ਬਾਜਵਾ ਦੀ ਵੀ ਡਿਊਟੀ ਹੈ, ਉਹ ਵੀ ਮੈਦਾਨ ''ਚ ਉਤਰਨ: ਕੈਪਟਨ

05/02/2019 6:48:09 PM

ਜਲੰਧਰ—'ਜਗ ਬਾਣੀ' ਵਲੋਂ ਸ਼ੁਰੂ ਕੀਤੇ ਗਏ ਪ੍ਰੋਗਰਾਮ 'ਨੇਤਾ ਜੀ ਸਤਿ ਸ੍ਰੀ ਅਕਾਲ' 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਖਾਸ ਗੱਲਬਾਤ ਕੀਤੀ ਗਈ। 'ਜਗ ਬਾਣੀ ਦੇ ਪ੍ਰਤੀਨਿਧੀ ਰਮਨਦੀਪ ਸਿੰਘ ਸੋਢੀ ਨਾਲ ਕੀਤੀ ਗਈ ਵਿਸ਼ੇਸ਼ ਇੰਟਰਵਿਊ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੀ ਵੀ ਡਿਊਟੀ ਹੈ ਕਿ ਉਹ ਵੀ ਚੋਣ ਮੈਦਾਨ 'ਚ ਉਤਰਨ।

ਸ : ਚੋਣਾਂ ਵਿਚ ਕਾਂਗਰਸ ਦਾ ਏਜੰਡਾ ਕੀ ਹੈ?
ਜ: ਚੋਣਾਂ ਕੌਮੀ ਅਤੇ ਸਥਾਨਕ ਮੁੱਦਿਆਂ 'ਤੇ ਲੜੀਆਂ ਜਾ ਰਹੀਆਂ ਹਨ। ਅਸੀਂ ਪੰਜਾਬ ਵਿਚ ਕਿਸਾਨਾਂ ਦੀ ਕਰਜ਼ਾ ਮੁਆਫੀ ਅਤੇ ਰੋਜ਼ਗਾਰ ਦੇ ਮੁੱਦੇ 'ਤੇ ਚੋਣਾਂ ਲੜ ਰਹੇ ਹਾਂ। ਅਸੀਂ 2 ਸਾਲ ਵਿਚ ਕਾਫੀ ਪ੍ਰਾਪਤੀਆਂ ਹਾਸਲ ਕੀਤੀਆਂ ਹਨ। 9500 ਕਰੋੜ ਵਿਚੋਂ 6500 ਕਰੋੜ ਦਾ ਕਰਜ਼ਾ ਮੁਆਫ ਕਰ ਦਿੱਤਾ ਗਿਆ ਹੈ। 2 ਸਾਲ ਵਿਚ ਸਾਢੇ 6 ਲੱਖ ਨੌਕਰੀਆਂ ਦਿੱਤੀਆਂ ਗਈਆਂ ਹਨ। ਵਿੱਤੀ ਹਾਲਤ ਖਰਾਬ ਹੋਣ ਦੇ ਬਾਵਜੂਦ ਅਸੀਂ ਵੱਖ-ਵੱਖ ਪੜਾਵਾਂ ਵਿਚ ਵਾਅਦੇ ਪੂਰੇ ਕਰਨ ਦਾ ਕੰਮ ਕੀਤਾ ਹੈ। ਪਹਿਲਾਂ 2 ਏਕੜ ਵਾਲੇ ਕਿਸਾਨਾਂ ਦਾ ਸਹਿਕਾਰੀ ਅਤੇ ਨੈਸ਼ਨਲ ਬੈਂਕਾਂ ਦਾ ਕਰਜ਼ਾ ਮੁਆਫ ਕੀਤਾ। ਹੁਣ 5 ਏਕੜ ਵਾਲਿਆਂ ਦਾ ਕਰ ਰਹੇ ਹਾਂ। ਤੀਜੇ ਫੇਸ ਵਿਚ ਬਿਨਾਂ ਜ਼ਮੀਨ ਵਾਲਿਆਂ ਦੇ ਕਰਜ਼ੇ ਵੀ ਮੁਆਫ ਹੋਣਗੇ। ਪੰਜਾਬ ਵਿਚ 17 ਲੱਖ ਕਰਜ਼ਦਾਰ ਪਰਿਵਾਰ ਹਨ, ਜਿਨ੍ਹਾਂ ਵਿਚੋਂ 10.25 ਲੱਖ ਪਰਿਵਾਰਾਂ ਦਾ ਪੂਰਾ ਕਰਜ਼ਾ ਮੁਆਫ ਹੋਵੇਗਾ। ਫਿਲਹਾਲ ਵੱਡੇ ਕਿਸਾਨਾਂ ਦਾ ਕਰਜ਼ਾ ਮੁਆਫ ਨਹੀਂ ਕਰ ਰਹੇ। ਆਰਥਿਕ ਹਾਲਾਤ ਸੁਧਰ ਗਏ ਤਾਂ ਫਿਰ ਉਧਰ ਜਾਵਾਂਗੇ।

