ਕੀ ਕੈਪਟਨ-ਸਿੱਧੂ ਡੈੱਡਲਾਕ ਨੂੰ ਤੋੜ ਸਕਣਗੇ ਅਹਿਮਦ ਪਟੇਲ?
Monday, Jun 17, 2019 - 12:25 PM (IST)

ਪਠਾਨਕੋਟ (ਸ਼ਾਰਦਾ) : ਲੋਕ ਸਭਾ ਚੋਣਾਂ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ 'ਚ 36 ਦਾ ਅੰਕੜਾ ਦੂਰ ਕਰਨ ਲਈ ਹਾਈਕਮਾਨ ਨੇ ਅਹਿਮਦ ਪਟੇਲ ਦੀ ਡਿਊਟੀ ਲਾਈ ਹੈ ਪਰ ਸਫਲਤਾ ਨਹੀਂ ਮਿਲ ਰਹੀ ਅਤੇ ਨਾ ਹੀ ਦੂਰ ਤੱਕ ਰਸਤਾ ਨਜ਼ਰ ਆ ਰਿਹਾ ਹੈ। ਉਹ ਦੋਵਾਂ ਪਾਸਿਆਂ ਵਲੋਂ ਚਲ ਰਹੇ ਡੈੱਡਲਾਕ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਦੀ ਆਪਣੀ ਸਰਕਾਰ ਉਤੇ ਪੂਰੀ ਪਕੜ ਹੈ ਅਤੇ ਪਾਰਟੀ ਵਿਚ ਵੀ ਉਹ ਕਰਤਾ-ਧਰਤਾ ਹਨ। ਇਹੀ ਪਕੜ ਉਨ੍ਹਾਂ ਦੀ ਤਾਕਤ ਹੈ।
ਕੈਪਟਨ ਕੋਲ ਪੰਜਾਬ ਦੀ ਰਾਜਨੀਤੀ 'ਚ ਪੂਰੀ ਪਕੜ, ਸਿੱਧੂ ਨੂੰ ਹਾਈਕਮਾਨ ਦਾ ਸਹਾਰਾ
ਕੈਪਟਨ ਗਰੁੱਪ ਦੀ ਮੈਨੇਜਮੈਂਟ ਦੇ ਸਾਹਮਣੇ ਸਿੱਧੂ ਕੋਲ ਇਕਮਾਤਰ ਸਹਾਰਾ ਹਾਈਕਮਾਨ ਸੀ ਪਰ ਰਾਸ਼ਟਰੀ ਸਥਿਤੀ ਅਜਿਹੀ ਹੋਈ ਕਿ ਹਾਈਕਮਾਨ ਇਕਦਮ ਬੈਕਫੁੱਟ 'ਤੇ ਚਲਿਆ ਗਿਆ ਪਰ ਫਿਰ ਵੀ ਹਾਈਕਮਾਨ ਨੇ ਜ਼ਰੂਰਤ ਤੋਂ ਜ਼ਿਆਦਾ ਸਿੱਧੂ ਨੂੰ ਸਤਿਕਾਰ ਦਿੱਤਾ। ਜਦੋਂ ਰਾਹੁਲ ਕਿਸੇ ਨੂੰ ਨਹੀਂ ਮਿਲ ਰਹੇ ਸਨ ਤਾਂ ਉਸ ਸਮੇਂ ਪ੍ਰਿਅੰਕਾ, ਰਾਹੁਲ ਗਾਂਧੀ ਅਤੇ ਹੋਰ ਅਹਿਮਦ ਪਟੇਲ ਦੀ ਸਿੱਧੂ ਨਾਲ ਮੀਟਿੰਗ ਸਾਹਮਣੇ ਆਈ ਪਰ ਸਥਿਤੀਆਂ ਬਦਲ ਚੁੱਕੀਆਂ ਹਨ। ਪੁਲਾਂ ਦੇ ਹੇਠੋਂ ਬਹੁਤ ਸਾਰਾ ਪਾਣੀ ਵਹਿ ਚੁੱਕਾ ਹੈ। ਇਸ ਉੱਚ ਪੱਧਰੀ ਮੀਟਿੰਗ ਤੋਂ ਬਾਅਦ ਵੀ ਪੰਜਾਬ ਵਿਚ ਸਥਿਤੀ ਜਿਉਂ ਦੀ ਤਿਉਂ ਬਣੀ ਰਹੀ ਅਤੇ ਕੈਪਟਨ ਆਪਣੇ ਸਟੈਂਡ 'ਤੇ ਅਡਿੱਗ ਰਹੇ। ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਦੀ ਆਪਣੀ ਸਰਕਾਰ 'ਤੇ ਪੂਰੀ ਪਕੜ ਹੈ ਅਤੇ ਪਾਰਟੀ ਵਿਚ ਵੀ ਉਹ ਸਭ ਤੋਂ ਉੱਪਰ ਹਨ। ਉਨ੍ਹਾਂ ਦੀ ਇਹ ਪਕੜ ਉਨ੍ਹਾਂ ਦੀ ਤਾਕਤ ਹੈ।
ਕੀ ਸਿੱਧੂ ਕਰਨਗੇ ਨਵਾਂ ਵਿਭਾਗ ਜੁਆਇਨ?
