ਸੰੰਨੀ ਦਿਓਲ ਨੇ ਪ੍ਰਤੀਨਿਧੀ ਨਿਯੁਕਤ ਕਰ ਕੇ ਜਨਤਾ ਦੇ ਜ਼ਖਮਾਂ ’ਤੇ ਛਿੜਕਿਆ ਨਮਕ

07/03/2019 10:59:00 AM

ਪਠਾਨਕੋਟ (ਸ਼ਾਰਦਾ) : ਗੁਰਦਾਸਪੁਰ ਸੰਸਦੀ ਖੇਤਰ ਦੀ ਜਨਤਾ ਨੇ ਇਸ ਵਾਰ ਆਪਣੇ ਪ੍ਰਤੀਨਿਧੀ ਸੰਨੀ ਦਿਓਲ ਨੂੰ ਬਹੁਤ ਹੀ ਸ਼ਾਨ ਨਾਲ ਚੁਣਿਆ ਸੀ ਪਰ ਜਿਸ ਤਰ੍ਹਾਂ ਸਿਆਸੀ ਮਾਹਿਰਾਂ ਨੂੰ ਚਿੰਤਾ ਸੀ ਕਿ ਬਾਲੀਵੁੱਡ ਸਟਾਰ ਸੰਨੀ ਦਿਓਲ ਲਈ ਇਕ ਪੱਛੜੇ ਖੇਤਰ ਦੀ ਸਿਆਸਤ ਨੂੰ ਸਮਝਣਾ ਅਤੇ ਲੋਕਾਂ ਦੀਆਂ ਆਸਾਂ 'ਤੇ ਪੂਰਾ ਉਤਰਨ ਲਈ ਜਿੰਨਾ ਸਮਾਂ ਦੇਣਾ ਹੋਵੇਗਾ, ਉਹ ਓਨਾ ਸਮਾਂ ਦੇਣ ਦੀ ਸਥਿਤੀ ਵਿਚ ਨਹੀਂ ਹੋ ਸਕਦੇ। ਹੁਣ ਗੁਰਦਾਸਪੁਰ ਤੇ ਪਠਾਨਕੋਟ ਦੀ ਜਨਤਾ ਉਸ ਸਮੇਂ ਹੈਰਾਨ ਰਹਿ ਗਈ, ਜਦੋਂ ਜਨਤਾ ਵਲੋਂ ਚੁਣੇ ਗਏ ਪ੍ਰਤੀਨਿਧੀ ਸੰਨੀ ਦਿਓਲ ਨੇ ਅੱਗੇ ਆਪਣਾ ਪ੍ਰਤੀਨਿਧੀ ਗੁਰਪ੍ਰੀਤ ਸਿੰਘ ਪਲਹੇਰੀ ਵਾਸੀ ਮੋਹਾਲੀ ਨੂੰ ਬਣਾ ਦਿੱਤਾ ਹੈ। ਲੋਕ ਉਸ ਸਮੇਂ ਹੈਰਾਨ ਰਹਿ ਗਏ ਜਦੋਂ ਉਨ੍ਹਾਂ ਨੇ ਲਿਖਤੀ ਰੂਪ ਵਿਚ ਇਕ ਪੱਤਰ ਜਾਰੀ ਕਰ ਕੇ ਉਨ੍ਹਾਂ ਨੂੰ ਅਧਿਕਾਰੀਆਂ ਨਾਲ ਹਰ ਤਰ੍ਹਾਂ ਦੀ ਮੀਟਿੰਗ ਵਿਚ ਹਿੱਸਾ ਲੈਣ ਲਈ ਨਿਯੁਕਤ ਕਰ ਦਿੱਤਾ। ਜਿਵੇਂ ਹੀ ਇਹ ਚਿੱਠੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਤਾਂ ਜਨਤਾ ਨੇ ਬੁਰੀ ਤਰ੍ਹਾਂ ਨਾਲ ਉਨ੍ਹਾਂ ਨੂੰ ਟ੍ਰੋਲ ਕੀਤਾ। ਹੁਣ ਇੰਨੇ ਵਿਰੋਧ ਤੋਂ ਬਾਅਦ ਤੇ ਪਾਰਟੀ ਤੋਂ ਪਈ ਝਾੜ ਕਾਰਨ ਐੱਮ. ਪੀ. ਇਸ ਮੁੱਦੇ 'ਤੇ ਇਸ ਤਰ੍ਹਾਂ ਦੀ ਪ੍ਰਤੀਕਿਰਿਆ ਦੇ ਰਹੇ ਹਨ ਕਿ ਇਹ ਮੇਰਾ ਨਿੱਜੀ ਪੀ. ਏ. ਹੈ ਪਰ ਜਾਰੀ ਕੀਤਾ ਗਿਆ ਲੈਟਰ ਤੇ ਪ੍ਰਤੀਨਿਧੀ ਦੀ ਜਿਸ ਤਰ੍ਹਾਂ ਦੀ ਵਰਕਿੰਗ ਖੇਤਰ ਵਿਚ ਦੇਖਣ ਨੂੰ ਮਿਲੀ ਹੈ, ਉਹ ਇਕ ਤਰ੍ਹਾਂ ਨਾਲ ਲੋਕਾਂ ਦੀ ਸਮਝ ਤੋਂ ਬਾਹਰ ਹੈ।

