'ਮਿੰਨੀ ਹਰਿਦੁਆਰ' ਲੈ ਲਵੇਗਾ ਜਲ ਸਮਾਧੀ! (ਵੀਡੀਓ)

12/15/2018 4:43:14 PM

ਪਠਾਨਕੋਟ (ਧਰਮਿੰਦਰ ਠਾਕੁਰ)—ਸਾਢੇ 5 ਹਜ਼ਾਰ ਸਾਲ ਪੁਰਾਣਾ ਮੁਕਤੇਸ਼ਵਰ ਥਾਮ, ਦੁਆਪਰ ਯੁੱਗ 'ਚ ਪਾਂਡਵਾਂ ਵਲੋਂ ਬਨਵਾਸ ਦੌਰਾਨ ਪੱਥਰਾਂ ਨੂੰ ਕੱਟ ਕੇ ਬਣਾਈਆਂ ਗੁਫਾਵਾਂ 'ਚ ਸਥਿਤ ਇਹ ਉਹ ਸਥਾਨ ਹੈ, ਜਿਸ ਨੂੰ 'ਮਿੰਨੀ ਹਰਿਦੁਆਰ' ਕਿਹਾ ਜਾਂਦਾ ਹੈ। ਆਪਣੇ ਅੰਦਰ ਹਜ਼ਾਰਾਂ ਸਾਲ ਪੁਰਾਣਾ ਇਤਿਹਾਸ ਸੰਭਾਲੀ ਬੈਠੇ ਇਸ ਆਸਥਾ ਦੇ ਕੇਂਦਰ ਦੀ ਹੋਂਦ ਅੱਜ ਖਤਰੇ 'ਚ ਹੈ।  ਅਸਲ 'ਚ ਸਾਲਾਂ ਤੋਂ ਅੱਧ ਵਿਚਾਲੇ ਲਟਕਿਆ ਸ਼ਾਹਪੁਰ ਕੰਢੀ ਬੈਰਾਜ ਪ੍ਰਾਜੈਕਟ ਇਕ ਵਾਰ ਫਿਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਇਸ ਲਈ ਗ੍ਰਾਂਟ ਵੀ ਮਿਲ ਗਈ ਹੈ। ਜੇਕਰ ਇਹ ਪ੍ਰਾਜੈਕਟ ਸਿਰੇ ਚੜ੍ਹਦਾ ਹੈ ਤਾਂ ਗੁਫਾ ਰੂਪੀ ਇਹ ਮੰਦਰ ਰਾਵੀ ਦਰਿਆ 'ਚ ਸਮਾ ਜਾਵੇਗਾ। ਹਾਲਾਂਕਿ ਅਜੇ ਤੱਕ ਇੰਜੀਨੀਅਰ ਇੱਥੇ ਬੰਨ੍ਹ ਦਾ ਕੋਈ ਕੰਮ ਸਿਰੇ ਨਹੀਂ ਚੜਾ ਸਕੇ ਹਨ।

ਜਾਣਕਾਰੀ ਮੁਤਾਬਕ ਜੇਕਰ ਮੰਦਰ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਮੰਨਿਆ ਜਾਂਦਾ ਹੈ ਕਿ ਆਪਣੇ ਬਨਵਾਸ ਦੇ 12ਵੇਂ ਸਾਲ 'ਚ ਪਾਂਡਵਾਂ ਨੇ ਇੱਥੇ 6 ਮਹੀਨੇ ਬਿਤਾਏ ਤੇ ਪਹਾੜ ਕੱਟ ਕੇ 5 ਗੁਫਾਵਾਂ ਦਾ ਨਿਰਮਾਣ ਕੀਤਾ ਸੀ। ਇਨ੍ਹਾਂ ਗੁਫਾਵਾਂ 'ਚੋਂ ਇਕ ਗੁਫਾ ਪਾਂਡਵਾਂ ਵਲੋਂ ਸਥਾਪਿਤ ਸ਼ਿਵਲਿੰਗ 'ਤੇ ਯੂਸ਼ਿਟਰ ਦਾ ਧੂਣਾ ਅੱਜ ਵੀ ਮੌਜੂਦ ਹੈ। ਮੰਦਰ ਦੇ ਪੁਜਾਰੀ ਮੁਤਾਬਕ ਧਰਮ ਤੇ ਇਤਿਹਾਸ ਦੀ ਇਸ ਧਰੋਹਰ ਨੂੰ ਬਚਾਉਣ ਲਈ ਉਨ੍ਹਾਂ ਸਮੇਂ-ਸਮੇਂ ਦੀਆਂ ਸਰਕਾਰਾਂ ਕੋਲ ਪਹੁੰਚ ਕੀਤੀ, ਪਰ ਹਰ ਕਿਸੇ ਨੇ ਮਿੱਠੀਆਂ ਗੋਲੀਆਂ ਦੇ ਕੇ ਹੀ ਤੋਰਿਆ ਅਤੇ ਕਿਸੇ ਨੇ ਵੀ ਉਨ੍ਹਾਂ ਦੀ ਬਾਂਹ ਨਹੀਂ ਫੜ੍ਹੀ।

ਦੂਜੇ ਪਾਸੇ ਡੈਮ ਪ੍ਰਸ਼ਾਸਨ ਨੇ ਮੰਨਿਆ ਹੈ ਕਿ ਮੰਦਰ ਕਰਕੇ ਡੈਮ ਬਣਾਉਣ 'ਚ ਰੁਕਾਵਟਾਂ ਤਾਂ ਜ਼ਰਰ ਆਉਂਦੀਆਂ ਹਨ ਪਰ ਲੋਕਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਉਹ ਇਸ ਮੰਦਰ ਨੂੰ ਕੁਝ ਨਹੀਂ ਹੋਣ ਦੇਣਗੇ ਤੇ ਕੋਸ਼ਿਸ਼ ਕਰਨਗੇ ਅਜਿਹਾ ਰਾਹ ਲੱਭਣ ਦੀ, ਜਿਸ ਨਾਲ ਪ੍ਰਾਜੈਕਟ ਵੀ ਪੂਰਾ ਹੋ ਜਾਵੇ ਤੇ ਮੰਦਰ ਵੀ ਸਲਾਮਤ ਰਹੇ।


Shyna

Content Editor

Related News