ਪੋਸਟ ਆਫਿਸ ਦੀ ਲਾਪ੍ਰਵਾਹੀ, 250 ਤੋਂ ਜ਼ਿਆਦਾ ਪਾਸਪੋਰਟ ਗਾਇਬ
Tuesday, Jan 30, 2018 - 03:21 AM (IST)
ਬਠਿੰਡਾ(ਵਰਮਾ)-ਪੋਸਟ ਆਫਿਸ ਬਠਿੰਡਾ ਵਿਚ 250 ਪੋਸਟ ਗਾਇਬ ਹੋਣ ਕਾਰਨ ਲੋਕਾਂ ਵਿਚ ਰੋਸ ਹੈ। ਜਾਣਕਾਰੀ ਲੈਣ ਗਏ ਪਾਸਪੋਰਟ ਧਾਰਕਾਂ ਨਾਲ ਪੋਸਟ ਆਫਿਸ ਕਰਮਚਾਰੀਆਂ ਵੱਲੋਂ ਬਦਸਲੂਕੀ ਕੀਤੀ ਗਈ। ਇਹ ਪਾਸਪੋਰਟ ਚੰਡੀਗੜ੍ਹ ਵੱਲੋਂ ਪਾਸਪੋਰਟ ਧਾਰਕਾਂ ਨੂੰ ਜਾਰੀ ਕਰਨ ਲਈ ਭੇਜੇ ਗਏ ਸਨ। ਇਸ ਸਬੰਧੀ ਗੱਲਬਾਤ ਕਰਦਿਆਂ ਸੰਜੇ ਛਿੱਬਰ ਬਠਿੰਡਾ, ਸਵਰਣ ਸਿੰਘ ਬਠਿੰਡਾ, ਕਰਮਜੀਤ ਕੌਰ ਬਾਂਡੀ, ਨਵਦੀਪ ਕੁਮਾਰ ਸਰਦੂਲਗੜ੍ਹ ਤੇ ਅਮਨ ਨੇ ਦੱਸਿਆ ਕਿ ਉਨ੍ਹਾਂ ਸਾਰਿਆਂ ਨੇ ਵੱਖ-ਵੱਖ ਤਰੀਕਾਂ ਵਿਚ ਚੰਡੀਗੜ੍ਹ, ਲੁਧਿਆਣਾ ਅਤੇ ਬਠਿੰਡਾ ਅਥਾਰਟੀ ਕੋਲ ਪਾਸਪੋਰਟ ਬਣਾਉਣ ਲਈ ਅਪਲਾਈ ਕੀਤਾ ਹੋਇਆ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਾਸਪੋਰਟ ਬਣਨ ਸਬੰਧੀ ਪਾਸਪੋਰਟ ਅਥਾਰਟੀ ਨਾਲ ਉਨ੍ਹਾਂ ਦੇ ਮੋਬਾਇਲ 'ਤੇ ਮੈਸੇਜ ਵੀ ਆ ਗਿਆ ਸੀ, ਜਿਸ ਸਬੰਧੀ ਉਹ ਆਪਣਾ ਪਾਸਪੋਰਟ ਲੈਣ ਮੈਸੇਜ 'ਚ ਆਧਾਰਿਤ ਤਰੀਕ 'ਤੇ ਬਠਿੰਡਾ ਦੇ ਮੇਨ ਆਫਿਸ 'ਚ ਪਹੁੰਚੇ, ਜਿਥੇ ਤਾਇਨਾਤ ਪੋਸਟ ਮਾਸਟਰ ਪਰਸ਼ੋਤਮ ਦਾਸ ਨੇ ਪਹਿਲਾਂ ਉਨ੍ਹਾਂ ਨੂੰ ਇਕ ਦੋ ਦਿਨ 'ਚ ਆਉਣ ਦਾ ਕਹਿ ਕੇ ਟਾਲ ਦਿੱਤਾ ਪਰ ਹੁਣ ਜਦੋਂ ਫਿਰ ਉਹ ਆਪਣੇ ਪਾਸਪੋਰਟ ਸਬੰਧੀ ਪੁੱਛਣ ਲਈ ਪੋਸਟ ਮਾਸਟਰ ਦਾਸ ਦੇ ਕੋਲ ਪਹੁੰਚੇ ਤਾਂ ਪਹਿਲਾਂ ਉਸ ਨੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਜਦੋਂ ਗਾਇਬ ਹੋਣ ਸਬੰਧੀ ਲਾਪ੍ਰਵਾਹੀ ਵਰਤਣ ਬਾਰੇ ਗੱਲ ਕਰਨੀ ਚਾਹੀ ਤਾਂ ਉਸ ਨੇ ਉਨ੍ਹਾਂ ਦੀ ਕੋਈ ਨਹੀਂ ਸੁਣੀ। ਪੀੜਤ ਲੋਕਾਂ ਨੇ ਦੱਸਿਆ ਕਿ ਉਕਤ ਗੁੰਮ ਪਾਸਪੋਰਟ ਕਈ ਸਰਕਾਰੀ ਕਰਮੀਆਂ ਦੇ ਵੀ ਸਨ ਅਤੇ ਕਈ ਲੋਕਾਂ ਕੋਲ ਵੀਜ਼ਾ ਹੈ ਜਿਨ੍ਹਾਂ ਨੇ ਪਾਸਪੋਰਟ ਦੀ ਤਰੀਕ ਅੱਗੇ ਵਧਾਉਣ ਲਈ ਅਪਲਾਈ ਕੀਤਾ ਸੀ।
ਕੀ ਕਹਿੰਦਾ ਹੈ ਪੋਸਟ ਮਾਸਟਰ
ਇਸ ਸਬੰਧੀ ਜਦੋਂ ਪੋਸਟ ਆਫਿਸ ਬਠਿੰਡਾ ਦੇ ਪੋਸਟ ਮਾਸਟਰ ਪਰਸ਼ੋਤਮ ਦਾਸ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਚੰਡੀਗੜ੍ਹ ਲੈਵਲ 'ਤੇ ਕੀਤੀ ਜਾ ਰਹੀ ਹੈ ਅਤੇ ਜਾਂਚ ਵਿਚ ਜੋ ਵੀ ਦੋਸ਼ੀ ਪਾਇਆ ਗਿਆ, ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ। ਲੋਕਾਂ ਨਾਲ ਬਦਸਲੂਕੀ ਕਰਨ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਜੇਕਰ ਲੋਕਾਂ ਨੂੰ ਕੁਝ ਗਲਤ ਲੱਗਿਆ ਹੈ ਤਾਂ ਉਹ ਉਨ੍ਹਾਂ ਤੋਂ ਮੁਆਫੀ ਮੰਗਦੇ ਹਨ।
ਕੀ ਕਹਿੰਦੇ ਹਨ ਡੀ. ਸੀ.
ਡੀ.ਸੀ. ਦੀਪਰਵਾ ਲਾਕਰਾ ਨਾਲ ਜਦੋਂ ਇਸ ਸਬੰਧੀ ਗੱਲ ਕੀਤੀ ਤਾਂ ਉਨ੍ਹਾਂ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਬਹੁਤ ਗੰਭੀਰ ਮਾਮਲਾ ਹੈ ਜੋ ਰਾਸ਼ਟਰੀ ਹਿੱਤ ਨਾਲ ਜੁੜਿਆ ਹੋਇਆ ਹੈ। ਇਹ ਪਾਸਪੋਰਟ ਅਸਮਾਜਿਕ ਤੱਤਾਂ ਦੇ ਹੱਥ ਵੀ ਲੱਗ ਸਕਦੇ ਹਨ, ਜਿਸ ਦੀ ਦੁਰਵਰਤੋਂ ਕੀਤੀ ਜਾ ਸਕਦੀ ਹੈ। ਇਸਦੀ ਗਹਿਰਾਈ ਨਾਲ ਜਾਂਚ ਕਰਵਾਈ ਜਾਵੇਗੀ ਤੇ ਲਾਪ੍ਰਵਾਹੀ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮਾਮਲੇ ਵਿਚ ਪੋਸਟ ਮਾਸਟਰ ਨੂੰ ਵੀ ਕਟਹਿਰੇ ਵਿਚ ਖੜ੍ਹਾ ਕੀਤਾ ਜਾਵੇਗਾ।