ਭਾਜਪਾ ਲਈ ਵੀ ਐੱਮ. ਪੀ. ਨਾਲ ਤਾਲਮੇਲ ਬਣਾਉਣਾ ਇਕ ਵੱਡੀ ਚੁਣੌਤੀ
ਪਠਾਨਕੋਟ ਤੇ ਗੁਰਦਾਸਪੁਰ ਵਿਚ ਭਾਜਪਾ ਦੇ ਕਈ ਨੇਤਾ ਜੋ 30-40 ਸਾਲ ਤੋਂ ਸਿਆਸਤ ਵਿਚ ਹਨ, ਨੂੰ ਸਮਝ ਨਹੀਂ ਆ ਰਿਹਾ ਕਿ ਹੁਣ ਨਵੇਂ ਐੱਮ. ਪੀ. ਨਾਲ ਕਿਸ ਤਰ੍ਹਾਂ ਦਾ ਤਾਲਮੇਲ ਬਣਾਇਆ ਜਾਵੇ। ਇਹ ਤਾਂ ਪੰਜਾਬ ਪੱਧਰ 'ਤੇ ਪਾਰਟੀ ਦਾ ਫੈਸਲਾ ਹੈ ਕਿ ਉਨ੍ਹਾਂ ਨਾਲ ਪਾਰਟੀ ਦਾ ਕੋਈ ਸੁਲਝਿਆ ਹੋਇਆ ਨੇਤਾ ਪੀ. ਏ. ਦੇ ਰੂਪ ਵਿਚ ਕੰਮ ਕਰੇ, ਜਿਸ ਨੂੰ ਸਥਾਨਕ ਸਮੱਸਿਆਵਾਂ ਅਤੇ ਵਰਕਰਾਂ ਦੀ ਨਬਜ਼ ਦੀ ਸਮਝ ਹੋਵੇ। ਹੁਣ ਹੌਲੀ-ਹੌਲੀ ਬਿੱਲੀ ਥੈਲੇ ਤੋਂ ਬਾਹਰ ਆ ਰਹੀ ਹੈ। ਐੱਮ. ਪੀ. ਦਾ ਗੈਰ-ਤਜਰਬੇਕਾਰ ਹੋਣਾ ਲੋਕਾਂ ਨੂੰ ਸਮਝ ਆਉਣਾ ਸ਼ੁਰੂ ਹੋ ਗਿਆ ਹੈ। ਐੱਮ. ਪੀ. ਸਿਰਫ ਇਕ-ਦੋ ਲੋਕਾਂ ਨੂੰ ਛੱਡ ਕੇ ਪਾਰਟੀ ਦੇ ਕਿਸੇ ਵੀ ਸਥਾਨਕ ਨੇਤਾ ਅਤੇ ਵਰਕਰ ਦੇ ਸੰਪਰਕ ਵਿਚ ਨਹੀਂ ਹੈ। ਮੁੰਬਈ 'ਚ ਵੀ ਉਨ੍ਹਾਂ ਦੋ ਲੋਕਾਂ ਨੂੰ ਬੁਲਾਇਆ ਸੀ ਤੇ ਉਨ੍ਹਾਂ ਦੀ ਖੂਬ ਸੇਵਾ ਕੀਤੀ ਸੀ।

