ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੇ ਤੇਲ ਤੇ ਗੈਸ ਦੀਆਂ ਵੱਧਦੀਆਂ ਕੀਮਤਾਂ ਦੇ ਵਿਰੋਧ ’ਚ ਘੇਰਿਆ ਡੀ. ਸੀ. ਦਫਤਰ
Friday, Jul 16, 2021 - 02:47 PM (IST)
ਸੰਗਰੂਰ (ਦਲਜੀਤ ਸਿੰਘ ਬੇਦੀ) : ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਹਜ਼ਾਰਾਂ ਵਰਕਰਾਂ ਨੇ ਡੀਜ਼ਲ, ਪੈਟਰੋਲ, ਰਸੋਈ ਗੈਸ ਤੇ ਪੈਟਰੋਲੀਅਮ ਦੀਆਂ ਅਸਮਾਨੀ ਚੜ੍ਹ ਰਹੀਆਂ ਕੀਮਤਾਂ ਖ਼ਿਲਾਫ਼ ਡਿਪਟੀ ਕਮਿਸ਼ਨਰ ਸੰਗਰੂਰ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਤੇ ਜ਼ੋਰਦਾਰ ਪ੍ਰਦਸ਼ਨ ਕੀਤਾ। ਅਕਾਲੀ ਵਰਕਰਾਂ ਨੇ ਵੱਖ-ਵੱਖ ਢੰਗ ਤਰੀਕਿਆਂ ਨਾਲ ਵੱਧਦੀਆਂ ਕੀਮਤਾਂ ਦੇ ਵਿਰੋਧ ਵਿਚ ਗੁੱਸੇ ਦਾ ਇਜ਼ਹਾਰ ਕਰਦਿਆਂ ਬੇਲੋੜੀਆਂ ਵਧੀਆਂ ਕੀਮਤਾਂ ਕਾਰਨ ਆਮ ਲੋਕਾਂ ਉਪਰ ਪੈ ਰਹੇ ਮਾੜੇ ਅਸਰ ਵੱਲੋਂ ਸਰਕਾਰਾਂ ਦਾ ਧਿਆਨ ਦਿਵਾਇਆ। ਸੰਯੁਕਤ ਅਕਾਲੀ ਦਲ ਦੇ ਆਗੂਆਂ ਨੇ ਖਾਲੀ ਸਲੰਡਰ ਤੇ ਡੀਜ਼ਲ ਦੀਆਂ ਕੈਨੀਆਂ ਚੁੱਕ ਕੇ ਰੋਸ ਪ੍ਰਗਟਾਵਾ ਕੀਤਾ।
ਧਰਨੇ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੀਨੀਅਰ ਆਗੂ ਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਦੋਸ਼ ਲਾਇਆ ਕਿ ਸਰਕਾਰਾਂ ਨੇ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਉਪਰ ਲੱਗਦੇ ਟੈਕਸਾਂ ਨੂੰ ਹੀ ਸਰਕਾਰੀ ਕਮਾਈ ਦਾ ਸਾਧਨ ਬਣਾਇਆ ਹੋਇਆ ਹੈ, ਜੋ ਦੇਸ਼ ਦੇ ਆਮ ਲੋਕਾਂ ਲਈ ਬੜਾ ਘਾਤਕ ਹੈ। ਉਨ੍ਹਾਂ ਲੋਕਾਂ ਨੂੰ ਆਰਥਿਕ ਤੌਰ ’ਤੇ ਲੁੱਟਣ ਦੀ ਸਰਕਾਰ ਦੀ ਮਾੜੀ ਮਨਸ਼ਾ ਖ਼ਿਲਾਫ਼ ਇਕਜੁੱਟ ਹੋ ਕੇ ਜ਼ੋਰਦਾਰ ਮੁਹਿੰਮ ਸ਼ੁਰੂ ਕਰਨ ਦਾ ਸੱਦਾ ਦਿੱਤਾ ਤਾਂ ਕਿ ਦਿਨੋ-ਦਿਨ ਵੱਧਦੀ ਮਹਿੰਗਾਈ ਨੂੰ ਰੋਕਣ ਲਈ ਸਰਕਾਰ ਉਪਰ ਜ਼ਬਰਦਸਤ ਦਬਾਅ ਬਣ ਸਕੇ। ਢੀਂਡਸਾ ਨੇ ਕਿਹਾ ਕਿ ਇੰਨੀ ਮਹਿੰਗਾਈ ਨੇ ਆਮ ਲੋਕਾਂ ਦਾ ਜੀਵਨ ਜਿਊਣਾ ਮੁਸ਼ਕਿਲ ਕਰ ਦਿੱਤਾ ਹੈ ਤੇ ਮੋਦੀ ਸਰਕਾਰ ਕੀਮਤਾਂ ਦੇ ਵਾਧੇ ਨੂੰ ਰੋਕਣ ਵਿਚ ਪੂਰੀ ਤਰ੍ਹਾਂ ਫੇਲ ਹੋਈ ਹੈ।