ਸ : ਪਰਮਿੰਦਰ ਢੀਂਡਸਾ ਦਾ ਦੋਸ਼ ਹੈ ਕਿ ਕਾਂਗਰਸ ਵੋਟਾਂ ਹਾਸਲ ਕਰਨ ਲਈ ਕਰਜ਼ੇ ਮੁਆਫ ਤਾਂ ਕਰ ਰਹੀ ਹੈ ਪਰ ਸੂਬੇ ਦੀ ਆਰਥਿਕ ਹਾਲਤ ਨੂੰ ਵੇਖ ਕੇ ਪਛਤਾ ਵੀ ਰਹੀ ਹੈ। ਤੁਸੀਂ ਕੀ ਕਹਿਣਾ ਚਾਹੋਗੇ?
ਜ : ਅਸੀਂ ਨਹੀਂ ਪਛਤਾ ਰਹੇ। ਇਹ ਸਾਡੇ ਮੈਨੀਫੈਸਟੋ ਦਾ ਹਿੱਸਾ ਹੈ। ਸਾਡੇ ਕੋਲ ਪੈਸਾ ਹੈ। ਅਸੀਂ ਇਸ ਨੂੰ ਲਾਗੂ ਕਰ ਰਹੇ ਹਾਂ। ਹੁਣ ਢੀਂਡਸਾ ਖੁਦ ਕੁਝ ਨਹੀਂ ਕਰ ਸਕੇ ਤਾਂ ਮੈਂ ਕੀ ਕਰ ਸਕਦਾ ਹਾਂ। ਉਸ ਕੋਲੋਂ ਗਲਤੀ ਹੋਈ ਹੈ। ਉਹ ਹੁਣ ਦੋਸ਼ ਸਾਡੇ 'ਤੇ ਲਾ ਰਿਹਾ ਹੈ। ਉਸ ਨੂੰ ਖੁਦ ਕੁਝ ਕਰਨਾ ਚਾਹੀਦਾ ਸੀ ਪਰ ਉਹ ਇਸ ਲਈ ਨਹੀਂ ਕਰ ਸਕਿਆ ਕਿਉਂਕਿ ਉਸ ਦੀ ਸਰਕਾਰ ਵਿਚ ਚੱਲਦੀ ਨਹੀਂ ਸੀ। ਸਰਕਾਰ ਤਾਂ ਸੁਖਬੀਰ ਚਲਾ ਰਹੇ ਸਨ। ਸਭ ਕੁਝ ਸੁਖਬੀਰ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਮਰਜ਼ੀ ਨਾਲ ਹੋ ਰਿਹਾ ਸੀ। ਹੁਣ ਜਦੋਂ ਤੁਸੀਂ ਸਰਕਾਰ ਚਲਾਉਣੀ ਹੁੰਦੀ ਹੈ ਤਾਂ ਉਸ ਲਈ ਪਲਾਨਿੰਗ ਦੀ ਲੋੜ ਹੁੰਦੀ ਹੈ। ਪਲਾਨਿੰਗ ਬੋਰਡ ਇਸੇ ਲਈ ਹੀ ਬਣਾਇਆ ਜਾਂਦਾ ਹੈ। ਘੱਟੋ-ਘੱਟ ਸਰਕਾਰ ਨੂੰ ਯੋਜਨਾ ਮੁਤਾਬਕ ਤਾਂ ਚੱਲਣ ਦਿਓ।

