ਅਸਤੀਫੇ ਤੋਂ ਬਾਅਦ ਪਹਿਲੀ ਵਾਰ ਖੁੱਲ੍ਹ ਕੇ ਬੋਲੇ ''ਪਰਮਿੰਦਰ ਢੀਂਡਸਾ'', ਸਾਂਝਾ ਕੀਤਾ ਦੇਰੀ ਦਾ ਕਾਰਨ
Saturday, Jan 11, 2020 - 07:10 PM (IST)

ਜਲੰਧਰ (ਰਮਨ ਸੋਢੀ) : ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋਏ ਵਿਧਾਇਕ ਪਰਮਿੰਦਰ ਢੀਂਡਸਾ ਨੇ ਬੀਤੀ ਰਾਤ 'ਜਗਬਾਣੀ' ਨਾਲ ਖਾਸ ਮੁਲਾਕਾਤ ਕੀਤੀ, ਜਿਸ 'ਚ ਉਹ ਪਹਿਲੀ ਵਾਰ ਅਕਾਲੀ ਦਲ 'ਤੇ ਖੁੱਲ੍ਹ ਕੇ ਬੋਲੇ ਅਤੇ ਅਸਤੀਫਾ ਦੇਣ 'ਚ ਦੇਰੀ ਦਾ ਕਾਰਨ ਵੀ ਸਾਂਝਾ ਕੀਤਾ। ਪਰਮਿੰਦਰ ਢੀਂਡਸਾ ਨੇ 'ਜਗਬਾਣੀ' ਦੇ ਪੱਤਰਕਾਰ ਰਮਨਦੀਪ ਸੋਢੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦਾ ਸਾਰਾ ਸਿਆਸੀ ਸਫਰ ਅਕਾਲੀ ਦਲ ਨਾਲ ਰਿਹਾ ਹੈ ਅਤੇ ਅਸਤੀਫੇ ਵਰਗੇ ਫੈਸਲੇ ਬੜੇ ਅਹਿਮ ਹੁੰਦੇ ਹਨ, ਜੋ ਬਹੁਤ ਸੋਚ-ਵਿਚਾਰ ਤੋਂ ਬਾਅਦ ਲਏ ਜਾਂਦੇ ਹਨ।
ਢੀਂਡਸਾ ਨੇ ਕਿਹਾ ਕਿ ਪਾਰਟੀ ਤਾਂ ਕੋਈ ਵੀ ਨਹੀਂ ਛੱਡਣਾ ਚਾਹੁੰਦਾ ਹੁੰਦਾ, ਇਸ ਲਈ ਅਜਿਹੇ ਫੈਸਲੇ ਲੈਣ ਲਈ ਸਮਾਂ ਲੱਗਦਾ ਹੈ। ਪਰਮਿੰਦਰ ਢੀਂਡਸਾ ਨੇ ਕਿਹਾ ਕਿ ਬਹੁਤ ਸੋਚ-ਵਿਚਾਰ ਤੋਂ ਬਾਅਦ ਹੀ ਉਨ੍ਹਾਂ ਨੇ ਇਹ ਫੈਸਲਾ ਲਿਆ ਹੈ। ਸੁਖਦੇਵ ਢੀਂਡਸਾ ਵਲੋਂ ਅਸਤੀਫਾ ਦੇਣ ਤੋਂ ਬਾਅਦ ਇੰਨੀ ਦੇਰ ਲਾਉਣ ਦੇ ਸਵਾਲ 'ਤੇ ਪਰਮਿੰਦਰ ਢੀਂਡਸਾ ਨੇ ਕਿਹਾ ਕਿ ਉਨ੍ਹਾਂ (ਸੁਖਦੇਵ ਢੀਂਡਸਾ) ਦਾ ਮਨ ਸਿਆਸਤ ਤੋਂ ਦੂਰ ਹੋਣ ਦਾ ਸੀ ਅਤੇ ਪਰਮਿੰਦਰ ਢੀਂਡਸਾ ਉਸ ਸਮੇਂ ਕੋਈ ਰਸਤਾ ਅਖਤਿਆਰ ਨਹੀਂ ਕਰਨਾ ਚਾਹੁੰਦੇ ਸੀ ਪਰ ਬਾਅਦ 'ਚ ਉਨ੍ਹਾਂ ਨੇ ਅਸਤੀਫਾ ਦੇਣ ਦਾ ਮਨ ਬਣਾ ਲਿਆ। ਪਰਮਿੰਦਰ ਢੀਂਡਸਾ ਨੇ ਇਹ ਵੀ ਕਿਹਾ ਕਿ ਉਹ ਅਹੁਦਿਆਂ ਲਈ ਨਹੀਂ, ਸਗੋਂ ਭਾਵਨਾਤਮਕ ਤੌਰ 'ਤੇ ਅੱਜ ਵੀ ਅਕਾਲੀ ਦਲ ਨਾਲ ਜੁੜੇ ਹੋਏ ਹਨ।