20 ਰੁਪਏ ਦੀ ਪਰਚੀ ਬਦਲੇ ਗੱਡੀ ਚੋਰੀ ਦੀ ਪੂਰੀ ''ਗਾਰੰਟੀ''
Thursday, Apr 12, 2018 - 07:49 AM (IST)

ਚੰਡੀਗੜ੍ਹ (ਵਿਜੇ) - ਸਮਾਰਟ ਪਾਰਕਿੰਗ ਦਾ ਨਾਂ ਦੇ ਕੇ ਅੱਜਕਲ ਨਗਰ ਨਿਗਮ ਜਿਸ ਤਰ੍ਹਾਂ ਸ਼ਹਿਰ ਦੇ ਲੋਕਾਂ ਦੀ ਜੇਬ ਢਿੱਲੀ ਕਰ ਰਿਹਾ ਹੈ, ਕੀ ਉਥੇ ਪਾਰਕ ਹੋਣ ਵਾਲੇ ਵਾਹਨ ਸੇਫ ਹਨ? ਇਸਦਾ ਜਵਾਬ ਹੈ ਨਹੀਂ। ਜੇਕਰ ਤੁਸੀਂ ਆਪਣੇ ਵਾਹਨ ਨੂੰ ਕੰਪਨੀ ਦੇ ਕਰਿੰਦਿਆਂ ਦੇ ਭਰੋਸੇ ਛੱਡ ਕੇ ਜਾ ਰਹੇ ਹੋ ਤਾਂ ਇਕ ਵਾਰ ਫਿਰ ਸੋਚ ਲਓ। ਸਮਾਰਟ ਪਾਰਕਿੰਗ ਦੇ ਨਾਂ 'ਤੇ ਜਦੋਂ ਨਗਰ ਨਿਗਮ ਲੋਕਾਂ ਤੋਂ ਜ਼ਬਰਦਸਤੀ ਵਸੂਲੀ ਕਰਨ ਲੱਗਾ ਤਾਂ 'ਜਗ ਬਾਣੀ' ਦੀ ਟੀਮ ਨੇ ਹਕੀਕਤ ਜਾਣਨ ਲਈ ਪਾਰਕਿੰਗ ਸਥਾਨਾਂ ਦਾ ਦੌਰਾ ਕੀਤਾ। ਇਸ ਤੋਂ ਬਾਅਦ ਪੂਰੀ ਸਚਾਈ ਸਾਹਮਣੇ ਆਈ ਕਿ ਇਹ ਸਮਾਰਟ ਪਾਰਕਿੰਗ ਸਿਰਫ ਪੈਸਾ ਵਸੂਲ ਕਰਨ ਦਾ ਅੱਡਾ ਬਣਿਆ ਹੋਇਆ ਹੈ। ਇਕ ਵਾਰ 10 ਜਾਂ 20 ਰੁਪਏ ਦੀ ਪਰਚੀ ਕੱਟੀ ਜਾਵੇ, ਉਸ ਤੋਂ ਬਾਅਦ ਵਾਹਨ ਨਾਲ ਨਾ ਤਾਂ ਆਰੀਆ ਟੋਲ ਇਨਫਰਾ ਲਿਮਟਿਡ ਕੰਪਨੀ ਨੂੰ ਕੋਈ ਮਤਲਬ ਹੈ ਤੇ ਨਾ ਹੀ ਕਰਿੰਦਿਆਂ ਨੂੰ। ਐਗਜ਼ਿਟ ਪੁਆਇੰਟ 'ਤੇ ਸਿਰਫ ਨਾਮਾਤਰ ਲਈ ਕੰਪਨੀ ਨੇ ਆਪਣਾ ਇਕ ਕਰਿੰਦਾ ਤਾਇਨਾਤ ਕੀਤਾ ਹੋਇਆ ਹੈ। ਇਥੋਂ ਕੋਈ ਵੀ ਆਰਾਮ ਨਾਲ ਕਿਸੇ ਹੋਰ ਦਾ ਵਾਹਨ ਬਾਹਰ ਲਿਜਾ ਸਕਦਾ ਹੈ।