ਸ : ਲੋਕ ਸਭਾ ਦੀਆਂ ਚੋਣਾਂ ਦੀ ਜ਼ਿੰਮੇਵਾਰੀ ਲੈਣ ਦੇ ਤੁਹਾਡੇ ਟਵੀਟ 'ਤੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਜ਼ਿੰਮੇਵਾਰੀ ਤਾਂ ਤੁਹਾਡੀ ਵੀ ਬਣਦੀ ਹੈ। ਤੁਸੀਂ ਕੀ ਕਹੋਗੇ?
ਜ : ਬਿਲਕੁੱਲ, ਇਹ ਮੇਰੀ ਵੀ ਜ਼ਿੰਮੇਵਾਰੀ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਜਿਸ ਨੇ ਹਲਕਾ ਸੰਭਾਲਿਆ ਹੋਵੇ, ਉਹ ਚੋਣਾਂ ਨੂੰ ਸਾਧਾਰਨ ਢੰਗ ਨਾਲ ਲਏ। ਹਰ ਵਾਰ ਜਿੱਤਣ 'ਤੇ ਪਾਰਟੀ ਦੀ ਤਾਕਤ ਵਧਦੀ ਹੈ। ਅਸੀਂ ਪਾਰਟੀ ਲਈ ਕੰਮ ਕਰ ਰਹੇ ਹਾਂ, ਬਾਜਵਾ ਜਾਂ ਕਿਸੇ ਹੋਰ ਲਈ ਨਹੀਂ। ਡਿਊਟੀ ਤਾਂ ਬਾਜਵਾ ਦੀ ਵੀ ਬਣਦੀ ਹੈ, ਉਹ ਗੁਰਦਾਸਪੁਰ ਵਿਖੇ ਮੈਦਾਨ ਵਿਚ ਉਤਰਨ ਅਤੇ ਪਾਰਟੀ ਲਈ ਪ੍ਰਚਾਰ ਕਰਨ।

ਸ : ਪ੍ਰਤਾਪ ਸਿੰਘ ਬਾਜਵਾ ਦੀ ਨਾਰਾਜ਼ਗੀ ਨੂੰ ਤੁਸੀਂ ਕਿਵੇਂ ਵੇਖਦੇ ਹੋ?
ਜ : ਮੈਂ ਪ੍ਰਵਾਹ ਨਹੀਂ ਕਰਦਾ। ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਉਸ ਦਾ ਕੋਈ ਅਸਰ ਨਹੀਂ ਪਰ ਮੈਂ ਇਸ ਮੁੱਦੇ 'ਤੇ ਚਰਚਾ ਨਹੀਂ ਕਰਨੀ ਚਾਹੁੰਦਾ। ਜਿਥੋਂ ਤੱਕ ਚੋਣਾਂ ਦਾ ਸਵਾਲ ਹੈ, ਹਰ ਸੀਨੀਅਰ ਨੇਤਾ ਨੂੰ ਮੈਦਾਨ ਵਿਚ ਉਤਰਨਾ ਚਾਹੀਦਾ ਹੈ। ਉਸ ਨੂੰ ਸੋਚਣਾ ਚਾਹੀਦਾ ਹੈ ਕਿ ਜੇ ਸਾਡਾ ਛੋਟਾ ਵਰਕਰ ਪਾਰਟੀ ਦਾ ਝੰਡਾ ਲੈ ਕੇ ਮੈਦਾਨ ਵਿਚ ਉਤਰਿਆ ਹੋਇਆ ਹੈ ਤਾਂ ਉਹ ਵੀ ਆਪਣੀ ਜ਼ਿੰਮੇਵਾਰੀ ਸਮਝ ਕੇ ਪਾਰਟੀ ਨਾਲ ਚੱਲੇ।

ਸ : ਬਠਿੰਡਾ ਵਿਚ ਅੰਦਰੂਨੀ ਫੁਟ ਚੱਲ ਰਹੀ ਹੈ। ਕੀ ਰਾਜਾ ਵੜਿੰਗ ਸੀਟ ਜਿੱਤ ਸਕਣਗੇ?
ਜ : ਬਠਿੰਡਾ ਸਾਡੇ ਲਈ ਸਭ ਤੋਂ ਸੌਖੀ ਸੀਟ ਹੈ। ਇਹ ਉਹ ਸੀਟ ਹੈ ਜਿਥੇ ਬਰਗਾੜੀ, ਬਹਿਬਲ ਕਲਾਂ ਅਤੇ ਕੋਟਕਪੂਰਾ ਮਾਮਲਿਆਂ ਦਾ ਪੂਰਾ ਅਸਰ ਹੈ। ਇਹ ਉਹੀ ਸੀਟ ਹੈ, ਜਿਸ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਨੂੰ ਚੰਡੀਗੜ੍ਹ ਵਿਚ ਸੱਦ ਕੇ ਕਾਗਜ਼ਾਂ 'ਤੇ ਹਸਤਾਖਰ ਕਰਵਾਏ ਗਏ ਸਨ। ਹੁਣ ਇਸੇ ਕਾਰਨ ਉਨ੍ਹਾਂ ਨੂੰ ਪਿੰਡਾਂ ਵਿਚ ਬੋਲਣ ਨਹੀਂ ਦਿੱਤਾ ਜਾ ਰਿਹਾ।


Shyna

Content Editor

Related News