ਅਹਿਮਦ ਪਟੇਲ ਨੇ ਸਿੱਧੂ 'ਤੇ ਦਬਾਓ ਬਣਾਇਆ ਕਿ ਉਹ ਆਪਣਾ ਨਵਾਂ ਵਿਭਾਗ ਜੁਆਇਨ ਕਰਨ, ਜਿਸ 'ਤੇ ਅਜੇ ਤੱਕ ਸਿੱਧੂ ਵਲੋਂ ਅਮਲ ਨਹੀਂ ਹੋ ਪਾਇਆ। ਹੁਣ ਜੋ ਨਵੇਂ ਹਾਲਾਤ ਉੱਭਰ ਕੇ ਸਾਹਮਣੇ ਆਏ ਹਨ, ਉਸ ਵਿਚ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਕੈਪਟਨ ਸਾਹਿਬ ਅਹਿਮਦ ਪਟੇਲ ਨੂੰ ਮਿਲਣ ਦਿੱਲੀ ਜਾਣ ਦੀ ਬਜਾਏ ਖੁਦ ਪਟੇਲ ਚੰਡੀਗੜ੍ਹ ਆ ਰਹੇ ਹਨ ਕਿਉਂਕਿ ਕੈਪਟਨ ਸਾਹਿਬ ਦੀ ਤਬੀਅਤ ਠੀਕ ਨਹੀਂ ਹੈ। ਸ਼ਾਇਦ ਉਨ੍ਹਾਂ ਨੂੰ ਫੂਡ ਪੁਆਇਜਨਿੰਗ ਹੈ। ਇਨ੍ਹਾਂ ਹਾਲਾਤ ਵਿਚ ਅਹਿਮਦ ਪਟੇਲ ਕੱਲ ਤੱਦ ਹੀ ਚੰਡੀਗੜ੍ਹ ਵੱਲ ਜਾਣਗੇ ਜੇਕਰ ਉਨ੍ਹਾਂ ਨੂੰ ਲੱਗਾ ਕਿ ਕੈਪਟਨ ਸਾਹਿਬ ਨਾਲ ਉਨ੍ਹਾਂ ਦੀ ਮੁਲਾਕਾਤ ਚੰਗੇ ਮਾਹੌਲ ਵਿਚ ਹੋਵੇਗੀ।
ਪਟੇਲ ਦੇ ਮੂੰਹ 'ਚੋਂ ਨਿਕਲੀ ਗੱਲ ਕਾਂਗਰਸੀਆਂ ਲਈ ਹੁੰਦੀ ਸੀ ਕਾਨੂੰਨ
ਇਕ ਸਮਾਂ ਸੀ ਜਦੋਂ ਅਹਿਮਲ ਪਟੇਲ ਦੇ ਮੂੰਹੋਂ ਨਿਕਲੀ ਗੱਲ ਕਾਂਗਰਸੀਆਂ ਲਈ ਇਕ ਕਾਨੂੰਨ ਬਣ ਜਾਂਦੀ ਸੀ ਅਤੇ ਜਿਸ ਟਿਕਟ ਦੇ ਅੱਗੇ ਅਹਿਮਦ ਪਟੇਲ ਲਿਖਿਆ ਜਾਂਦਾ ਸੀ ਉਸ 'ਤੇ ਚਰਚਾ ਤੱਕ ਨਹੀਂ ਹੁੰਦੀ ਸੀ। ਮੰਨਿਆ ਇਹ ਜਾਂਦਾ ਸੀ ਕਿ ਉਹ ਸਭ ਤੋਂ ਉੱਪਰ ਫੈਸਲਾ ਜਿਸ ਵਿਚ ਸੋਨੀਆਂ ਗਾਂਧੀ ਦੀ ਮਨਜ਼ੂਰੀ ਹੈ। ਹਾਈਕਮਾਨ ਦੀ ਇਹ ਭਾਗਮਭਾਗ ਇਸ ਗੱਲ ਦਾ ਸਬੂਤ ਹੈ ਕਿ ਉਹ ਸਿੱਧੂ ਨੂੰ ਖੋਹਣਾ ਨਹੀਂ ਚਾਹੁੰਦੇ ਹਨ ਪਰ ਆਲ੍ਹਾ ਕਮਾਨ ਇਹ ਵੀ ਜਾਨਣਾ ਚਾਹੁੰਦੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਦ੍ਰਿੜ੍ਹ ਇਰਾਦੇ ਦੇ ਨੇਤਾ ਹਨ, ਇਸ ਲਈ ਪੰਜਾਬ ਦੀ ਜਨਤਾ ਉਨ੍ਹਾਂ ਨੂੰ ਇਨ੍ਹਾਂ ਪਿਆਰ ਕਰਦੀ ਹੈ। ਅੱਜ ਸਥਿਤੀ ਇਹ ਹੈ ਕਿ ਕੈਪਟਨ ਸਾਹਿਬ ਤੋਂ ਕੰਮ ਕਢਵਾਉਣ ਲਈ ਕਾਂਗਰਸ ਹਾਈਕਮਾਨ ਨੂੰ ਲਗਭਗ ਗਿੜਗਿੜਾਉਣਾ ਪੈ ਰਿਹਾ ਹੈ, ਕਿਉਂਕਿ ਸਿੱਧੂ ਨੂੰ ਲੈ ਕੇ ਕੈਪਟਨ ਸਾਹਿਬ ਸਖ਼ਤ ਸਟੈਂਡ ਲੈ ਚੁੱਕੇ ਹਨ।
ਕੀ ਮੁੱਖ ਮੰਤਰੀ, ਸਿੱਧੂ ਨੂੰ ਦੇਣਗੇ ਇਕ ਹੋਰ ਮੌਕਾ?
