ਬਾਬੁਲ ਦੇ ਵਿਹੜੇ ''ਚ ਪੌਦੇ ਲਾ ਡੋਲੀ ''ਚ ਬੈਠੀ ਧੀ

Friday, Nov 22, 2019 - 03:07 PM (IST)

ਬਾਬੁਲ ਦੇ ਵਿਹੜੇ ''ਚ ਪੌਦੇ ਲਾ ਡੋਲੀ ''ਚ ਬੈਠੀ ਧੀ

ਪਠਾਨਕੋਟ : ਸ਼ਾਹਪੁਰਕੰਡੀ 'ਚ ਲੈਬ ਟੈਕਨੀਸ਼ੀਅਨ ਨੀਰੂ ਦਾ ਵਿਆਹ ਲੋਕਾਂ ਲਈ ਮਿਸਾਲ ਬਣ ਗਿਆ ਹੈ। ਲਾੜੀ ਨੀਰੂ ਨੇ ਵਿਆਹ ਦੀਆਂ ਰਸਮਾਂ 'ਚ ਪੌਦਾ ਲਗਾਉਣ ਦੀ ਇਕ ਰਸਮ ਜੋੜ ਦਿੱਤੀ ਹੈ। ਵਿਦਾਈ ਤੋਂ ਪਹਿਲਾਂ ਉਸ ਨੇ ਆਪਣੇ ਬਾਬੁਲ ਦੇ ਘਰ ਦੇ ਬਾਗ 'ਚ ਪਤੀ ਸਮੇਤ ਲੀਚੀ ਦੇ 11 ਪੌਦੇ ਲਗਾ ਕੇ ਰਸਮ ਨਿਭਾਈ ਫਿਰ ਡੋਲੀ 'ਚ ਬੈਠੀ। ਨੀਰੂ ਦੇ ਇਸ ਕੰਮ ਦੀ ਰਿਸ਼ਤੇਦਾਰਾਂ ਅਤੇ ਇਲਾਕਾ ਵਾਸੀਆਂ ਵਲੋਂ ਕਾਫੀ ਤਾਰੀਫ ਕੀਤੀ ਜਾ ਰਹੀ ਹੈ। 

ਜਾਣਕਾਰੀ ਮੁਤਾਬਕ ਨੀਰੂ ਪਿਛਲੇ 5 ਸਾਲ ਤੋਂ ਪੌਦਾ ਲਗਾਉਣ ਦੀ ਮੁਹਿੰਮ ਨਾਲ ਜੁੜੀ ਹੋਈ ਹੈ। ਉਸ ਨੇ ਇਕ ਦਿਨ 'ਚ ਇਕ ਪੌਦਾ ਲਗਾਉਣ ਦਾ ਟੀਚਾ ਰੱਖਿਆ ਹੈ। ਹੁਣ ਤੱਕ ਕਰੀਬ ਡੇਢ ਹਜ਼ਾਰ ਪੌਦੇ ਵੱਖ-ਵੱਖ ਥਾਂਵਾਂ 'ਤੇ ਨੀਰੂ ਵਲੋਂ ਲਗਾਏ ਜਾ ਚੁੱਕੇ ਹਨ। ਇਹ ਪੌਦੇ ਪਿੰਡ ਵਾਸੀਆਂ 'ਚ ਨੀਰੂ ਦੀ ਯਾਦ ਨੂੰ ਤਾਜ਼ਾ ਰੱਖਣਗੇ। ਨੀਰੂ ਪੰਜ ਭੈਣ-ਭਰਾਵਾਂ 'ਚ ਸਭ ਤੋਂ ਛੋਟੀ ਹੈ। ਉਸ ਦੇ ਪਿਤਾ ਸਤਿਆਪਾਲ ਰਣਜੀਤ ਸਾਗਰ ਢਾਬਾ ਚਲਾਉਂਦੇ ਹਨ। ਪਤੀ ਪਠਾਨਕੋਟ 'ਚ ਲੈਬ ਟੈਕਨੀਸ਼ੀਅਨ ਹੈ। 

ਇਸ ਸਬੰਧੀ ਨੀਰੂ ਦਾ ਕਹਿਣਾ ਹੈ ਕਿ ਪੰਜ ਸਾਲ ਪਹਿਲਾਂ ਉਹ ਆਪਣੇ ਪਰਿਵਾਰ ਸਮੇਤ ਬੱਸ 'ਚ ਵੈਸ਼ਣੋ ਮਾਤਾ ਦੇ ਦਰਸ਼ਨਾਂ ਲਈ ਗਈ ਸੀ। ਇਕ ਢਾਬੇ 'ਤੇ ਖਾਣਾ ਖਾਣ ਲਈ ਬੱਸ ਰੋਕੀ ਗਈ। ਬਸ 'ਚੋਂ ਬਾਹਰ ਨਿਕਲੇ ਤਾਂ ਤਿੱਖੀ ਧੁੱਪ ਤੋਂ ਬਚਣ ਲਈ ਆਲੇ-ਦੁਆਲੇ ਦਰੱਖਤ ਦੇਖਣ ਲਗ ਗਏ ਪਰ ਕੋਈ ਦਰੱਖਤ ਨਹੀਂ ਦਿਖਾਈ ਦਿੱਤਾ। ਉਸ ਯਾਤਰਾ 'ਚ ਉਸ ਨੇ ਸਕੰਲਪ ਲਿਆ ਕਿ ਜਦੋਂ ਵੀ ਮੌਕਾ ਮਿਲੇਗਾ ਉਹ ਪੌਦੇ ਜ਼ਰੂਰ ਲਗਾਏਗੀ। 

ਨੀਰੂ ਨੇ ਲੈਬ ਟੈਕਨੀਸ਼ੀਅਨ ਦਾ ਕੋਰਸ ਕੀਤਾ ਹੈ। ਇਸ ਕੰਮ ਲਈ ਉਹ ਕਿਸੇ ਦੀ ਆਰਥਿਕ ਮਦਦ ਨਹੀਂ ਲੈਂਦੇ। ਪੌਦੇ ਲਗਾਉਣ ਦਾ ਖਰਚ ਉਹ ਖੁਦ ਚੁੱਕਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਉਨ੍ਹਾਂ ਵਲੋਂ 550 ਪੌਦੇ ਲਗਾਏ ਗਏ ਸਨ।


author

Baljeet Kaur

Content Editor

Related News