ਪਰਚੀ ਫੜਾਈ, ਕੰਮ ਖਤਮ
ਦੁਪਹਿਰ 2:10 ਵਜੇ ਕਾਰ ਨੰਬਰ-9375 ਸੈਕਟਰ-22 ਦੀ ਮੋਬਾਇਲ ਮਾਰਕੀਟ ਦੀ ਪੇਡ ਪਾਰਕਿੰਗ 'ਚ ਐਂਟਰ ਕਰਦੀ ਹੈ। ਐਂਟਰੀ ਪੁਆਇੰਟ 'ਤੇ ਹੀ ਕੰਪਨੀ ਦੇ ਕਰਿੰਦੇ ਵਲੋਂ 20 ਰੁਪਏ ਮੰਗ ਲਏ ਜਾਂਦੇ ਹਨ। 20 ਰੁਪਏ ਦਿੱਤੇ ਤਾਂ ਹੱਥ 'ਚ ਪਰਚੀ ਫੜਾ ਦਿੱਤੀ। 15 ਮਿੰਟਾਂ ਬਾਅਦ ਕਾਰ ਨੂੰ ਜੀ. ਐੱਮ. ਐੱਸ. ਐੱਸ. ਐੱਸ.-22 ਵਲੋਂ ਆਉਣ ਵਾਲੇ ਐਗਜ਼ਿਟ ਪੁਆਇੰਟ ਤੋਂ ਕੱਢਿਆ ਗਿਆ। ਉਥੇ ਇਕ ਕਰਿੰਦਾ ਕਾਰ ਰੋਕ ਕੇ ਪਰਚੀ ਮੰਗਦਾ ਹੈ ਪਰ ਜਦੋਂ ਕਿਹਾ ਗਿਆ ਕਿ ਪਰਚੀ ਨਹੀਂ ਹੈ ਤਾਂ ਅਜਿਹੇ 'ਚ ਕਰਿੰਦੇ ਨਾ ਤਾਂ ਕਾਰ ਦੇ ਕੋਈ ਦਸਤਾਵੇਜ਼ ਮੰਗੇ ਤੇ ਨਾ ਹੀ ਕੋਈ ਹੋਰ ਪਛਾਣ ਪੱਤਰ। ਕਾਰ ਨੂੰ ਇੰਝ ਹੀ ਜਾਣ ਦਿੱਤਾ ਗਿਆ। ਇਸ ਤੋਂ ਇਹ ਸਾਬਿਤ ਹੋ ਗਿਆ ਕਿ ਜੇਕਰ ਤੁਹਾਡਾ ਵਾਹਨ ਪੇਡ ਪਾਰਕਿੰਗ 'ਚ ਪਾਰਕ ਕੀਤਾ ਹੋਇਆ ਹੈ ਤਾਂ ਉਸਨੂੰ ਕੋਈ ਵੀ ਹੋਰ ਵਿਅਕਤੀ ਉਥੋਂ ਚੋਰੀ ਕਰਕੇ ਲਿਜਾ ਜਾ ਸਕਦਾ ਹੈ।
ਨਾ ਲਿਆ ਜੁਰਮਾਨਾ, ਨਾ ਵੇਖੀ ਆਰ. ਸੀ.
