ਪਿੰਕੀ ਵਿਧਾਨ ਸਭਾ ''ਚ ਜਬਰ-ਜ਼ਨਾਹ ਲਈ ਫਾਂਸੀ ਦਾ ਉਠਾਉਣਗੇ ਮੁੱਦਾ

Thursday, Mar 08, 2018 - 12:55 AM (IST)

ਜਲੰਧਰ (ਚੋਪੜਾ) - 12 ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ੀਆਂ ਨੂੰ ਫਾਂਸੀ ਦੇਣ ਲਈ ਪੰਜਾਬ ਵਿਚ ਵੀ  ਕਾਨੂੰਨ ਬਣਾਉਣ ਸਬੰਧੀ ਬਹਿਸ ਸ਼ੁਰੂ ਹੋ ਗਈ ਹੈ। ਫਿਰੋਜ਼ਪੁਰ ਤੋਂ ਕਾਂਗਰਸ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਹੈ ਕਿ ਉਹ 20 ਮਾਰਚ ਤੋਂ ਸ਼ੁਰੂ ਹੋ ਰਹੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਇਸ ਮਾਮਲੇ ਨੂੰ ਹਾਊਸ ਵਿਚ ਉਠਾਉਣਗੇ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਮਾਮਲੇ ਸਬੰਧੀ ਕਾਨੂੰਨ ਬਣਾਉਣ ਦੀ ਬੇਨਤੀ ਕਰਨਗੇ। ਪੰਜਾਬ ਵਿਚ ਵੀ ਹਰਿਆਣਾ ਅਤੇ ਮੱਧ ਪ੍ਰਦੇਸ਼ ਵਾਂਗ ਬੱਚੀਆਂ ਨਾਲ ਜਬਰ-ਜ਼ਨਾਹ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਾ ਕਾਨੂੰਨ ਬਣਵਾਉਣ ਦੀ ਪਹਿਲ ਕੀਤੀ ਜਾਏਗੀ। 12 ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਨਾਲ ਇਸ ਤਰ੍ਹਾਂ ਦਾ ਜ਼ੁਲਮ ਸਹਿਣ ਨਹੀਂ ਕੀਤਾ ਜਾ ਸਕਦਾ।
ਫਾਂਸੀ ਨਹੀਂ, ਮਰਨ ਤੱਕ ਹੋਵੇ ਜੇਲ : ਬਾਵਾ ਹੈਨਰੀ
ਜਲੰਧਰ ਉੱਤਰੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਜੂਨੀਅਰ ਅਵਤਾਰ ਹੈਨਰੀ ਨੇ 12 ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਨਾਲ ਜਬਰ-ਜ਼ਨਾਹ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਿੱਤੇ ਜਾਣ ਦੇ ਵਿਚਾਰ ਨਾਲ ਆਪਣੀ ਅਸਹਿਮਤੀ ਪ੍ਰਗਟ ਕੀਤੀ ਹੈ। ਵਿਧਾਇਕ ਬਾਵਾ ਹੈਨਰੀ ਨੇ ਕਿਹਾ ਕਿ ਕਿਸੇ ਵੀ ਇਨਸਾਨ ਦੀ ਜਾਨ ਲੈਣ ਦਾ ਸਾਨੂੰ ਕੋਈ ਅਧਿਕਾਰ ਨਹੀਂ ਭਾਵੇਂ ਉਹ ਛੋਟੀਆਂ ਬੱਚੀਆਂ ਨਾਲ ਜਬਰ-ਜ਼ਨਾਹ ਦੇ ਮਾਮਲੇ ਦਾ ਦੋਸ਼ੀ ਹੀ ਕਿਉਂ ਨਾ ਹੋਵੇ। ਉਨ੍ਹਾਂ ਕਿਹਾ ਕਿ ਉਹ ਜਬਰ-ਜ਼ਨਾਹ ਦੀਆਂ ਘਟਨਾਵਾਂ ਦੀ ਤਿੱਖੇ ਸ਼ਬਦਾਂ ਵਿਚ ਨਿਖੇਧੀ ਕਰਦੇ ਹਨ। ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਣੀ  ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਫਾਂਸੀ ਦੇਣ ਦੀ ਬਜਾਏ ਦੋਸ਼ੀ ਨੂੰ ਮਰਨ ਤੱਕ ਜੇਲ ਵਿਚ ਰਹਿਣ ਦੀ ਸਜ਼ਾ ਦਿੱਤੀ ਜਾਏ ਤਾਂ ਜੋ ਉਹ ਆਪਣੀ ਬਚੀ ਹੋਈ ਜ਼ਿੰਦਗੀ ਜੇਲ ਵਿਚ ਬਿਤਾ ਕੇ ਆਪਣੇ ਕਰਮਾਂ ਦੀ ਸਜ਼ਾ ਭੁਗਤੇ ਅਤੇ ਹਰ ਰੋਜ਼ ਉਸਨੂੰ ਮੌਤ ਦਾ ਅਹਿਸਾਸ ਹੋਵੇ।


Related News