ਸੰਨੀ ਦਿਓਲ ਨੂੰ ਜਿਤਾਉਣ ਲਈ ਦਿਨ-ਰਾਤ ਇਕ ਕਰਨ ਵਾਲਾ ਸੰਗਠਨ ਵੀ ਚੁੱਪ
ਜ਼ਿਲਾ ਪਠਾਨਕੋਟ ਤੇ ਗੁਰਦਾਸਪੁਰ ਵਿਚ ਬੁਰੀ ਤਰ੍ਹਾਂ ਨਾਲ ਦੋ ਧੜਿਆਂ ਵਿਚ ਵੰਡੀ ਹੋਈ ਭਾਜਪਾ ਪਾਰਟੀ ਨੂੰ ਇਕਜੁੱਟ ਕਰ ਕੇ ਚੋਣਾਂ ਵਿਚ ਝੋਕਣ ਦਾ ਕੰਮ ਕਰਨ ਵਾਲੇ ਸੰਗਠਨ ਨੇ ਦਿਨ-ਰਾਤ ਇਕ ਕਰ ਕੇ ਸੰਨੀ ਦਿਓਲ ਨੂੰ ਜਿਤਾਉਣ ਵਿਚ ਇਕ ਮਹੱਤਵਪੂਰਨ ਰੋਲ ਅਦਾ ਕੀਤਾ ਸੀ ਜਿਸ ਦੀ ਤਾਰੀਫ ਦੱਬੀ ਆਵਾਜ਼ ਵਿਚ ਉਨ੍ਹਾਂ ਦੀ ਵਿਰੋਧੀ ਪਾਰਟੀ ਵੀ ਕਰਦੀ ਹੈ। ਸੰਗਠਨ ਦੇ ਵਰਕਰ ਪਿੰਡਾਂ ਵਿਚ ਫੈਲ ਗਏ ਅਤੇ ਲੋਕਾਂ ਨੂੰ ਸੁਨਹਿਰੀ ਭਵਿੱਖ ਲਈ ਸੰਨੀ ਦਿਓਲ ਨੂੰ ਵੋਟ ਦੇਣ ਲਈ ਪ੍ਰੇਰਿਤ ਕੀਤਾ। ਹੁਣ ਇਕ ਮਹੀਨਾ ਬੀਤ ਜਾਣ ਤੋਂ ਬਾਅਦ ਵੀ ਸੰਨੀ ਦਿਓਲ ਸੰਗਠਨ ਦੇ ਕਿਸੇ ਵੀ ਵਿਅਕਤੀ ਨੂੰ ਮਿਲਣ ਨਹੀਂ ਆਏ ਜਦਕਿ ਵਿਨੋਦ ਖੰਨਾ ਨੇ ਜਦੋਂ ਆਪਣੀ ਸਿਆਸੀ ਪਾਰੀ ਸ਼ੁਰੂ ਕੀਤੀ ਸੀ ਤਾਂ ਉਨ੍ਹਾਂ ਨੇ ਕੁਝ ਹੀ ਸਮੇਂ ਵਿਚ ਭਾਜਪਾ ਦੀ ਵਰਕਿੰਗ ਨੂੰ ਸਮਝਣਾ ਸ਼ੁਰੂ ਕਰ ਦਿੱਤਾ ਸੀ। ਅਜਿਹੀ ਕੋਈ ਸਥਿਤੀ ਸੰਨੀ ਦਿਓਲ ਦੇ ਮਾਮਲੇ ਵਿਚ ਸਮਝ ਨਹੀਂ ਆਉਂਦੀ।