ਪਰਚੀ 'ਤੇ ਸਾਫ ਤੌਰ 'ਤੇ ਲਿਖਿਆ ਗਿਆ ਹੈ ਕਿ ਜੇਕਰ ਪਰਚੀ ਗੁੰਮ ਹੋ ਜਾਂਦੀ ਹੈ ਤਾਂ ਕਾਰ ਚਾਲਕ ਤੋਂ 100 ਰੁਪਏ ਜੁਰਮਾਨੇ ਵਜੋਂ ਵਸੂਲੇ ਜਾਣਗੇ। ਨਿਯਮ ਅਨੁਸਾਰ ਕਾਰ ਚਲਾਉਣ ਵਾਲੇ ਵਿਅਕਤੀ ਨੂੰ ਕਾਰ ਦਾ ਰਜਿਸਟ੍ਰੇਸ਼ਨ ਸਰਟੀਫਿਕੇਟ (ਆਰ. ਸੀ.) ਵਿਖਾਉਣ ਤੋਂ ਬਾਅਦ 100 ਰੁਪਏ ਜੁਰਮਾਨੇ ਵਜੋਂ ਦੇਣੇ ਪੈਂਦੇ ਹਨ ਪਰ ਚੰਡੀਗੜ੍ਹ ਦੀ ਸਮਾਰਟ ਪਾਰਕਿੰਗ 'ਚ ਸ਼ਾਇਦ ਇਹ ਨਿਯਮ ਲਾਗੂ ਨਹੀਂ ਹੁੰਦਾ। ਇਹੀ ਕਾਰਨ ਹੈ ਕਿ ਲੋਕ ਹੁਣ ਆਪਣੇ ਵਾਹਨਾਂ ਦੀ ਸੁਰੱਖਿਆ ਲਈ ਚਿੰਤਤ ਹਨ।
ਪਾਰਕਿੰਗ ਖਾਲੀ, ਸੜਕਾਂ 'ਤੇ ਪਾਰਕ ਹੋ ਰਹੇ ਵਾਹਨ
ਅਚਾਨਕ ਡਬਲ ਕੀਤੇ ਗਏ ਪਾਰਕਿੰਗ ਰੇਟ ਕਾਰਨ ਲੋਕ ਹੁਣ ਪੇਡ ਪਾਰਕਿੰਗ ਏਰੀਆ 'ਚ ਆਪਣੇ ਵਾਹਨ ਪਾਰਕ ਕਰਨ ਤੋਂ ਕੰਨੀ ਕਤਰਾ ਰਹੇ ਹਨ ਜੇਕਰ ਮਾਰਕੀਟ 'ਚ ਦੋ ਮਿੰਟ ਦਾ ਵੀ ਕੰਮ ਹੈ ਤਾਂ ਵੀ ਸਿੱਧੇ 20 ਰੁਪਏ ਕਟਵਾਉਣੇ ਪੈ ਰਹੇ ਹਨ। ਇਸ ਕਾਰਨ ਲੋਕ ਹੁਣ ਪੇਡ ਪਾਰਕਿੰਗ ਏਰੀਆ ਦੀ ਥਾਂ ਸੜਕਾਂ 'ਤੇ ਹੀ ਵਾਹਨ ਪਾਰਕ ਕਰ ਰਹੇ ਹਨ, ਜਿਸ ਕਾਰਨ ਸੈਕਟਰ-9, 17, 22 ਤੇ 34 ਸਮੇਤ ਹੋਰ ਕਈ ਪੇਡ ਪਾਰਕਿੰਗ ਏਰੀਆ ਦੇ ਆਸ-ਪਾਸ ਟ੍ਰੈਫਿਕ ਜਾਮ ਦੀ ਹਾਲਤ ਬਣੀ ਰਹਿੰਦੀ ਹੈ। ਨੋ ਪਾਰਕਿੰਗ ਏਰੀਆ 'ਚ ਖੜ੍ਹੇ ਹੋ ਰਹੇ ਵਾਹਨਾਂ ਨੂੰ ਹਟਾਉਣ ਲਈ ਟ੍ਰੈਫਿਕ ਪੁਲਸ ਵੀ ਪੂਰੀ ਤਰ੍ਹਾਂ ਅਸਫਲ ਸਾਬਤ ਹੋ ਰਹੀ ਹੈ।
ਔਰਤਾਂ ਤੇ ਅੰਗਹੀਣਾਂ ਲਈ ਨਹੀਂ ਅਟੈਂਡੈਂਟ
