਓ. ਰੂਪਵੰਤ ਕੌਰ ਦਾ ਧੰਨਵਾਦ ਕੀਤਾ ਹੈ।


author

Shyna

Content Editor

Related News