ਢੀਂਡਸਾ ਦੀ ਮੋਦੀ ਨੂੰ ਸਲਾਹ, ਇਤਿਹਾਸ ਤੋਂ ਲੈਣ ਸਬਕ ਤੇ ਨਾ ਦੋਹਰਾਉਣ ਇੰਦਰਾ ਗਾਂਧੀ ਵਾਲੀ ਗਲਤੀ

Sunday, Jan 03, 2021 - 11:21 AM (IST)

ਚੰਡੀਗੜ੍ਹ (ਅਸ਼ਵਨੀ)— ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਨੇ ਕੇਂਦਰ ਸਰਕਾਰ ਨੂੰ ਆਪਣਾ ਅੜੀਅਲ ਵਤੀਰਾ ਛੱਡ ਕੇ ਕਿਸਾਨ ਜਥੇਬੰਦੀਆਂ ਦਰਮਿਆਨ 4 ਜਨਵਰੀ ਨੂੰ ਮਿੱਥੀ ਗਈ ਮੀਟਿੰਗ ਨੂੰ ਆਖਰੀ ਮੀਟਿੰਗ ਵਜੋਂ ਲੈਂਦਿਆਂ ਕਿਸਾਨਾਂ ਦੀ ਮੁੱਖ ਮੰਗ ਖੇਤੀ ਬਾਰੇ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ।

ਪਾਰਟੀ ਦੇ ਸੀਨੀਅਰ ਆਗੂ, ਵਿਧਾਇਕ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕੇਂਦਰ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਚਾਰ ਦਹਾਕਿਆਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਵੀ ਆਪਣੇ ਅੜੀਅਲ ਵਤੀਰੇ ਨਾਲ ਪੰਜਾਬ ਦਾ ਕਾਫ਼ੀ ਨੁਕਸਾਨ ਕੀਤਾ ਸੀ ਅਤੇ ਆਪਣੇ ਕੋਝੇ ਹੱਥਕੰਡੇ ਵਰਤ ਕੇ ਪੰਜਾਬ ਦੀਆਂ ਭਾਵਨਾਵਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਸੀ ਅਤੇ ਇਸ ਦੇ ਨਤੀਜੇ ਵਜੋਂ ਅਨੇਕਾਂ ਬੇਕਸੂਰ ਲੋਕਾਂ ਨੂੰ ਆਪਣੀਆਂ ਜਾਨਾਂ ਗਵਾਉਣੀਆਂ ਪਈਆਂ ਸਨ। ਢੀਂਡਸਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਇਤਿਹਾਸ ਤੋਂ ਕੁੱਝ ਸਬਕ ਲੈਣ ਦੀ ਸਲਾਹ ਦਿੰਦੇ ਇੰਦਰਾ ਗਾਂਧੀ ਦੇ ਰਸਤੇ ’ਤੇ ਨਾ ਚੱਲਣ ਅਤੇ ਪੰਜਾਬ ਨੂੰ ਦਬਾਉਣ ਅਤੇ ਬਦਨਾਮ ਕਰਨ ਦੀਆਂ ਕੋਝੀਆਂ ਹਰਕਤਾਂ ਛੱਡਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਆਪਣੀ ਜਿੱਦ ਅਤੇ ਅੜੀਅਲ ਰਵੱਈਆ ਛੱਡੇ ਤਾਂ ਕਿ ਦੇਸ਼ ਅਤੇ ਕਿਸਾਨਾਂ ਦਾ ਭਲਾ ਹੋ ਸਕੇ।

ਢੀਂਡਸਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਗਲੀ ਮੀਟਿੰਗ ’ਚ ਮਸਲੇ ਦਾ ਨਿਪਟਾਰਾ ਕਰਨ ਦੀ ਮੰਗ ਕੀਤੀ ਹੈ। ਕੇਂਦਰ ਦੀਆਂ ਕਿਸਾਨ ਜਥੇਬੰਦੀਆਂ ਨਾਲ ਹੋ ਚੁੱਕੀਆਂ ਛੇ ਮੀਟਿੰਗਾਂ ਦਾ ਜ਼ਿਕਰ ਕਰਦੇ ਹੋਏ ਢੀਂਡਸਾ ਨੇ ਕਿਹਾ ਕਿ ਕਿਸਾਨਾਂ ਵਿਚਕਾਰ ਇਸ ਤੋਂ ਪਹਿਲਾਂ ਕਈਂ ਗੇੜ ਦੀਆਂ ਮੀਟਿੰਗਾਂ ਹੋ ਚੁੱਕੀਆਂ ਹਨ। ਜਿਸ ਵਿਚ ਹਾਲੇ ਤਕ ਕੋਈ ਸਾਰਥਕ ਹੱਲ ਨਹੀ ਨਿਕਲ ਸਕਿਆ ਹੈ ਅਤੇ ਅਸਲ ਮੁੱਦੇ ਜਿਉਂ ਦਾ ਤਿਉਂ ਪਏ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਇਸ ਹੱਡ ਚੀਰਵੀਂ ਠੰਡ ’ਚ ਅੰਦੋਲਨ ਕਰ ਰਹੇ ਕਿਸਾਨਾਂ ਦਾ ਮਸਲਾ ਲਮਕਾਉਣ ਲਈ ਮੀਟਿੰਗਾਂ ਦਾ ਸਿਲਸਿਲਾ ਛੱਡੇ ਅਤੇ ਅਗਲੀ ਮੀਟਿੰਗ ’ਚ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਕਰੇ। ਉਨ੍ਹਾ ਕਿਹਾ ਕਿ ਐੱਮ. ਐੱਸ. ਪੀ. ’ਤੇ ਕਿਸਾਨਾਂ ਦਾ ਪੂਰਾ ਹੱਕ ਹੈ ਅਤੇ ਕਾਨੂੰਨੀ ਤੌਰ ’ਤੇ ਉਨ੍ਹਾ ਨੂੰ ਮਿਲਣਾ ਚਾਹੀਦਾ ਹੈ।


shivani attri

Content Editor

Related News