ਪਿਉ ਦੇ ਸ਼ਕਤੀ ਪ੍ਰਦਰਸ਼ਨ 'ਚ ਪਰਮਿੰਦਰ ਢੀਂਡਸਾ ਗਾਇਬ

Wednesday, Dec 18, 2019 - 06:33 PM (IST)

ਪਿਉ ਦੇ ਸ਼ਕਤੀ ਪ੍ਰਦਰਸ਼ਨ 'ਚ ਪਰਮਿੰਦਰ ਢੀਂਡਸਾ ਗਾਇਬ

ਸੰਗਰੂਰ : ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋਏ ਸੀਨੀਅਰ ਅਕਾਲੀ ਆਗੂ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵਲੋਂ ਸੰਗਰੂਰ ਸਥਿਤ ਆਪਣੇ ਨਿਵਾਸ 'ਤੇ ਅੱਜ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ। ਇਸ ਸ਼ਕਤੀ ਪ੍ਰਦਰਸ਼ਨ ਦੌਰਾਨ ਖਾਸ ਗੱਲ ਇਹ ਰਹੀ ਕਿ ਇਸ ਸਮੇਂ ਵੀ ਛੋਟੇ ਢੀਂਡਸਾ (ਪਰਮਿੰਦਰ ਸਿੰਘ ਢੀਂਡਸਾ) ਨਾਦਾਰਦ ਰਹੇ। ਫਿਲਹਾਲ ਛੋਟੇ ਢੀਂਡਸਾ ਅਜੇ ਤਕ ਨਾ ਤਾਂ ਸੁਖਬੀਰ ਬਾਦਲ ਵੱਲ ਹਨ ਅਤੇ ਨਾ ਹੀ ਟਕਸਾਲੀਆਂ ਨਾਲ ਖੜ੍ਹੋਤੇ ਨਜ਼ਰ ਆ ਰਹੇ ਹਨ। ਭਾਵੇਂ ਪਰਮਿੰਦਰ ਜਨਤਕ ਤੌਰ 'ਤੇ ਇਹ ਆਖ ਚੁੱਕੇ ਹਨ ਕਿ ਉਹ ਅਕਾਲੀ ਦਲ ਬਾਦਲ ਦੇ ਨਾਲ ਹਨ ਪਰ ਬਾਵਜੂਦ ਇਸ ਦੇ ਨਾ ਤਾਂ ਉਹ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਕਾਲੀ ਦਲ ਵਲੋਂ ਨਿਭਾਈ ਗਈ ਸੇਵਾ ਦੌਰਾਨ ਨਜ਼ਰ ਆਏ ਅਤੇ ਨਾ ਹੀ 14 ਦਸੰਬਰ ਨੂੰ ਅਕਾਲੀ ਦਲ ਦੇ 99ਵੇਂ ਸਥਾਪਨਾ ਦਿਵਸ 'ਤੇ ਉਨ੍ਹਾਂ ਹਾਜ਼ਰੀ ਭਰੀ।

ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ 21 ਦਸੰਬਰ ਨੂੰ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ 'ਚ ਕਾਂਗਰਸ ਸਰਕਾਰ ਵਿਰੁੱਧ ਰੈਲੀ ਕੀਤੀ ਜਾ ਰਹੀ ਹੈ ਅਤੇ ਇਸ ਰੈਲੀ ਵਿਚ ਬਾਦਲਾਂ ਦੀ ਢੀਂਡਸਾ ਪਰਿਵਾਰ ਨਾਲ ਸਿਆਸੀ ਸਾਂਝ ਵੀ ਜਨਤਕ ਹੋਵੇਗੀ। ਪਾਰਟੀ ਵਲੋਂ ਪਰਮਿੰਦਰ ਢੀਂਡਸਾ ਨੂੰ ਪਟਿਆਲਾ ਜ਼ਿਲੇ ਦਾ ਅਬਜ਼ਵਰ ਬਣਾਇਆ ਗਿਆ ਹੈ ਅਤੇ ਸਵਾਲ ਇਹ ਉੱਠਦਾ ਹੈ ਕਿ ਉਹ ਪਟਿਆਲਾ ਰੈਲੀ 'ਚ ਪੁੱਜਣਗੇ ਜਾਂ ਦਰਕਿਨਾਰ ਰਹਿਣਗੇ। ਜੇ ਉਹ ਰੈਲੀ ਨੂੰ ਦਰਕਿਨਾਰ ਕਰ ਗਏ ਤਾਂ ਸਾਫ ਹੋ ਜਾਵੇਗਾ ਕਿ ਢੀਂਡਸਾ ਪਰਿਵਾਰ ਹੁਣ ਬਾਦਲਾਂ ਦੀ ਸਿਆਸੀ ਛੱਤਰੀ ਤੋਂ ਉੱਡ ਚੁੱਕਾ ਹੈ। ਹੁਣ ਤੱਕ ਭਾਵੇਂ ਛੋਟੇ ਢੀਂਡਸਾ ਬਾਦਲਾਂ ਨਾਲ ਹੋਣ ਦੇ ਬਿਆਨ ਦੇ ਰਹੇ ਹਨ ਤੇ ਬਾਦਲਾਂ ਵਲੋਂ ਉਨ੍ਹਾਂ ਬਾਰੇ 'ਨਾਲ ਹੀ' ਹੋਣ ਦਾ ਭਰਮ ਪਾਲਿਆ ਜਾ ਰਿਹਾ ਹੈ ਪਰ ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਦੋਵੇਂ ਸਿਆਸੀ ਦਿੱਗਜ਼ ਪਰਿਵਾਰਾਂ ਦਰਮਿਆਨ ਗਠਜੋੜ ਜਾਂ ਵਿਛੋੜੇ ਬਾਰੇ ਅਸਲੀ ਭੇਤ 21 ਦਸੰਬਰ ਦੀ ਪਟਿਆਲਾ ਰੈਲੀ 'ਚ ਹੀ ਖੁੱਲ੍ਹੇਗਾ।


author

Shyna

Content Editor

Related News