ਬਾਜਵਾ ਤੇ ਦੂਲੋ ਜਿਸ ਥਾਲੀ ''ਚ ਖਾਂਦੇ ਹਨ, ਉਸੇ ''ਚ ਛੇਕ ਕਰਦੇ ਹਨ : ਜਾਖੜ
Tuesday, Aug 04, 2020 - 08:57 PM (IST)
ਚੰਡੀਗੜ੍ਹ/ਜਲੰਧਰ,(ਅਸ਼ਵਨੀ, ਧਵਨ)- ਜ਼ਹਿਰੀਲੀ ਸ਼ਰਾਬ ਮਾਮਲੇ 'ਤੇ ਚੌਤਰਫਾ ਹਮਲੇ ਨੇ ਪੰਜਾਬ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਸੋਮਵਾਰ ਨੂੰ 7 ਮੰਤਰੀਆਂ ਵਲੋਂ ਸਰਕਾਰ ਦਾ ਬਚਾਅ ਕਰਨ ਤੋਂ ਬਾਅਦ ਵੀ ਵਿਰੋਧੀ ਸੁਰਾਂ ਨਰਮ ਨਹੀਂ ਪੈ ਰਹੀਆਂ। ਮੰਗਲਵਾਰ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਸਰਕਾਰ 'ਤੇ ਸਵਾਲ ਚੁੱਕਣ ਵਾਲੇ ਕਾਂਗਰਸੀ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋ ਨੂੰ ਕਰੜੇ ਹੱਥੀਂ ਲਿਆ। ਜਾਖੜ ਨੇ ਕਿਹਾ ਕਿ ਕਾਂਗਰਸੀ ਸੰਸਦਾਂ ਮੈਂਬਰਾਂ ਦਾ ਰਵੱਈਆ ਪਾਰਟੀ ਵਿਰੋਧੀ ਹੈ ਅਤੇ ਇਸ ਘੋਰ ਅਨੁਸ਼ਾਸਨਹੀਣਤਾ ਵਿਰੁੱਧ ਹਾਈਕਮਾਨ ਅੱਗੇ ਕਾਰਵਾਈ ਦੀ ਸਿਫਾਰਿਸ਼ ਕੀਤੀ ਜਾਵੇਗੀ।
ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋ 'ਤੇ ਤਿੱਖਾ ਹਮਲਾ ਕਰਦੇ ਹੋਏ ਜਾਖੜ ਨੇ ਕਿਹਾ ਕਿ ਇਹ ਜਿਸ ਥਾਲੀ ਵਿਚ ਖਾਂਦੇ ਹਨ, ਉਸੇ ਵਿਚ ਛੇਕ ਕਰਦੇ ਹਨ। ਜਾਖੜ ਨੇ ਕਿਹਾ ਕਿ ਬਾਜਵਾ ਅਤੇ ਦੂਲੋ ਦੀ ਘੋਰ ਅਨੁਸ਼ਾਸਨਹੀਣਤਾ ਵਿਰੁੱਧ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੂੰ ਪੱਤਰ ਲਿਖਣਗੇ, ਜਿਨ੍ਹਾਂ ਨੇ ਆਪਣੀ ਸਰਕਾਰ 'ਤੇ ਹੀ ਹਮਲਾ ਕਰਨ ਦਾ ਰਾਹ ਫੜ੍ਹ ਲਿਆ ਹੈ। ਅਜਿਹੇ ਮੈਂਬਰਾਂ ਨੂੰ ਪਾਰਟੀ ਨੂੰ ਕੋਈ ਹੋਰ ਗੰਭੀਰ ਨੁਕਸਾਨ ਪਹੁੰਚਾਉਣ ਤੋਂ ਪਹਿਲਾਂ ਹੀ ਬਾਹਰ ਦਾ ਰਾਹ ਵਿਖਾ ਦੇਣਾ ਚਾਹੀਦਾ ਹੈ। ਜਾਖੜ ਨੇ ਦੋਵਾਂ ਸੰਸਦ ਮੈਂਬਰਾਂ ਵਲੋਂ ਬੀਤੇ ਦਿਨ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੀ ਜਾਂਚ ਸੀ. ਬੀ. ਆਈ. ਅਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਤੋਂ ਕਰਵਾਉਣ ਦੀ ਮੰਗ ਨੂੰ ਲੈ ਕੇ ਰਾਜਪਾਲ ਨੂੰ ਮਿਲਣ ਦੀ ਕਾਰਵਾਈ ਨੂੰ ਹਰ ਹਾਲ 'ਚ ਸੱਤਾ ਦੀ ਕੁਰਸੀ ਹਥਿਆਉਣ ਦੀ ਨਿਰਾਸ਼ ਕੋਸ਼ਿਸ਼ ਕਰਾਰ ਦਿੱਤਾ। ਜਾਖੜ ਨੇ ਦੋਵੇਂ ਰਾਜ ਸਭਾ ਮੈਂਬਰਾਂ ਵਲੋਂ ਆਪਣੀ ਹੀ ਸਰਕਾਰ 'ਤੇ ਕੀਤੇ ਹਮਲੇ ਨੂੰ 'ਕਾਪੀ-ਪੇਸਟ ਨੌਕਰੀ' ਕਰਾਰ ਦਿੱਤਾ ਕਿਉਂਕਿ ਰਾਜਸਥਾਨ ਵਿਚ ਅਜਿਹਾ ਹੀ ਵਾਪਰਿਆ ਸੀ, ਜਦੋਂ 107 ਬੱਚਿਆਂ ਦੀ ਮੌਤ ਹੋਣ 'ਤੇ ਸਚਿਨ ਪਾਇਲਟ ਨੇ ਆਪਣੀ ਸਰਕਾਰ ਦੀ ਆਲੋਚਨਾ ਕੀਤੀ ਸੀ। ਉਨ੍ਹਾਂ ਕਿਹਾ ਕਿ ਜੇਕਰ ਉਸ ਸਮੇਂ ਪਾਇਲਟ ਖਿਲਾਫ ਕਾਰਵਾਈ ਕੀਤੀ ਹੁੰਦੀ ਤਾਂ ਕਾਂਗਰਸ ਰਾਜਸਥਾਨ ਵਿਚ ਪੈਦਾ ਹੋਈ ਮੌਜੂਦਾ ਸਥਿਤੀ ਤੋਂ ਬਚ ਸਕਦੀ ਸੀ।