ਕਾਂਗਰਸ ਲਈ ਇਕ ਸੁਨਹਿਰੀ ਮੌਕਾ, ਜਤਾਇਆ ਰੋਸ
ਅੱਜ ਦਿਨ ਭਰ ਕਾਂਗਰਸੀ, ਜੋ ਕਿ ਇਕ ਵੱਡੀ ਹਾਰ ਤੋਂ ਬਾਅਦ ਕੋਮਾ ਵਿਚ ਚਲੇ ਗਏ ਸਨ, ਇਸ ਗਲਤੀ ਤੋਂ ਬਾਅਦ ਜੋਸ਼ ਨਾਲ ਸਾਹਮਣੇ ਆਏ ਹਨ, ਉਨ੍ਹਾਂ ਨੂੰ ਲੋਕਾਂ ਸਾਹਮਣੇ ਇਹ ਜਤਾਉਣ ਦਾ ਮੌਕਾ ਮਿਲ ਗਿਆ ਹੈ ਕਿ ਉਨ੍ਹਾਂ ਨੇ ਸੁਨੀਲ ਜਾਖੜ ਨੂੰ ਹਰਾ ਕੇ ਖੇਤਰ ਦਾ ਬਹੁਤ ਨੁਕਸਾਨ ਕੀਤਾ ਹੈ। ਅਸੀਂ ਲੋਕਾਂ ਨੂੰ ਵਾਰ-ਵਾਰ ਯਾਦ ਕਰਵਾਉਂਦੇ ਰਹੇ ਕਿ ਬਾਲੀਵੁੱਡ ਸਟਾਰ ਲਈ ਫੁਲ ਟਾਈਮ ਸਿਆਸਤਦਾਨ ਬਣਨਾ ਸੰਭਵ ਨਹੀਂ ਹੁੰਦਾ ਪਰ ਸਾਡੀ ਕਿਸੇ ਨੇ ਨਹੀਂ ਸੁਣੀ। ਕਾਂਗਰਸੀ ਕੌਂਸਲਰਾਂ ਵਿਭੂਤੀ ਸ਼ਰਮਾ, ਰਾਕੇਸ਼ ਬਬਲੀ, ਗਣੇਸ਼ ਵਿੱਕੀ ਤੇ ਹੈਪੀ ਨੇ ਐੱਮ. ਪੀ. ਵਲੋਂ ਆਪਣਾ ਪ੍ਰਤੀਨਿਧੀ ਨਿਯੁਕਤ ਕਰਨ ਦੀ ਘਟਨਾ ਨੂੰ ਖੇਤਰ ਲਈ ਦੁਖਦਾਈ ਦੱਸਿਆ। ਜਦੋਂ ਜਨਤਾ ਨੇ ਸੰਨੀ ਦਿਓਲ ਨੂੰ ਪ੍ਰਤੀਨਿਧੀ ਚੁਣਿਆ ਹੈ ਤਾਂ ਉਹ ਅੱਗੇ ਕਿਸ ਤਰ੍ਹਾਂ ਕਿਸ ਨਾਲ ਆਪਣਾ ਕੰਮ ਸਬਲੈਟ ਕਰ ਸਕਦੇ ਹਨ। ਹੁਣ ਇਸ ਖੇਤਰ ਦੀ ਜਨਤਾ ਇਸ ਗੱਲ 'ਤੇ ਵਿਚਾਰ ਕਰੇ ਕਿ ਉਨ੍ਹਾਂ ਨੇ ਸਟਾਰ ਨੂੰ ਜਿਤਾ ਕੇ ਸਹੀ ਫੈਸਲਾ ਲਿਆ ਹੈ? ਹੁਣ ਤਾਂ 15 ਲੱਖ ਲੋਕ ਰਾਮ ਭਰੋਸੇ ਹਨ, ਜਿਨ੍ਹਾਂ ਕੋਲ ਪਛਤਾਵੇ ਤੋਂ ਇਲਾਵਾ ਕੋਈ ਚਾਰਾ ਨਹੀਂ ਹੈ।


Baljeet Kaur

Content Editor

Related News