ਜੀਓ ਤੋਂ ਬਾਅਦ ਹੁਣ ਕਿਸਾਨਾਂ ਵੱਲੋਂ ਪਤੰਜਲੀ ਦੇ ਉਤਪਾਦਾਂ ਦਾ ਬਾਇਕਾਟ ਕਰਨ ਦਾ ਸੱਦਾ
Sunday, Dec 27, 2020 - 05:31 PM (IST)
ਜਲੰਧਰ— ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਦਿੱਲੀ ਦੀਆਂ ਸਰਹੱਦਾਂ ’ਤੇ ਜਾਰੀ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਅੱਜ 32ਵੇਂ ਦਿਨ ’ਚ ਦਾਖ਼ਲ ਹੋ ਗਿਆ ਹੈ। ਇਕ ਪਾਸੇ ਜਿੱਥੇ ਕਿਸਾਨ ਜਥੇਬੰਦੀਆਂ ਵੱਲੋਂ ਜੀਓ ਅਤੇ ਰਿਲਾਇੰਸ ਦਾ ਬਾਇਕਾਟ ਕੀਤਾ ਗਿਆ ਹੈ, ਉਥੇ ਹੀ ਹੁਣ ਜਥੇਬੰਦੀਆਂ ਨੇ ਪਤੰਜਲੀ ਨਾਲ ਬਣੇ ਉਤਪਾਦਾਂ ਦਾ ਵੀ ਬਾਇਕਾਟ ਕਰਨਾ ਸ਼ੁਰੂ ਕਰ ਦਿੱਤਾ ਹੈ। ਸ਼ਨੀਵਾਰ ਨੂੰ ਕਰੀਬ ਦੋ ਦਰਜਨ ਕਿਸਾਨ ਜਥੇਬੰਦੀਆਂ ਜਲੰਧਰ ਦੇ ਦੋਆਬਾ ਚੌਕ ਸਥਿਤ ਪਤੰਜਲੀ ਸਟੋਰ ਦਾ ਬਾਇਕਾਟ ਕਰਨ ਦੇ ਸਬੰਧ ’ਚ ਮੌਕੇ ’ਤੇ ਪਹੁੰਚੀਆਂ ਅਤੇ ਕੇਂਦਰ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਹਰੇ ਰੰਗ ਦੀਆਂ ਪੱਗਾਂ ਪਹਿਨ ਖੇਤੀ ਕਾਨੂੰਨਾਂ ਨੂੰ ਵਾਪਸ ਕਰਨ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨਕਾਰੀਆਂ ਨੇ ਪਤੰਜਲੀ ਸਟੋਰ ਦਾ ਘਿਰਾਓ ਕਰਨ ਪੁੱਜੇ। ਇਸ ਦੌਰਾਨ ਪਤੰਜਲੀ ਸਟੋਰ ਦੇ ਮਾਲਕ ਨੇ ਤੁਰੰਤ ਸਟੋਰ ਨੂੰ ਬੰਦ ਕਰ ਦਿੱਤਾ।
ਇਹ ਵੀ ਪੜ੍ਹੋ : ਜਲੰਧਰ ਦੇ ਅਮਨ ਨਗਰ ’ਚ ਗੁੰਡਾਗਰਦੀ ਦਾ ਨੰਗਾ ਨਾਚ, ਲਲਕਾਰੇ ਮਾਰ ਭੰਨੇ ਗੱਡੀਆਂ ਦੇ ਸ਼ੀਸ਼ੇ
