ਪਾਸਟਰ ਅੰਕੁਰ ਨਰੂਲਾ ਦਾ ਅੰਮ੍ਰਿਤਪਾਲ ਸਿੰਘ ਨੂੰ ਜਵਾਬ, ਤੁਸੀਂ ਆਪ ਕਰ ਰਹੇ ਹੋ ਆਪਣੇ ਧਰਮ ਦੀ ਬੇਅਦਬੀ

10/21/2022 5:42:42 PM

ਜਲੰਧਰ : ਅੰਮ੍ਰਿਤਪਾਲ ਸਿੰਘ ਵੱਲੋਂ ਯਿਸ਼ੂ ਮਸੀਹ ਬਾਰੇ ਦਿੱਤਾ ਬਿਆਨ ਤੂਲ ਫੜਦਾ ਜਾ ਰਿਹਾ ਹੈ। ਇਸ ਦਾ ਜਿੱਥੇ ਇਸਾਈ ਭਾਈਚਾਰੇ ਵੱਲੋਂ ਲਗਾਤਾਰ ਵਿਰੋਧ ਕਰ ਕੇ ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਜਾ ਰਹੀ ਹੈ , ਉੱਥੇ ਅੱਜ ਇਸਾਈ ਧਰਮ ਦੇ ਪ੍ਰਚਾਰਕ ਪਾਸਟਰ ਅੰਕੁਰ ਨਰੂਲਾ ਨੇ ਵੀ ਆਪਣਾ ਪ੍ਰਤੀਕਰਮ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ - ਵ੍ਹਾਈਟ ਹਾਊਸ ਦੇ ਸਾਹਮਣੇ ਡਟਿਆ ਈਸਾਈ ਭਾਈਚਾਰਾ, ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਕੀਤਾ ਪ੍ਰਦਰਸ਼ਨ

ਇਕ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਪਾਸਟਰ ਅੰਕੁਰ ਨਰੂਲਾ ਨੇ ਅੰਮ੍ਰਿਤਪਾਲ ਨੂੰ ਜਵਾਬ ਦਿੰਦਿਆਂ ਕਿਹਾ ਹੈ ਕਿ ਉਨ੍ਹਾਂ ਵੱਲੋਂ ਜਾਂ ਕਿਸੇ ਹੋਰ ਪਾਸਟਰ ਵੱਲੋਂ ਕਦੀ ਵੀ ਸਿੱਖ ਜਾਂ ਕਿਸੇ ਹੋਰ ਧਰਮ ਬਾਰੇ ਗਲਤ ਨਹੀਂ ਬੋਲਿਆ ਗਿਆ। ਅੰਮ੍ਰਿਤਪਾਲ ਜਿਹੜੇ ਦੋਸ਼ ਇਸਾਈ ਭਾਈਚਾਰੇ 'ਤੇ ਲਗਾ ਰਹੇ ਹਨ, ਉਹ ਬੇਬੁਨਿਆਦ ਹਨ। ਉਹ ਖ਼ੁਦ ਤਕਰੀਬਨ 10 ਹਜ਼ਾਰ ਪਾਸਟਰਾਂ ਨੂੰ ਮਿਲ ਚੁੱਕੇ ਹਨ, ਕਿਸੇ ਨੇ ਵੀ ਕਦੀ ਸਿੱਖ ਗੁਰੂਆਂ ਬਾਰੇ ਗਲਤ ਸ਼ਬਦ ਨਹੀ ਵਰਤੇ। ਯਿਸ਼ੂ ਮਸੀਹ ਤੇ ਬਾਈਬਲ ਐਨੀ ਡੂੰਘੀ ਹੈ ਕਿ ਸਾਨੂੰ ਕਿਸੇ ਧਰਮ ਨੂੰ ਭੰਡਣ ਦੀ ਲੋੜ ਨਹੀ ਹੈ। ਉਨ੍ਹਾਂ ਕੋਲ ਬਾਈਬਲ 'ਚ ਹੀ ਪ੍ਰਚਾਰ ਕਰਨ ਲਈ ਕਾਫ਼ੀ ਕੁੱਝ ਹੈ। ਉਨ੍ਹਾਂ ਅੰਮ੍ਰਿਤਪਾਲ ਨੂੰ ਕਿਹਾ ਕਿ ਉਹ ਜਿਹੜੀਆਂ ਗੱਲਾਂ ਕਹਿਣ ਦਾ ਦੋਸ਼ ਇਸਾਈ ਧਰਮ ਦੇ ਪ੍ਰਚਾਰਕਾਂ 'ਤੇ ਲਗਾ ਰਹੇ ਹਨ, ਉਹ ਇਸ ਦੀ ਵੀਡੀਓ ਦਿਖਾਉਣ। ਕਿਸੇ ਵੀ ਪਾਸਟਰ ਨੇ ਗੁਰੂ, ਗੁਰਬਾਣੀ ਜਾਂ ਲੰਗਰ ਨੂੰ ਸ਼ੈਤਾਨ ਨਹੀਂ ਕਿਹਾ। ਸਗੋਂ ਅੰਮ੍ਰਿਤਪਾਲ ਖੁਦ ਇਨ੍ਹਾਂ ਚੀਜ਼ਾਂ ਲਈ ਵਾਰ-ਵਾਰ ਸ਼ੈਤਾਨ ਲਫ਼ਜ਼ ਦੀ ਵਰਤੋਂ ਕਰ ਕੇ ਬੇਅਦਬੀ ਕਰ ਰਹੇ ਹਨ। ਅੰਮ੍ਰਿਤਪਾਲ ਸਿੰਘ ਵੱਲੋਂ ਪੋਪ ਵੱਲੋਂ ਸਰੀਰਕ ਸ਼ੋਸ਼ਣ ਮਾਮਲੇ 'ਚ ਮੰਗੀ ਮਾਫ਼ੀ ਵਾਲੇ ਬਿਆਨ ਦਾ ਜਵਾਬ ਦਿੰਦਿਆਂ ਨਰੂਲਾ ਨੇ ਕਿਹਾ ਕਿ ਧਰਮ ਬੰਦੇ ਨੂੰ ਗਲਤ ਕੰਮ ਨਹੀ ਸਿਖਾਉਂਦਾ। ਜਿਹੜਾ ਵਿਅਕਤੀ ਗਲਤ ਕੰਮ ਕਰਦਾ ਹੈ, ਉਹ ਬੰਦਾ ਗਲਤ ਹੈ, ਧਰਮ ਨਹੀਂ। ਇਸ ਅਧਾਰ 'ਤੇ ਕਿਸੇ ਧਰਮ ਨੂੰ ਗਲਤ ਨਹੀਂ ਕਿਹਾ ਜਾ ਸਕਦਾ।

