ਪਟਿਆਲਾ ''ਚ ਕੋਰੋਨਾ ਦੇ 3 ਹੋਰ ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ, 296 ਸੈਂਪਲਾਂ ਦੀ ਰਿਪੋਰਟ ਨੈਗੇਟਿਵ

05/29/2020 8:37:47 PM

ਪਟਿਆਲਾ : ਕੋਰੋਨਾ ਵਾਇਰਸ ਦੇ ਕਹਿਰ ਕਾਰਨ ਹਰ ਪਾਸੇ ਦਹਿਸ਼ਤ ਦਾ ਮਾਹੌਲ ਹੈ। ਉਥੇ ਹੀ ਸ਼ਹਿਰ 'ਚ ਕੋਵਿਡ-19 ਦੇ 3 ਨਵੇਂ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਣ 'ਤੇ ਇਲਾਕੇ 'ਚ ਵਾਇਰਸ ਦੀ ਦਹਿਸ਼ਤ ਹੋਰ ਵੱਧ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਬੀਤੇ ਦਿਨੀ ਕੋਵਿਡ-19 ਜਾਂਚ ਸਬੰਧੀ ਲੈਬ ਵਿਚ ਭੇਜੇ ਗਏ ਸੈਂਪਲਾਂ 'ਚੋਂ 296 ਸੈਂਪਲਾਂ ਦੀ ਰਿਪਰੋਟ ਨੈਗੇਟਿਵ ਆਈ ਹੈ ਅਤੇ ਤਿੰਨ ਦੀ ਪਾਜ਼ੇਟਿਵ ਆਈ ਹੈ। ਉਨ੍ਹਾਂ ਦੱਸਿਆਂ ਕਿ ਪਟਿਆਲਾ ਸਨੋਰ ਰੋਡ ਤੇਂ ਰਹਿਣ ਵਾਲਾ 57 ਸਾਲਾ ਇਕ ਵਿਅਕਤੀ ਜੋ ਕਿ ਬਾਹਰਲੇ ਰਾਜ ਤੋਂ ਆਉਣ ਕਾਰਨ ਮੋਹਾਲੀ ਏਅਰਪੋਰਟ 'ਤੇਂ ਉਸ ਵਿਅਕਤੀ ਦਾ ਕੋਰੋਨਾ ਜਾਂਚ ਸਬੰਧੀ ਸੈਂਪਲ ਲਿਆ ਗਿਆ ਸੀ, ਜੋ ਕਿ ਪਾਜ਼ੇਟਿਵ ਪਾਇਆ ਗਿਆ।
ਬੀਤੀ ਦੇਰ ਰਾਤ ਸਿਵਲ ਸਰਜਨ ਮੋਹਾਲੀ ਤੋਂ ਸਿਵਲ ਸਰਜਨ ਪਟਿਆਲਾ ਨੂੰ ਇਸ ਦੀ ਸੂਚਨਾ ਦਿੱਤੀ ਗਈ ਸੀ। ਸੂਚਨਾ ਪ੍ਰਾਪਤ ਹੋਣ 'ਤੇ ਤੁਰੰਤ ਰੈਪਿਡ ਰੈਸਪੋਂਸ ਟੀਮਾਂ ਨੂੰ ਹਰਕਤ 'ਚ ਲਿਆਂਦੇ ਹੋਏ ਪਾਜ਼ੇਟਿਵ ਕੇਸ ਨੂੰ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਸ਼ਿਫਟ ਕਰਵਾ ਦਿੱਤਾ ਗਿਆ ਹੈ। ਪਾਜ਼ੇਟਿਵ ਵਿਅਕਤੀ ਦੇ ਘਰਾਂ ਅਤੇ ਆਲੇ ਦੁਆਲੇ ਦੇ ਘਰਾਂ ਵਿਚ ਸੋਡੀਅਮ ਹਾਈਪੋਕਲੋਰਾਈਡ ਦਾ ਸਪਰੇਅ ਕਰਵਾ ਦਿੱਤਾ ਗਿਆ ਹੈ।ਇਸ ਤੋਂ ਇਲਾਵਾ ਬਲਾਕ ਹਰਪਾਲਪੁਰ ਦੇ ਪਿੰਡ ਲੰਜਾ ਦਾ ਰਹਿਣ ਵਾਲਾ 42 ਸਾਲਾ ਵਿਅਕਤੀ ਜੋ ਕਿ ਬਾਹਰੀ ਰਾਜ ਤੋਂ ਆਇਆ ਸੀ ਅਤੇ ਪਿੰਡ ਹਰੀ ਮਾਜਰਾ ਦਾ 18 ਸਾਲਾ ਨੌਜਵਾਨ ਦੋਵੇਂ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਜਿਨ੍ਹਾਂ ਨੂੰ ਰਾਜਿੰਦਰਾ ਹਸਪਤਾਲ ਦੇ ਆਈਸੋਲੈਸ਼ਨ ਵਾਰਡ ਵਿਚ ਸ਼ਿਫਟ ਕਰਾਇਆ ਗਿਆ।ਉਨ੍ਹਾਂ ਦੱਸਿਆਂ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਪਾਜ਼ੇਟਿਵ ਆਏ ਵਿਅਕਤੀਆਂ ਦੇ ਨੇੜਲੇ ਸੰਪਰਕ ਵਿਚ ਆਏ ਵਿਅਕਤੀਆਂ ਦੀ ਕੋਵਿਡ-19 ਜਾਂਚ ਸਬੰਧੀ ਸੈਂਪਲ ਲੈਣ ਲਈ ਭਾਲ ਜਾਰੀ ਹੈ।ਉਨ੍ਹਾਂ ਦੱਸਿਆਂ ਕਿ ਅੱਜ ਜਿਲੇ ਵਿਚ ਵੱਖ-ਵੱਖ ਥਾਂਵਾ ਤੋਂ 297 ਸੈਂਪਲ ਕੋਵਿਡ-19 ਜਾਂਚ ਸਬੰਧੀ ਲਏ ਗਏ ਹਨ, ਜਿਹਨਾਂ ਦੀ ਰਿਪੋਰਟ ਕੱਲ ਨੂੰ ਆਵੇਗੀ। ਉਹਨਾਂ ਕਿਹਾ ਕਿ ਗਾਈਡਲਾਈਨਜ਼ ਅਨੁਸਾਰ ਜਿਆਦਾਤਰ ਸੈਂਪਲ ਬਾਹਰੀ ਰਾਜਾਂ/ਵਿਦੇਸ਼ਾ ਤੋਂ ਆ ਰਹੇ ਯਾਤਰੀਆਂ/ਲੇਬਰ, ਫਲੂ ਲੱਛਣਾਂ ਵਾਲੇ ਸ਼ੱਕੀ ਮਰੀਜ਼ਾਂ ,ਪੁਲਸ ਮੁਲਾਜ਼ਮਾਂ, ਗਰਭਵਤੀ ਔਰਤਾਂ, ਸਿਹਤ ਵਿਭਾਗ ਦੇ ਫਰੰਟ ਲਾਈਨ ਵਰਕਰਾਂ ਦੇ ਲਏੇ ਜਾ ਰਹੇ ਹਨ ।
ਉਨ੍ਹਾਂ ਦੱਸਿਆ ਕਿ ਜਿਸ ਤਰ੍ਹਾਂ ਕੋਰੋਨਾ ਤੋਂ ਬਚਾਅ ਲਈ ਸਮਾਜਿਕ ਦੂਰੀ, ਵਾਰ-ਵਾਰ ਹੱਥਾਂ ਨੂੰ ਸਾਬਣ ਅਤੇ ਸਾਫ ਪਾਣੀ ਨਾਲ ਧੋਣਾ, ਜਨਤਕ ਥਾਵਾਂ 'ਤੇ ਮੂੰਹ ਤੇ ਮਾਸਕ ਪਾ ਕੇ ਰੱਖਣਾ, ਘਰਾਂ ਵਿੱਚ ਹੀ ਰਹਿਣਾ ਆਦਿ ਵਰਗੀਆਂ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ। ਉਸੇ ਤਰ੍ਹਾਂ ਹੀ ਡੇਂਗੂ ਮਲੇਰੀਆਂ ਅਤੇ ਚਿਕਨਗੁਨੀਆਂ ਤੋਂ ਬਚਾਅ ਲਈ ਆਪਣੇ ਘਰਾਂ ਦੇ ਆਲੇ ਦੁਆਲੇ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ ।ਘਰਾਂ ਵਿਚ ਪਏ ਟੂੱਟੇ ਫੁੱਟੇ ਬਰਤਨਾ, ਗਮਲਿਆਂ, ਪੰਛੀਆਂ ਨੂੰ ਪਾਣੀ ਪੀਣ ਲਈ ਰੱਖੇ ਬਰਤਨਾਂ ਵਿਚ ਮੀਂਹ ਦਾ ਪਾਣੀ ਇੱਕਠਾ ਨਾ ਹੋਣ ਦਿਤਾ ਜਾਵੇ ਤਾਂ ਜੋ ਮੱਛਰਾਂ ਦੀ ਪੈਦਾਇਸ਼ ਨੂੰ ਰੋਕਿਆ ਜਾ ਸਕੇ।ਜਿਲ੍ਹੇ ਵਿੱਚ ਕੋਵਿਡ-19 ਦੇ ਕੇਸਾਂ ਬਾਰੇ ਜਾਣਕਾਰੀ ਦਿੰਦੇ ਉਨ੍ਹਾਂ ਕਿਹਾ ਕਿ ਹੁਣ ਤੱਕ ਕੋਵਿਡ-19 ਜਾਂਚ ਸਬੰਧੀ 4884 ਸੈਂਪਲ ਲਏ ਜਾ ਚੁੱਕੇ ਹਨ। ਜਿਨ੍ਹਾਂ 'ਚੋਂ 122  ਕੋਰੋਨਾ ਪਾਜ਼ੇਟਿਵ ਜੋ ਕਿ ਜਿਲਾ ਪਟਿਆਲਾ ਨਾਲ ਸਬੰਧਤ ਹਨ, 4465 ਨੈਗਟਿਵ ਅਤੇ 297 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਐਕਟਿਵ ਕੇਸ 16 ਹਨ। ਪਾਜ਼ੇਟਿਵ ਕੇਸਾਂ ਵਿੱਚੋਂ ਦੋ ਪਾਜ਼ੇਟਿਵ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ 104 ਕੇਸ ਠੀਕ ਹੋ ਕੇ ਘਰ ਜਾ ਚੁੱਕੇ ਹਨ ।


Deepak Kumar

Content Editor

Related News