ਦੱਸਣਯੋਗ ਹੈ ਕਿ ਜੀਓ ਦਾ ਬਾਇਕਾਟ ਕਰਨ ਅਤੇ ਹੋਰ ਨੈੱਟਵਰਕ ’ਚ ਤਬਦੀਲ ਕਰਨ ਲਈ ਪਿੰਡਾਂ ’ਚ ਮੀਟਿੰਗਾਂ ਕਰਨ ਤੋਂ ਲੈ ਕੇ ਹੁਣ ਫਾਰਮਾਂ ਦੇ ਲੋਕ ਪਤੰਜਲੀ ਦੇ ਉਤਪਾਦਾਂ ਦਾ ਬਾਇਕਾਟ ਦਾ ਸੱਦਾ ਦੇ ਰਹੇ ਹਨ। ਜ਼ਿਕਰਯੋਗ ਹੈ ਕਿ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨ ਪਿਛਲੇ ਇਕ ਮਹੀਨੇ ਤੋਂ ਡਟੇ ਹੋਏ ਹਨ। ਖੇਤੀ ਮੰਤਰਾਲਾ ਵੱਲੋਂ ਭੇਜੇ ਗਏ ਗੱਲਬਾਤ ਦੇ ਪ੍ਰਸਤਾਵ ’ਤੇ ਸ਼ਨੀਵਾਰ ਨੂੰ ਕਿਸਾਨ ਜਥੇਬੰਦੀਆਂ ਨੇ ਹਾਮੀ ਭਰ ਦਿੱਤੀ ਹੈ। ਕਿਸਾਨ ਆਗੂਆਂ ਨੇ 29 ਦਸੰਬਰ ਸਵੇਰੇ 11 ਵਜੇ ਬੈਠਕ ਦਾ ਪ੍ਰਸਤਾਵ ਭੇਜਦੇ ਹੋਏ ਗੱਲਬਾਤ ਲਈ ਚਾਰ ਮੁੱਖ ਮੰਗਾਂ ਵੀ ਰੱਖੀਆਂ ਹਨ ਅਤੇ ਇਸ ਦਾ ਏਜੰਡਾ ਵੀ ਸਰਕਾਰ ਨੂੰ ਭੇਜਿਆ ਹੈ।
ਇਹ ਵੀ ਪੜ੍ਹੋ : ਸ਼ਹੀਦ ਊਧਮ ਸਿੰਘ ਨੂੰ ਬਣਦਾ ਅਸਲ ਸਨਮਾਨ ਦੇਣਾ ਭੁੱਲਿਆ ਜਲੰਧਰ ਨਗਰ ਨਿਗਮ, ਜਾਣੋ ਕਿਵੇਂ
ਕਿਸਾਨ ਜਥੇਬੰਦੀਆਂ ਨੇ ਆਪਣੇ ਅੰਦੋਲਨ ਤੇਜ਼ ਕਰਨ ਦਾ ਵੀ ਫ਼ੈਸਲਾ ਕੀਤਾ ਹੈ। ਕਿਸਾਨ 30 ਦਸੰਬਰ ਨੂੰ ਸਿੰਘੂ-ਮਾਨੇਸਰ-ਪਲਵਲ (ਕੇ. ਐੱਮ. ਪੀ.) ਸ਼ਾਹਜਹਾਂਪੁਰ ਤੱਕ ਟਰੈਕਟਰ ਮਾਰਚ ਆਯੋਜਿਤ ਕਰਨਗੇ। ਇਸ ਤੋਂ ਇਲਾਵਾ 27 ਅਤੇ 28 ਦਸੰਬਰ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਵੇਗਾ। ਕਿਸਾਨਾਂ ਨੇ ਨਵਾਂ ਸਾਲ ਮਨਾਉਣ ਲਈ ਦਿੱਲੀ ਅਤੇ ਹਰਿਆਣਾ ਵਾਸੀਆਂ ਨੂੰ ਸੱਦਾ ਦਿੱਤਾ ਹੈ।
ਇਹ ਵੀ ਪੜ੍ਹੋ : ਦੁੱਖ ਭਰੀ ਖ਼ਬਰ: ਦਿੱਲੀ ਧਰਨੇ ਤੋਂ ਪਰਤੇ ਇਕ ਹੋਰ ਕਿਸਾਨ ਦੀ ਹੋਈ ਮੌਤ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।