 

 

ਸ਼ਾਂਤੀ ਕਾਇਮ ਰੱਖੇਗਾ ਇਸਾਈ ਭਾਈਚਾਰਾ, ਗੱਲਬਾਤ ਨਾਲ ਕੱਢਾਂਗੇ ਹੱਲ - ਨਰੂਲਾ

ਇਸ ਦੌਰਾਨ ਅੰਕੁਰ ਨਰੂਲਾ ਨੇ ਇਸਾਈ ਭਾਈਚਾਰੇ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਧਰਨੇ ਪ੍ਰਦਰਸ਼ਨ ਨਾ ਕਰਨ ਸਗੋਂ ਆਪਣਾ ਕੰਮ ਕਰਦੇ ਰਹਿਣ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਸਾਰਿਆਂ ਨੂੰ ਆਪਸ 'ਚ ਲੜਾਉਣਾ ਚਾਹੁੰਦਾ ਹੈ ਪਰ ਇਸਾਈ ਭਾਈਚਾਰੇ ਵੱਲੋਂ ਸ਼ਾਂਤੀ ਕਾਇਮ ਰੱਖੀ ਜਾਵੇਗੀ। ਨਰੂਲਾ ਨੇ ਕਿਹਾ ਕਿ ਅਸੀਂ ਧਰਨੇ ਪ੍ਰਦਰਸ਼ਨ ਕਰਨ ਦੀ ਬਜਾਏ ਸ਼ਾਂਤੀ ਮੀਟਿੰਗਾਂ ਕਰਾਂਗੇ। ਭਾਈਚਾਰੇ ਵੱਲੋਂ ਇਕ ਐਕਸ਼ਨ ਕਮੇਟੀ ਦਾ ਗਠਨ ਕੀਤਾ ਜਾ ਰਿਹਾ ਹੈ ਜੋ ਗੱਲਬਾਤ ਰਾਹੀਂ ਮਸਲੇ ਨੂੰ ਸ਼ਾਂਤ ਕਰੇਗੀ। ਇਹ ਕਮੇਟੀ ਸਿੱਖ ਭਾਈਚਾਰੇ ਦੇ ਆਗੂਆਂ ਨਾਲ ਵੀ ਰਾਬਤਾ ਕਾਇਮ ਕਰੇਗੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਤਕ ਪਹੁੰਚ ਰੱਖੇਗੀ।


Harnek Seechewal

Content Editor

Related News