ਆਖਰ ਮੁੱਕੀਆਂ ਪਿਆਕੜਾਂ ਦੀਆਂ ਉਡੀਕਾਂ, ਜ਼ਿਲਾ ਪਟਿਆਲਾ ਦੇ ਖੁੱਲ੍ਹੇ ਠੇਕੇ

05/14/2020 11:20:21 AM

ਪਟਿਆਲਾ (ਜ. ਬ.): ਸ਼ਰਾਬ ਪੀਣ ਵਾਲੇ ਪਿਆਕੜਾਂ ਦੀਆਂ ਆਸਾਂ ਨੂੰ ਅੱਜ ਉਸ ਸਮੇਂ ਬੂਰ ਪੈ ਗਿਆ, ਜਦੋਂ ਜ਼ਿਲੇ ਦੇ ਜ਼ਿਆਦਾਤਰ ਠੇਕੇਦਾਰਾਂ ਨੇ ਆਪਣੇ ਠੇਕੇ ਖੋਲ ਦਿੱਤੇ। ਜਦਕਿ ਕੁਝ ਠੇਕੇ ਅਜੇ ਬੰਦ ਪਏ ਹਨ। ਪਤਾ ਲੱਗਾ ਹੈ ਕਿ ਇਨ੍ਹਾਂ ਠੇਕੇਦਾਰਾਂ ਦੀ ਪ੍ਰਸ਼ਾਸਨ ਨਾਲ ਹੋਈ ਲੰਬੀ-ਚੌੜੀ ਮੀਟਿੰਗ ਤੋਂ ਬਾਅਦ ਇਹ ਸਾਹਮਣੇ ਅਇਆ ਕਿ ਸਰਕਾਰ ਨੇ ਮੰਗਾਂ ਮੰਗਣ ਲਈ ਇਕ ਕਮੇਟੀ ਗਠਨ ਕਰ ਦਿੱਤੀ ਹੈ, ਜੋ ਪਿਛਲੇ 9 ਦਿਨਾਂ 'ਚ ਠੇਕੇਦਾਰਾਂ ਦੇ ਹੋਏ ਨੁਕਸਾਨ ਦਾ ਅੰਦਾਜ਼ਾ ਲਾ ਕੇ ਸਰਕਾਰ ਅਤੇ ਵਿਭਾਗ ਤੱਕ ਮਾਮਲਾ ਪਹੁੰਚਾਏਗੀ। ਉਧਰ ਸਤਵੰਤ ਸਿੰਘ ਟਿਵਾਣਾ ਐਕਸਾਈਜ਼ ਇੰਸਪੈਕਟਰ ਪਟਿਆਲਾ ਦਾ ਕਹਿਣਾ ਹੈ ਕਿ ਵਿਭਾਗ ਨੇ ਤਾਂ ਪਹਿਲਾਂ ਹੀ ਠੇਕੇਦਾਰਾਂ ਨੂੰ ਠੇਕੇ ਖੋਲ੍ਹਣ ਲਈ ਕਹਿ ਦਿੱਤਾ ਸੀ ਪਰ ਇਨ੍ਹਾਂ ਦਾ ਆਪਸੀ ਰੇੜਕਾ ਸੀ, ਜਿਸ ਕਾਰਨ ਇਹ ਖੁਦ ਹੀ ਠੇਕੇ ਨਹੀਂ ਖੋਲ੍ਹ ਰਹੇ ਸਨ। ਇਸ ਲਈ ਹੁਣ ਜਿਹੜੇ ਠੇਕੇ ਰੀਨਿਊ ਅਤੇ ਰੀ-ਅਲਾਟ ਹੋਏ ਹਨ, ਉਹ ਖੋਲ੍ਹ ਦਿੱਤੇ ਗਏ ਹਨ।

ਇਹ ਵੀ ਪੜ੍ਹੋ: ਬਠਿੰਡਾ 'ਚ ਇਕ ਹੋਰ ਕੋਰੋਨਾ ਪਾਜ਼ੇਟਿਵ

ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ 2020-21 ਦੀ ਆਬਕਾਰੀ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਹਾਲਾਂਕਿ ਇਸ ਆਬਕਾਰੀ ਨੀਤੀ ਵਿਚ ਬਦਲਾਅ ਨੂੰ ਲੈ ਕੇ ਪੰਜਾਬ ਦੀ ਸਿਆਸਤ ਕਾਫੀ ਗਰਮਾਈ ਹੋਈ ਹੈ। ਕਾਂਗਰਸੀ ਮੰਤਰੀਆਂ ਤੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਵਿਚਾਲੇ ਹੋਏ ਖੜਕੇ-ਦੜਕੇ ਤੋਂ ਬਾਅਦ ਮੁੱਖ ਮੰਤਰੀ ਨੇ ਕਰਨ ਅਵਤਾਰ ਸਿੰਘ ਨੂੰ ਟੈਕਸੇਸ਼ਨ ਵਿਭਾਗ ਤੋਂ ਹਟਾ ਦਿੱਤਾ ਹੈ। ਉਧਰ ਸੂਤਰਾਂ ਮੁਤਾਬਕ ਹੋਮ ਡਲਿਵਰੀ ਦਾ ਬਦਲ ਠੇਕੇਦਾਰਾਂ 'ਤੇ ਛੱਡ ਦਿੱਤਾ ਗਿਆ ਹੈ। ਇਸੇ ਦੌਰਾਨ ਆਬਕਾਰੀ ਨੀਤੀ ਨੂੰ ਲੈ ਕਿ ਗਰਮਾਈ ਪੰਜਾਬ ਦੀ ਸਿਆਸਤ ਉਪਰਲੇ ਪੱਧਰ 'ਤੇ ਹੈ। ਗਿੱਦੜਬਾਹਾ ਤੋਂ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟਵੀਟ ਕਰ ਕੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਸੀ ਕਿ 600 ਕਰੋੜ ਦੇ ਮਾਲੀਏ ਦੇ ਘਾਟੇ ਦੀ ਜਾਂਚ ਕਰਨ ਅਵਤਾਰ ਸਿੰਘ ਤੋਂ ਸ਼ੁਰੂ ਕੀਤੀ ਜਾਵੇ। ਇਹ ਮਾਮਲਾ ਅਜੇ ਫਾਇਲਾਂ ਤੱਕ ਸੀਮਿਤ ਹੈ ਪਰ ਜ਼ਿਲੇ ਵਿਚ ਠੇਕੇ ਖੁੱਲ੍ਹਣ ਨਾਲ ਪਿਆਕੜਾਂ ਨੂੰ ਮੌਜਾਂ ਲੱਗ ਗਈਆਂ ਹਨ।

ਇਹ ਵੀ ਪੜ੍ਹੋ: ਅੰਮ੍ਰਿਤਸਰ 'ਚ ਨਹੀਂ ਰੁਕ ਰਿਹੈ ਕੋਰੋਨਾ ਦਾ ਕਹਿਰ,  5 ਨਵੇਂ ਮਾਮਲੇ ਆਏ ਸਾਹਮਣੇ


Shyna

Content Editor

Related News