ਇਸ ਗੱਲ ਦੀ ਵੱਡੀ ਸੰਭਾਵਨਾ ਹੈ ਕਿ ਪਹਿਲਾਂ ਅਹਿਮਦ ਸਿੱਧੂ ਨੂੰ ਮਨਾਏ ਕਿ ਉਹ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਕੁਝ ਸਮੇਂ ਲਈ ਝੁਕ ਜਾਣ ਅਤੇ ਨਵਾਂ ਵਿਭਾਗ ਜੁਆਇਨ ਕਰ ਲੈਣ। ਬਾਅਦ ਵਿਚ ਜਦੋਂ ਸਮਾਂ ਠੀਕ ਹੋਵੇਗਾ ਤਾਂ ਦੇਖਿਆ ਜਾਵੇਗਾ। ਕੀ ਹਾਈਕਮਾਨ ਦਾ ਇਹ ਲਾਲੀਪਾਪ ਸਿੱਧੂ ਲੈਣਾ ਚਾਹੁਣਗੇ? ਕਿਉਂਕਿ ਪਹਿਲਾਂ ਵੀ ਦੋ ਜਾਂ ਤਿੰਨ ਵਾਰ ਪਿਛਲੇ 2 ਸਾਲਾਂ ਵਿਚ ਉਨ੍ਹਾਂ ਨਾਲ ਕੀਤੇ ਵਾਅਦੇ ਹਾਈਕਮਾਨ ਨਹੀਂ ਪੂਰਾ ਕਰ ਸਕੀ। ਇਕ ਪਾਸੇ ਹਾਈਕਮਾਨ ਨੇ ਉਸ ਨੂੰ ਪੂਰੇ ਭਾਰਤ ਵਿਚ ਸਟਾਰ ਪ੍ਰਚਾਰਕ ਬਣਾ ਕੇ ਹੈਲੀਕਾਪਟਰ ਵਿਚ ਘੁਮਾਇਆ ਤਾਂ ਦੂਜੇ ਪਾਸੇ ਪ੍ਰਮੋਸ਼ਨ ਦੀ ਬਜਾਏ ਉਨ੍ਹਾਂ ਦੀ ਆਪਣੇ ਹੀ ਸੂਬੇ ਵਿਚ ਅਜਿਹੀ ਡਿਮੋਸ਼ਨ ਕੀਤੀ ਕਿ ਉਨ੍ਹਾਂ ਦਾ ਸਥਾਨਕ ਵਿਭਾਗ ਵੀ ਖੁੱਸ ਗਿਆ ਅਤੇ ਪਾਵਰਲੈਸ ਵਿਭਾਗ ਥਮਾ ਦਿੱਤਾ। ਸਾਰੀ ਬਾਜ਼ੀ ਹੁਣ ਕੈਪਟਨ ਸਾਹਿਬ ਦੇ ਉਪਰ ਨਿਰਭਰ ਹੈ ਕਿ ਉਹ ਇਸ ਰਾਜਨੀਤਕ ਸ਼ਤਰੰਜ ਨੂੰ ਅੱਗੇ ਕਿਵੇਂ ਚਲਾਉਂਦੇ ਹਨ, ਉਹ ਜਨਤਕ ਤੌਰ 'ਤੇ ਕਹਿ ਚੁੱਕੇ ਹਨ ਕਿ ਸਿੱਧੂ ਦੀ ਨਜ਼ਰ ਉਨ੍ਹਾਂ ਦੇ ਮੁੱਖ ਮੰਤਰੀ ਅਹੁਦੇ 'ਤੇ ਹੈ। ਹੁਣ ਵੱਡਾ ਪ੍ਰਸ਼ਨ ਇਹ ਹੈ ਕਿ ਉਹ ਸਿੱਧੂ ਨੂੰ ਕਾਂਗਰਸ ਦੁਬਾਰਾ ਸਥਾਪਤ ਹੋਣ ਦੇ ਮੌਕਾ ਦੇਣਗੇ ਜਾਂ ਨਹੀਂ?