ਕੰਪਨੀ ਵਲੋਂ ਐੱਮ. ਓ. ਯੂ. ਸਾਈਨ ਕਰਦੇ ਸਮੇਂ ਇਕ ਸ਼ਰਤ ਇਹ ਵੀ ਰੱਖੀ ਗਈ ਸੀ ਕਿ ਔਰਤਾਂ ਲਈ ਪਾਰਕਿੰਗ ਏਰੀਆ ਵੱਖਰਾ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਅੰਗਹੀਣਾਂ ਨੂੰ ਵੀ ਇਸੇ ਤਰ੍ਹਾਂ ਦੀ ਸਹੂਲਤ ਦਿੱਤੀ ਜਾਣੀ ਚਾਹੀਦੀ ਹੈ ਪਰ ਜਦੋਂ ਪਾਰਕਿੰਗ ਏਰੀਆ ਦਾ ਦੌਰਾ ਕੀਤਾ ਗਿਆ ਤਾਂ ਸਾਬਤ ਹੋ ਗਿਆ ਕਿ ਇਹ ਸਾਰੇ ਦਾਅਵੇ ਵੀ ਕਾਗਜ਼ਾਂ 'ਚ ਵਿਖਾਉਣ ਲਈ ਹੀ ਸਨ। ਕਿਸੇ-ਕਿਸੇ ਪਾਰਕਿੰਗ ਏਰੀਏ 'ਚ ਔਰਤਾਂ ਤੇ ਅੰਗਹੀਣਾਂ ਲਈ ਪਾਰਕਿੰਗ ਰਿਜ਼ਰਵ ਦਾ ਬੋਰਡ ਤਾਂ ਵਿਖਾਈ ਦਿੱਤਾ ਪਰ ਨਾ ਤਾਂ ਉਥੇ ਫੀਮੇਲ ਅਟੈਂਡੈਂਟ ਸਨ ਤੇ ਨਾ ਹੀ ਅੰਗਹੀਣਾਂ ਦੀ ਮਦਦ ਕਰਨ ਵਾਲਾ ਕੋਈ ਮੌਜੂਦ ਸੀ।
ਜ਼ਿਆਦਾਤਰ ਸੀ. ਸੀ. ਟੀ. ਵੀ. ਕੈਮਰੇ ਖਰਾਬ
ਸਮਾਰਟ ਪਾਰਕਿੰਗ ਲਈ ਸਭ ਤੋਂ ਜ਼ਰੂਰੀ ਸ਼ਰਤ ਸੀ. ਸੀ. ਟੀ. ਵੀ. ਦੀ ਸੀ। ਵਾਹਨ ਚੋਰੀ ਹੋਣ ਦੀ ਹਾਲਤ 'ਚ ਇਨ੍ਹਾਂ ਕੈਮਰਿਆਂ ਤੋਂ ਮਦਦ ਲਈ ਜਾ ਸਕਦੀ ਹੈ ਪਰ ਪਿਛਲੇ ਹਫਤੇ ਨਿਗਮ ਦੀ ਵਿੱਤ ਕਰਾਰ ਕਮੇਟੀ ਦੀ ਪਾਰਕਿੰਗ ਏਰੀਆ 'ਚ ਕੀਤੀ ਗਈ ਵਿਜ਼ਿਟ ਨੇ ਇਹ ਸਾਬਤ ਕਰ ਦਿੱਤਾ ਕਿ ਇਥੇ ਵੀ ਕੰਪਨੀ ਨੇ ਗੰਭੀਰਤਾ ਨਹੀਂ ਵਿਖਾਈ। ਕਰਾਰ ਅਨੁਸਾਰ ਸਾਰੇ ਪਾਰਕਿੰਗ ਏਰੀਆ 'ਚ ਸੀ. ਸੀ. ਟੀ. ਵੀ. ਕੈਮਰੇ ਚਾਲੂ ਹਾਲਤ 'ਚ ਮਿਲਣੇ ਚਾਹੀਦੇ ਹਨ ਪਰ ਜਦੋਂ ਕਮੇਟੀ ਦੇ ਮੈਂਬਰਾਂ ਨੇ ਸੈਂਟਰਲ ਸਰਵਰ ਰੂਮ 'ਚ ਚੈਕਿੰਗ ਕੀਤੀ ਤਾਂ ਮਿਲਿਆ ਕਿ ਸਾਰੇ ਕੈਮਰੇ ਚੱਲ ਹੀ ਨਹੀਂ ਰਹੇ ਸਨ।