ਪਾਸਟਰ ਬਜਿੰਦਰ ਪਹਿਲਾਂ ਵੀ ਕੱਟ ਚੁੱਕਿਆ ਹੈ ਜੇਲ, ਫਿਰ ਦੇਸ਼-ਵਿਦੇਸ਼ ’ਚ ਖੋਲ੍ਹੀਆਂ ਬ੍ਰਾਂਚਾਂ

Wednesday, Apr 02, 2025 - 03:28 AM (IST)

ਪਾਸਟਰ ਬਜਿੰਦਰ ਪਹਿਲਾਂ ਵੀ ਕੱਟ ਚੁੱਕਿਆ ਹੈ ਜੇਲ, ਫਿਰ ਦੇਸ਼-ਵਿਦੇਸ਼ ’ਚ ਖੋਲ੍ਹੀਆਂ ਬ੍ਰਾਂਚਾਂ

ਮੋਹਾਲੀ (ਜਸਬੀਰ ਜੱਸੀ)- ਪਾਸਟਰ ਬਜਿੰਦਰ ਦਾ ਪਿਛੋਕੜ ਹਰਿਆਣੇ ਦਾ ਦੱਸਿਆ ਜਾਂਦਾ ਹੈ | ਉਸ ਦਾ ਜਨਮ ਯਮੁਨਾਨਗਰ ’ਚ ਇਕ ਜੱਟ ਪਰਿਵਾਰ ’ਚ ਹੋਇਆ ਸੀ | ਉਸ ਦਾ ਪਿਤਾ ਕਿਸਾਨ ਹੋਣ ਦੇ ਨਾਲ-ਨਾਲ ਸਰਕਾਰੀ ਮੁਲਾਜ਼ਮ ਵੀ ਰਿਹਾ। ਉਸ ਨੂੰ ਪਹਿਲਾਂ ਵੀ ਕਤਲ ਕੇਸ ’ਚ ਜੇਲ ਭੇਜਿਆ ਗਿਆ ਸੀ। ਉਸ ਨੇ 2012 ’ਚ ਈਸਾਈ ਧਰਮ ਅਪਣਾ ਲਿਆ ਤੇ ਪ੍ਰਾਰਥਨਾ ਸਭਾਵਾਂ ਸ਼ੁਰੂ ਕਰ ਦਿੱਤੀਆਂ | ਉਸ ਨੇ ਚਮਤਕਾਰ ਨਾਲ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਦਾ ਦਾਅਵਾ ਕੀਤਾ| ਉਸ ਦੀਆਂ ਭਾਰਤ ’ਚ 20 ਤੇ ਵਿਦੇਸ਼ਾਂ ’ਚ 12 ਬ੍ਰਾਂਚਾਂ ਦੱਸੀਆਂ ਜਾ ਰਹੀਆਂ ਹਨ | 

ਉਸ ਦਾ ਆਪਣਾ ਯੂ-ਟਿਊਬ ਚੈਨਲ ਵੀ ਸੀ, ਜਿੱਥੇ ਉਹ ਆਪਣੇ ਭਗਤਾਂ ਨੂੰ ਪ੍ਰਾਰਥਨਾ ਕਰਨ ਤੇ ਚਮਤਕਾਰ ਕਰਨ ਬਾਰੇ ਜਾਣਕਾਰੀ ਦਿੰਦਾ ਸੀ | ਜ਼ੀਰਕਪੁਰ ’ਚ ਬਲਾਤਕਾਰ ਦਾ ਪਰਚਾ ਦਰਜ ਹੋਣ ਤੋਂ ਬਾਅਦ ਉਸ ਨੂੰ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ | ਉਹ ਇਸ ਸਮੇਂ ਜ਼ਿਲਾ ਮੋਹਾਲੀ ਦੇ ਨਿਊ  ਚੰਡੀਗੜ੍ਹ ਦੇ  ਓਮੈਕਸ ਸੁਸਾਇਟੀ ‘ਚ ਆਪਣੇ ਪਰਿਵਾਰ ਨਾਲ ਰਹਿ ਰਿਹਾ ਸੀ |