ਕੜਕਦੀ ਧੁੱਪ ਤੇ ਹੁੰਮਸ ਭਰੀ ਗਰਮੀ ਵਿਚ ਅਕਾਲੀ ਵਰਕਰਾਂ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਖ਼ਿਲਾਫ਼ ਤਿੱਖੀ ਨਾਅਰੇਬਾਜ਼ੀ ਕੀਤੀ। ਸੰਯੁਕਤ ਦਲ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਗੁਰਬਚਨ ਸਿੰਘ ਬਚੀ ਨੇ ਸਰਕਾਰ ਦੀਆਂ ਲੋਟੂ ਤੇ ਲੋਕ ਮਾਰੂ ਨੀਤੀਆਂ ਦੀ ਸਖ਼ਤ ਨਿੰਦਾ ਕੀਤੀ ਤੇ ਰੋਸ ਪ੍ਰਦਰਸ਼ਨ ਲਈ ਵੱਡੀ ਗਿਣਤੀ ਵਿਚ ਪੁੱਜਣ ਤੇ ਸਾਰਿਆਂ ਦਾ ਧੰਨਵਾਦ ਕੀਤਾ। ਉਪਰੰਤ ਸੰਯੁਕਤ ਦਲ ਦੇ ਆਗੂਆਂ ਅਤੇ ਵਰਕਰਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਡਿਪਟੀ ਕਮਿਸ਼ਨਰ ਸੰਗਰੂਰ ਰਾਹੀਂ ਮੰਗ ਪੱਤਰ ਦਿੱਤਾ ਗਿਆ, ਜਿਸ ਵਿਚ ਮੰਗ ਕੀਤੀ ਗਈ ਕਿ ਡੀਜ਼ਲ, ਪੈਟਰੋਲ ਅਤੇ ਪੈਟਰੋਲੀਅਮ ਦੇ ਪਦਾਰਥਾਂ ਦੀਆਂ ਵਧੀਆਂ ਕੀਮਤਾਂ ਤੁਰੰਤ ਘਟਾਈਆਂ ਜਾਣ ’ਤੇ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਕਾਰਪੋਰੇਟ ਘਰਾਣਿਆਂ ਦੇ ਲੋਕਾਂ ਨੂੰ ਆਰਥਿਕ ਤੌਰ ’ਤੇ ਲੁੱਟਣ ਦੇ ਮਨਸੂਬਿਆਂ ਨੂੰ ਠੱਲ ਪਾਈ ਜਾਵੇ |
ਇਸ ਮੌਕੇ ਪਿ੍ਤਪਾਲ ਸਿੰਘ ਹਾਂਡਾ, ਅਮਨਬੀਰ ਸਿੰਘ ਚੈਰੀ ਯੂਥ ਆਗੂ, ਸੁਖਵੰਤ ਸਰਾਓ, ਗੁਰਤੇਜ ਸਿੰਘ ਝਨੇੜੀ, ਰਾਮਪਾਲ ਸਿੰਘ ਬਹਿਣੀਵਾਲ, ਸ਼ੋ੍ਰਮਣੀ ਕਮੇਟੀ ਮੈਂਬਰ ਹਰਦੇਵ ਸਿੰਘ ਰੋਗਲਾ, ਜਸਵਿੰਦਰ ਸਿੰਘ ਪਿ੍ੰਸ, ਸੁਖਜਿੰਦਰ ਸਿੰਧੜਾ, ਸਤਿਗੁਰ ਸਿੰਘ ਨਮੌਲ, ਪਰਮਜੀਤ ਸਿੰਘ ਪੰਮਾ, ਏ.ਪੀ.ਸਿੰਘ, ਕੇਵਲ ਸਿੰਘ ਜਲਾਨ, ਮਨਿੰਦਰ ਸਿੰਘ ਬਰਾੜ, ਗੋਗੀ ਪੁੰਨਾਵਾਲ, ਚਮਕੌਰ ਸਿੰਘ, ਮਨਿੰਦਰ ਲਖਮੀਰਵਾਲਾ, ਮੱਖਣ ਸਿੰਘ ਜਖੇਪਲ, ਗੋਗੀ ਚੰਨੋ, ਭਰਪੂਰ ਸਿੰਘ, ਹਰੀਨੰਦ ਛਾਜਲਾ, ਚਮਨਦੀਪ ਸਿੰਘ ਮਿਲਖੀ, ਵਿਜੈ ਲੰਕੇਸ਼, ਪਿਆਰਾ ਸਿੰਘ ਐਮ.ਸੀ, ਅਵਿਨਾਸ਼ ਖਨੌਰੀ, ਭਾਨ ਸਿੰਘ ਭੋਰਾ, ਪੂਰਨ ਸਿੰਘ ਖਾਈ ਮੁਲਾਜ਼ਮ ਆਗੂ, ਸੋਨੀ ਮੰਡੇਰ, ਗਿਆਨ ਸਿੰਘ ਬਾਵਾ, ਹਰਪਾਲ ਸਿੰਘ ਖਡਿਆਲ, ਰਣਜੀਤ ਸਿੰਘ ਖੇੜੀ, ਦੀਪ ਬਡਰੁੱਖਾਂ, ਬਿੱਲੂ ਖੰਡੇਬਾਦ ਤੋਂ ਇਲਾਵਾ ਵੱਡੀ ਗਿਣਤੀ ’ਚ ਪਾਰਟੀ ਵਰਕਰ ਮੌਜੂਦ ਸਨ।