ਪ੍ਰਤਾਪ ਸਿੰਘ ਬਾਜਵਾ ਨੇ ਆਪਣੀ ਸਰਕਾਰ ਖਿਲਾਫ਼ ਉਠਾਇਆ ਮੁੱਦਾ

11/15/2017 12:17:08 AM

ਗੁਰਦਾਸਪੁਰ (ਹਰਮਨਪ੍ਰੀਤ ਸਿੰਘ) - ਜ਼ਿਲਾ ਗੁਰਦਾਸਪੁਰ ਨਾਲ ਸਬੰਧਤ ਰਾਜ ਸਭਾ ਮੈਂਬਰ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਆਪਣੀ ਹੀ ਪਾਰਟੀ ਦੀ ਸਰਕਾਰ ਵਿਚ ਗੰਨਾ ਕਾਸ਼ਤਕਾਰਾਂ ਨਾਲ ਬੇਇਨਸਾਫ਼ੀ ਹੋਣ ਦਾ ਮੁੱਦਾ ਚੁੱਕਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਇਸ ਮਾਮਲੇ 'ਚ ਜੁਆਬ ਮੰਗਿਆ ਹੈ। 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਪੰਜਾਬ 'ਚ ਗੰਨੇ ਦਾ ਮੁੱਲ ਨਹੀਂ ਵਧਾਇਆ ਗਿਆ, ਜਿਸ ਕਾਰਨ ਗੰਨਾ ਕਾਸ਼ਤਕਾਰ ਪਹਿਲਾਂ ਹੀ ਕਾਫੀ ਨਿਰਾਸ਼ ਹਨ। ਉਨ੍ਹਾਂ ਕਿਹਾ ਕਿ ਹੁਣ ਜਦੋਂ ਖੰਡ ਦੇ ਰੇਟ 'ਚ ਪਿਛਲੇ ਸਾਲਾਂ ਦੇ ਮੁਕਾਬਲੇ ਵੱਧ ਕੇ 4100 ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚ ਗਿਆ ਹੈ ਤਾਂ ਵੀ ਪੰਜਾਬ ਸਰਕਾਰ ਨੇ ਗੰਨੇ ਦਾ ਰੇਟ ਨਹੀਂ ਵਧਾਇਆ ਜਦੋਂ ਕਿ ਹਰਿਆਣਾ ਸਰਕਾਰ ਨੇ ਗੰਨੇ ਦਾ ਰੇਟ ਵਧਾ ਕੇ 330 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦੇ ਕਿਸਾਨਾਂ ਨਾਲ ਸਿੱਧੇ ਤੌਰ 'ਤੇ ਬੇਇਨਸਾਫੀ ਹੈ ਕਿਉਂਕਿ ਇਥੇ ਅਜੇ ਵੀ ਗੰਨੇ ਦਾ ਰੇਟ 285 ਤੋਂ 300 ਰੁਪਏ ਹੀ ਦਿੱਤਾ ਜਾ ਰਿਹਾ ਹੈ।   ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਸਹਿਕਾਰੀ ਮਿੱਲਾਂ ਪਹਿਲਾਂ ਹੀ ਸਿਰਫ਼ 30 ਫੀਸਦੀ ਗੰਨਾ ਪੀੜਦੀਆਂ ਹਨ ਜਦੋਂ ਕਿ 70 ਫੀਸਦੀ ਗੰਨਾ ਪ੍ਰਾਈਵੇਟ ਮਿੱਲਾਂ ਵੱਲੋਂ ਚੁੱਕਿਆ ਜਾਂਦਾ ਹੈ। ਇਸ ਲਈ ਜੇਕਰ ਸਰਕਾਰ ਗੰਨੇ ਦਾ ਰੇਟ ਵਧਾਉਂਦੀ ਹੈ ਤਾਂ ਇਸ ਦਾ ਸਰਕਾਰ 'ਤੇ ਕੋਈ ਬਹੁਤਾ ਬੋਝ ਪੈਣ ਵਾਲਾ ਨਹੀਂ ਹੈ। ਇਸ ਲਈ ਕੈਪਟਨ ਸਰਕਾਰ ਤੁਰੰਤ ਗੰਨੇ ਦੇ ਰੇਟ 'ਚ ਵਾਧਾ ਕਰ ਕੇ ਕਿਸਾਨਾਂ ਨੂੰ ਰਾਹਤ ਦੇਵੇ।


Related News