ਮਾਜਰੀ ਥਾਣੇ ’ਚ ਇਕ ਹੋਰ ਮਾਮਲਾ ਦਰਜ :
ਪਾਸਟਰ  ਬਜਿੰਦਰ ਖ਼ਿਲਾਫ਼ ਇਕ ਹੋਰ ਪੀੜਤਾ ਦੇ ਬਿਆਨਾਂ ’ਤੇ ਮਾਮਲਾ ਦਰਜ ਕੀਤਾ ਗਿਆ ਹੈ | ਪੀੜਤਾ  ਨੇ ਪੁਲਸ ਨੂੰ ਦੱਸਿਆ ਸੀ ਕਿ ਪਾਸਟਰ ਨੇ ਉਸ ਨਾਲ ਗ਼ਲਤ ਹਰਕਤਾਂ ਕੀਤੀਆਂ ਅਤੇ ਅਸ਼ਲੀਲ  ਮੈਸਜ ਭੇਜਣੇ ਸ਼ੁਰੂ ਕਰ ਦਿੱਤੇ | 2022 ’ਚ ਉਸ ਨੇ ਕੈਬਿਨ ’ਚ ਲਿਜਾ ਕੇ ਗ਼ਲਤ ਹਰਕਤਾਂ  ਕੀਤੀਆਂ ਤੇ ਧਮਕਾਇਆ ਕਿ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਉਹ ਉਸ ਦੇ ਪਰਿਵਾਰ ਨੂੰ ਜਾਨੋਂ ਮਾਰ ਦੇਵੇਗਾ। ਇਸ ਮਾਮਲੇ ਦੀ ਜਾਂਚ ਐੱਸ. ਆਈ. ਟੀ. ਕਰ ਰਹੀ ਹੈ | ਉਸ ਖ਼ਿਲਾਫ਼  ਦੂਜਾ ਮਾਮਲਾ ਥਾਣਾ ਮਾਜਰੀ ਵਿਖੇ ਧਾਰਾ 74, 126(2), 115(2) ਤੇ 351(2) ਤਹਿਤ ਦਰਜ  ਕੀਤਾ ਗਿਆ ਹੈ | 

ਉਕਤ ਔਰਤ ਦਾ ਦੋਸ਼ ਹੈ ਕਿ ਉਹ ਪਾਸਟਰ ਦੀ ਸ਼ਰਧਾਲੂ ਸੀ | ਪਾਸਟਰ  ਨੇ ਉਸ ਨਾਲ ਦੁਰਵਿਵਹਾਰ ਕੀਤਾ, ਉਸ ਨੂੰ ਥੱਪੜ ਮਾਰੇ, ਉਸ ਦਾ ਗਲ ਘੁੱਟਣ ਦੀ ਕੋਸ਼ਿਸ਼  ਕੀਤੀ, ਖ਼ਾਲੀ ਕਾਗ਼ਜ਼ਾਂ ’ਤੇ ਦਸਤਖ਼ਤ ਕਰਵਾਏ ਤੇ ਉਸ ਦਾ ਆਧਾਰ ਕਾਰਡ ਤੇ ਪੈਨ ਕਾਰਡ ਵੀ ਵਾਪਸ ਕਰਨ ਤੋਂ ਮਨ੍ਹਾ ਕਰ ਦਿੱਤਾ| ਪਾਸਟਰ ਬਜਿੰਦਰ ਦੇ ਕੁਝ ਕੁ ਹਮਾਇਤੀ  ਚੁੱਪ-ਚਪੀਤੇ ਅਦਾਲਤੀ ਕੰਪਲੈਕਸ ਦੇ ਬਾਹਰ ਤੇ ਅੰਦਰ ਪਹੁੰਚ ਗਏ ਸਨ ਪਰ ਪੁਲਸ ਦੀ ਸਖ਼ਤਾਈ  ਕਾਰਨ ਉਹ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜ਼ੀ ਨਹੀਂ ਕਰ ਸਕੇ। ਪੁਲਸ ਨੇ ਮੀਡੀਆ ਨੂੰ ਵੀ  ਪਾਸਟਰ ਤੋਂ ਦੂਰ ਰੱਖਿਆ|  


author

Inder Prajapati

Content Editor

Related News