ਬਾਜਵਾ ਨੇ ਕੇਂਦਰੀ ਸਿੱਖਿਆ ਮੰਤਰੀ ਨੂੰ ਲਿਖ਼ੀ ਚਿੱਠੀ, ਖ਼ੋਜਾਰਥੀਆਂ ਨੂੰ ਵਜੀਫ਼ੇ ਦੇਣ ਦੀ ਕੀਤੀ ਅਪੀਲ
Thursday, Nov 19, 2020 - 06:17 PM (IST)
![ਬਾਜਵਾ ਨੇ ਕੇਂਦਰੀ ਸਿੱਖਿਆ ਮੰਤਰੀ ਨੂੰ ਲਿਖ਼ੀ ਚਿੱਠੀ, ਖ਼ੋਜਾਰਥੀਆਂ ਨੂੰ ਵਜੀਫ਼ੇ ਦੇਣ ਦੀ ਕੀਤੀ ਅਪੀਲ](https://static.jagbani.com/multimedia/2020_11image_18_03_357569127partapsinghbajwa.jpg)
ਚੰਡੀਗੜ੍ਹ/ਜਲੰਧਰ: ਯੂਨੀਵਰਸਿਟੀ ਗ੍ਰਰਾਂਟਸ ਕਮਿਸ਼ਨ ਅਤੇ ਸਿੱਖਿਆ ਮੰਤਰਾਲੇ ਵਲੋਂ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇ ਪੈਸੇ ਨਾ ਦਿੱਤੇ ਨਾਲ ਜਾਣ 'ਤੇ ਰਾਜ ਸਭਾ ਦੇ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕੇਂਦਰ ਸਰਕਾਰ ਦੇ ਸਿੱਖਿਆ ਮੰਤਰੀ ਨੂੰ ਚਿੱਠੀ ਲਿਖੀ ਹੈ। ਇਸ ਚਿੱਠੀ 'ਚ ਪ੍ਰਤਾਪ ਬਾਜਵਾ ਨੇ ਕਿਹਾ ਹੈ ਕਿ ਯੂਨਵਰਸਿਟੀ ਗ੍ਰਾਂਟਸ ਕਮਿਸ਼ਨ ਅਤੇ ਸਿੱਖਿਆ ਮੰਤਰਾਲੇ ਵਲੋਂ ਵਿਦਿਆਰਥੀਆਂ ਨੂੰ ਵਜੀਫ਼ੇ ਦੇ ਪੈਸੇ ਨਾ ਦਿੱਤੇ ਜਾਣ ਕਾਰਨ ਹਜ਼ਾਰਾਂ ਖੋਜ ਕਰਨ ਵਾਲੇ ਵਿਦਿਆਰਥੀਆਂ ਨੂੰ ਵਿੱਤੀ ਅਤੇ ਮਾਨਸਿਕ ਪਰੇਸ਼ਾਨੀ 'ਚੋਂ ਨਿਕਲਣਾ ਪੈ ਰਿਹਾ ਹੈ। ਮਾਨਯੋਗ ਪ੍ਰਧਾਨ ਮੰਤਰੀ ਨੇ ਆਈ.ਆਈ.ਟੀ. ਦਿੱਲੀ ਦੇ ਕਨਵੋਕੇਸ਼ਨ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਗਰੀਬ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਪ੍ਰਤੀ ਉਤਸ਼ਾਹਿਤ ਕੀਤਾ ਸੀ ਪਰ ਮੈਨੂੰ ਹੈਰਾਨੀ ਹੈ ਕਿ ਸਿੱਖਿਆ ਮੰਤਰਾਲਾ ਪ੍ਰਧਾਨ ਮੰਤਰੀ ਦੇ ਸ਼ਬਦਾਂ ਨੂੰ ਅਮਲ 'ਚ ਕਿਉਂ ਨਹੀਂ ਲਿਆ ਸਕਿਆ। ਜ਼ਿਕਰਯੋਗ ਹੈ ਕਿ ਅਫ਼ਸਰਸ਼ਾਹੀ ਦੀਆਂ ਨੀਤੀਆਂ ਕਾਰਨ ਅਕਸਰ ਬਹੁਤ ਸਾਰੇ ਵਿਦਿਆਰਥੀ ਸਕਾਲਰਸ਼ਿਪ ਤੋਂ ਵਾਂਝੇ ਰਹਿ ਜਾਂਦੇ ਹਨ ਜਿਸ ਕਾਰਨ ਵਿਦਿਆਰਥੀਆਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਬਾਜਵਾ ਨੇ ਚਿੱਠੀ 'ਚ ਉਨ੍ਹਾਂ ਵਿਦਿਆਰਥੀਆਂ ਨੂੰ ਜ਼ਿਕਰ ਵੀ ਕੀਤਾ ਜਿਨ੍ਹਾਂ ਨੇ ਅਣਸੁਖਾਵੇਂ ਮਾਹੌਲ ਕਰਕੇ ਖ਼ੁਦਕੁਸ਼ੀਆਂ ਕਰ ਲਈਆਂ। ਇਨ੍ਹਾਂ ਵਿਦਿਆਰਥੀਆਂ ਦੀ ਉਦਾਹਰਣ ਦਿੰਦੇ ਹੋਏ ਬਾਜਵਾ ਨੇ ਸਪੱਸ਼ਟ ਕੀਤਾ ਕਿ ਦੇਸ਼ ਭਰ ਦੇ ਹਜ਼ਾਰਾਂ ਖੋਜ ਵਿਦਿਆਰਥੀਆਂ ਦੀ ਇਹੋ-ਜਿਹੀ ਹੀ ਕਹਾਣੀ ਹੈ। ਜਿਨ੍ਹਾਂ ਨੂੰ ਕਈ ਮਹੀਨਿਆਂ ਤੋਂ ਵਜੀਫ਼ੇ ਨਹੀਂ ਮਿਲੇ।
ਬਾਜਵਾ ਨੇ ਅੱਗੇ ਲਿਖਿਆ ਕਿ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨੇ ਪੀ.ਐੱਚ.ਡੀ. ਵਲੋਂ ਕਰਵਾਏ ਇਕ ਸਰਵੇਖ਼ਣ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਬਹੁਤ ਸਾਰੇ ਵਿਦਿਆਰਥੀਆਂ ਨੇ ਪਿਛਲੇ ਤਿੰਨ ਮਹੀਨਿਆਂ ਤੋਂ ਵੱਧ ਸਮੇਂ ਤੋਂ ਸਕਾਲਰਸ਼ਿਪ ਪ੍ਰਾਪਤ ਨਹੀਂ ਕੀਤੀ। ਕੋਰੋਨਾ ਕਾਲ ਦੌਰਾਨ ਵੀ ਬਹੁਤ ਸਾਰੇ ਖ਼ੋਜੀ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਪ੍ਰਾਪਤ ਨਹੀਂ ਹੋਈ।
ਪ੍ਰਤਾਪ ਸਿੰਘ ਬਾਜਵਾ ਨੇ ਸਿੱਖਿਆ ਮੰਤਰੀ ਨੂੰ ਸਕਾਲਰਸ਼ਿਪ ਦੇ ਢਾਂਚੇ 'ਚ ਸਕਰਾਤਮਕ ਤਬਦੀਲੀਆਂ ਲਿਆਉਣ ਦੀ ਬੇਨਤੀ ਕੀਤੀ ਤਾਂ ਜੋ ਵਿਦਿਆਰਥੀਆਂ ਨੂੰ ਫੰਡਾਂ ਦੀ ਵੰਡ ਆਸਾਨੀ ਨਾਲ ਹੋ ਸਕੇ। ਇਸ ਤੋਂ ਇਲਾਵਾ ਉਨ੍ਹਾਂ ਨੇ ਉਨ੍ਹਾਂ ਨੌਕਰਸ਼ਾਹਾਂ ਨੂੰ ਵੀ ਜਵਾਬਦੇਹ ਬਣਾਉਣ ਦੀ ਬੇਨਤੀ ਕੀਤੀ ਹੈ ਜੋ ਮਹੀਨਿਆਂ ਤੋਂ ਫ਼ੰਡਾਂ ਨੂੰ ਇਕੱਠਾ ਕਰਕੇ ਬੈਠੇ ਹਨ। ਬਾਜਵਾ ਨੇ ਸਿੱਖਿਆ ਮੰਤਰੀ ਨੂੰ ਵਿਸ਼ੇਸ਼ ਤੌਰ 'ਤੇ ਅਪੀਲ ਕੀਤੀ ਕਿ ਸਕਾਲਰਸ਼ਿਪ ਫ਼ੰਡਾ ਦਾ ਬਕਾਇਆ ਤੁਰੰਤ ਵਿਦਿਆਰਥੀਆਂ ਨੂੰ ਵਜੀਫ਼ੇ ਦੇ ਰੂਪ 'ਚ ਦਿੱਤਾ ਜਾਵੇ।