ਪਠਾਨਕੋਟ : ਭ੍ਰਿਸ਼ਟਾਚਾਰ ਦੇ ਦੋਸ਼ ’ਚ ASI ਅਤੇ ਸੀਨੀਅਰ ਕਾਂਸਟੇਬਲ ਗ੍ਰਿਫ਼ਤਾਰ
Tuesday, Sep 06, 2022 - 02:14 PM (IST)
ਪਠਾਨਕੋਟ (ਆਦਿਤਿਆ, ਲੱਕੀ) - ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀ.ਜੀ.ਪੀ ਪੰਜਾਬ ਸ੍ਰੀ ਗੌਰਵ ਯਾਦਵ ਦੀ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਜ਼ੀਰੋ ਟੋਲਰੈਂਸ ਨੀਤੀ ਨੂੰ ਜਾਰੀ ਰੱਖਦਿਆਂ, ਪਠਾਨਕੋਟ ਪੁਲਿਸ ਨੇ ਗੈਰ-ਕਾਨੂੰਨੀ ਮਾਈਨਿੰਗ ਮਾਫੀਆ ਟਰਾਂਸਪੋਰਟਰ ਨਾਲ ਕਥਿਤ ਤੌਰ ’ਤੇ ਸਬੰਧ ਦੇ ਦੋਸ਼ ਵਿੱਚ ਇੱਕ ਏ.ਐੱਸ.ਆਈ ਅਤੇ ਇੱਕ ਸੀਨੀਅਰ ਕਾਂਸਟੇਬਲ ਖਿਲਾਫ ਭ੍ਰਿਸ਼ਟਾਚਾਰ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਫੜੇ ਗਏ ਵਿਅਕਤੀਆਂ ਦੀ ਪਛਾਣ ਏ.ਐੱਸ.ਆਈ ਸਲਵਿੰਦਰ ਸਿੰਘ ਅਤੇ ਸੀਨੀਅਰ ਕਾਂਸਟੇਬਲ ਲਸ਼ਮਣ ਦਾਸ ਵਜੋਂ ਹੋਈ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਸੀਨੀਅਰ ਕਪਤਾਨ ਪੁਲਸ ਹਰਕਮਲ ਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਰੁਪਿੰਦਰ ਸਿੰਘ ਜੇ.ਈ.ਕਮ ਮਾਈਨਿੰਗ ਇੰਸਪੈਕਟਰ ਗੁਰਦਾਸਪੁਰ ਨੇ ਦੋਵਾਂ ਪੁਲਸ ਮੁਲਾਜ਼ਮਾਂ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਮਾਈਨਿੰਗ ਨਾਕੇ ’ਤੇ ਨਸ਼ੇ ਦੀ ਹਾਲਤ ’ਚ ਆਪਣੀ ਡਿਊਟੀ ਨਿਭਾ ਰਹੇ ਸਨ। ਇਸ ਦੇ ਨਾਲ ਹੀ ਉਹ ਰੇਤ ਅਤੇ ਬੱਜਰੀ ਨਾਲ ਭਰੇ ਟਰੱਕਾਂ ਦੀ ਸੁਰੱਖਿਅਤ ਢੰਗ ਨਾਲ ਨਿਕਾਸੀ ਕਰ ਰਹੇ ਸਨ। ਇਸ ਗੈਰ-ਕਾਨੂੰਨੀ ਕੰਮ ਬਾਰੇ ਪੁੱਛਣ ’ਤੇ ਦੋਵਾਂ ਨੇ ਉਸ ਨਾਲ ਦੁਰਵਿਵਹਾਰ ਕੀਤਾ ਅਤੇ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ।
ਐੱਸ.ਐੱਸ.ਪੀ ਨੇ ਦੱਸਿਆ ਕਿ ਮਾਮਲੇ ਦੀ ਅੰਦਰੂਨੀ ਪੱਧਰ ’ਤੇ ਜਾਂਚ ਕਰਨ ਤੋਂ ਬਾਅਦ ਸਲਵਿੰਦਰ ਅਤੇ ਲਸ਼ਮਣ ਦੋਵਾਂ ਦਾ ਨਾਜਾਇਜ਼ ਮਾਈਨਿੰਗ ਕਰਨ ਵਾਲੇ ਟਰਾਂਸਪੋਰਟਰਾਂ ਨਾਲ ਸੰਬੰਧ ਪਾਏ ਗਏ ਸਨ। ਮਾਈਨਿੰਗ ਇੰਸਪੈਕਟਰ ਦੀ ਸ਼ਿਕਾਇਤ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਸਹਾਇਕ ਸਬ-ਇੰਸਪੈਕਟਰ ਸਲਵਿੰਦਰ ਸਿੰਘ ਅਤੇ ਉਸ ਦੇ ਅਧੀਨ ਸੀਨੀਅਰ ਕਾਂਸਟੇਬਲ ਮਨਦੀਪ ਸਿੰਘ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਐਕਟ-1988 ਦੀ ਧਾਰਾ 7 ਅਤੇ 353, 186, 34 ਆਈ.ਪੀ.ਸੀ. ਤਹਿਤ ਥਾਣਾ ਡਿਵੀਜ਼ਨ ਨੰਬਰ 2 ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ।
ਖੱਖ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਵਰਦੀ ਵਿੱਚ ਕਾਲੀਆਂ ਭੇਡਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜੇਕਰ ਕੋਈ ਵੀ ਪੁਲਸ ਅਧਿਕਾਰੀ/ਕਰਮਚਾਰੀ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਵਿੱਚ ਸ਼ਾਮਲ ਪਾਇਆ ਗਿਆ ਤਾਂ ਉਸ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਭ੍ਰਿਸ਼ਟਾਚਾਰ ਵਿਰੁੱਧ ਜੰਗ ਉਦੋਂ ਹੀ ਖ਼ਤਮ ਹੋਵੇਗੀ ਜਦੋਂ ਇਸ ਖ਼ਤਰੇ ਦਾ ਪੂਰੀ ਤਰ੍ਹਾਂ ਸਫਾਇਆ ਹੋ ਜਾਵੇਗਾ, ਜਿਸ ਲਈ ਪੁਲਸ ਨੂੰ ਜਨਤਾ ਦੇ ਸਰਗਰਮ ਸਹਿਯੋਗ ਦੀ ਲੋੜ ਹੈ।