ਸਖ਼ਤ ਸੁਰੱਖਿਆ ਹੇਠ ਸਿੰਗਾਪੁਰ ਇੰਟਰਨੈਸ਼ਨਲ ਫਲਾਈਟ ਦੇ ਯਾਤਰੀ ਜਲੰਧਰ ਪਹੁੰਚਦੇ ਹੀ ਕੁਆਰੰਟਾਈਨ

Monday, Jun 15, 2020 - 04:37 PM (IST)

ਜਲੰਧਰ(ਪੁਨੀਤ) – ਸਿੰਗਾਪੁਰ ਦੇ ਇੰਟਰਨੈਸ਼ਨਲ ਜਹਾਜ਼ ਰਾਹੀਂ ਆਉਣ ਵਾਲੇ ਯਾਤਰੀਆਂ ਨੂੰ ਲੈਣ ਲਈ ਪੰਜਾਬ ਰੋਡਵੇਜ਼ ਡਿਪੂ-1 ਦੀ ਬੱਸ ਨੂੰ ਅੰਮ੍ਰਿਤਸਰ ਇੰਟਰਨੈਸ਼ਨਲ ਏਅਰਪੋਰਟ ਲਈ ਰਵਾਨਾ ਕੀਤਾ ਗਿਆ ਹੈ। ਜਹਾਜ਼ ਰਾਤ 9 ਵਜੇ ਲੈਂਡ ਹੋਇਆ, ਜਿਸ ਵਿਚ 9 ਯਾਤਰੀ ਜਲੰਧਰ ਪਹੁੰਚੇ। ਉਨ੍ਹਾਂ ਨੂੰ ਬੱਸ ਰਾਹੀਂ ਜਲੰਧਰ ਲਿਆਉਂਦੇ ਹੀ ਅਲਹਿਦਾ(ਕੁਆਰੰਟਾਈਨ) ਕਰ ਦਿੱਤਾ ਗਿਆ ਹੈ। ਹੁਣ ਇਨ੍ਹਾਂ ਦੇ ਟੈਸਟ ਹੋਣਗੇ। ਉਥੇ ਹੀ 2 ਦਿਨ ਤੋਂ ਬੰਦ ਪਏ ਰੂਟ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਚਾਲੂ ਕਰਨ ਦੇ ਹੁਕਮ ਵਿਭਾਗ ਵਲੋਂ ਜਾਰੀ ਕਰ ਦਿੱਤੇ ਗਏ ਹਨ। ਇਨ੍ਹਾਂ ਰੂਟਾਂ ਵਿਚੋਂ ਸਿਰਫ ਚੰਡੀਗੜ੍ਹ ਦੀਆਂ ਬੱਸਾਂ ਨਹੀਂ ਭੇਜੀਆਂ ਜਾਣਗੀਆਂ ਕਿਉਂਕਿ ਪ੍ਰਸ਼ਾਸਨ ਵਲੋਂ 30 ਜੂਨ ਤੱਕ ਚੰਡੀਗੜ੍ਹ ਦਾ ਰੂਟ ਬੰਦ ਕਰ ਦਿੱਤਾ ਜਾ ਚੁੱਕਾ ਹੈ।

ਇਸ ਤੋਂ ਇਲਾਵਾ ਪੰਜਾਬ ਦੇ ਬਾਕੀ ਸ਼ਹਿਰਾਂ ਲਈ ਸੋਮਵਾਰ ਤੋਂ ਬੱਸਾਂ ਰਵਾਨਾ ਕੀਤੀਆਂ ਜਾਣਗੀਆਂ, ਜਿਸ ਰੂਟ ’ਤੇ ਯਾਤਰੀ ਜ਼ਿਆਦਾ ਹੋਣਗੇ, ਉਸ ਰੂਟ ’ਤੇ ਬੱਸਾਂ ਜ਼ਿਆਦਾ ਚਲਾਈਆਂ ਜਾਣਗੀਆਂ। ਅੱਜ ਬੱਸ ਅੱਡਾ ਪੂਰੀ ਤਰ੍ਹਾਂ ਬੰਦ ਰਿਹਾ ਅਤੇ ਕਿਸੇ ਵੀ ਪ੍ਰਾਈਵੇਟ ਕੰਪਨੀ ਦੀ ਜਾਂ ਸਰਕਾਰੀ ਬੱਸ ਨਹੀਂ ਚਲਾਈ ਗਈ। ਬੀਤੇ ਦਿਨ ਕੁਵੈਤ ਦੇ ਇੰਟਰਨੈਸ਼ਨਲ ਫਲਾਈਟ ਵਿਚ ਆ ਰਹੇ ਸਿਰਫ 2 ਯਾਤਰੀਆਂ ਕਾਰਣ ਉਸ ਫਲਾਈਟ ਨੂੰ ਕੈਂਸਲ ਕਰ ਦਿੱਤਾ ਗਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇੰਟਰਨੈਸ਼ਨਲ ਫਲਾਈਟ ਵਿਚ ਆਉਣ ਵਾਲੇ ਯਾਤਰੀਆਂ ਦੀ ਗਿਣਤੀ ਨੂੰ ਵੇਖ ਹੀ ਬੱਸਾਂ ਚਲਾਈਆਂ ਜਾ ਰਹੀਆਂ ਹਨ। ਅੱਜ ਪ੍ਰਾਈਵੇਟ ਬੱਸਾਂ ਵੀ ਚੱਲਣਗੀਆਂ। ਉਥੇ ਹੀ ਚੰਡੀਗੜ੍ਹ ਏਅਰਪੋਰਟ ਵਲੋਂ ਬੱਸਾਂ ਚਲਾਉਣ ’ਤੇ 30 ਜੂਨ ਤੱਕ ਰੋਕ ਲੱਗੀ ਹੋਈ ਹੈ ਪਰ ਇੰਟਰਨੈਸ਼ਨਲ ਫਲਾਈਟਾਂ ਵਿਚ ਆਉਣ ਵਾਲੇ ਯਾਤਰੀਆਂ ਨੂੰ ਲਿਆਉਣ ਲਈ ਡੀ. ਸੀ. ਵਲੋਂ ਇਜਾਜ਼ਤ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਦੇ ਹੁਕਮਾਂ ਅਨੁਸਾਰ ਹੀ ਚੰਡੀਗੜ੍ਹ ਏਅਰਪੋਰਟ ’ਤੇ ਬੱਸਾਂ ਜਾ ਰਹੀਆਂ ਹਨ।
 


Harinder Kaur

Content Editor

Related News