ਜ਼ਿਲਾ ਅਦਾਲਤ ''ਚ ਹੱਲ ਨਹੀਂ ਹੋ ਰਿਹਾ ਪਾਰਕਿੰਗ ਦਾ ''ਕੇਸ''
Monday, Dec 04, 2017 - 01:33 PM (IST)
ਰੂਪਨਗਰ (ਕੈਲਾਸ਼)— ਜ਼ਿਲਾ ਅਦਾਲਤ 'ਚ ਪਾਰਕਿੰਗ ਦੀ ਸਮੱਸਿਆ ਦੇ ਹੱਲ ਲਈ ਜ਼ਿਲਾ ਬਾਰ ਐਸੋਸੀਏਸ਼ਨ ਅਤੇ ਜ਼ਿਲਾ ਪ੍ਰਸ਼ਾਸਨ ਭਾਵੇਂ ਪੂਰੀ ਕੋਸ਼ਿਸ਼ ਕਰ ਰਹੇ ਹਨ ਪਰ ਇਹ ਸਮੱਸਿਆ ਗੰਭੀਰ ਮੁੱਦਾ ਬਣ ਚੁੱਕੀ ਹੈ ਅਤੇ ਵਕੀਲਾਂ ਲਈ ਬਣੀ ਪਾਰਕਿੰਗ 'ਚ ਖੁਦ ਵਕੀਲਾਂ ਨੂੰ ਹੀ ਵਾਹਨ ਖੜ੍ਹੇ ਕਰਨ ਲਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਮੁਤਾਬਕ ਇਕ ਮਹੀਨਾ ਪਹਿਲਾਂ ਵਕੀਲਾਂ ਨੂੰ ਵਾਹਨਾਂ ਦੀ ਪਾਰਕਿੰਗ ਲਈ ਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਦੇਖਦੇ ਹੋਏ ਜ਼ਿਲਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਮਰ ਰਾਜ ਸੈਣੀ ਨੇ ਡਿਪਟੀ ਕਮਿਸ਼ਨਰ ਰੂਪਨਗਰ ਨਾਲ ਗੱਲਬਾਤ ਕਰਨ ਤੋਂ ਬਾਅਦ ਇਕ ਬੈਰੀਕੇਡ ਵੀ ਲਵਾਇਆ ਤਾਂ ਕਿ ਸਿਰਫ ਵਕੀਲਾਂ ਦੀਆਂ ਕਾਰਾਂ ਨੂੰ ਹੀ ਅਦਾਲਤਾਂ 'ਚ ਪਾਰਕਿੰਗ ਦੀ ਸਹੂਲਤ ਮਿਲ ਸਕੇ ਪਰ ਉਸ ਦੇ ਬਾਵਜੂਦ ਵਕੀਲਾਂ ਦੀ ਸਮੱਸਿਆ ਬਰਕਰਾਰ ਹੈ।
ਬੇਕਾਰ ਹੋ ਚੁੱਕੇ ਖੜ੍ਹੇ ਵਾਹਨ ਪੈਦਾ ਕਰ ਰਹੇ ਹਨ ਮੁਸ਼ਕਿਲਾਂ
ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਸੈਕਟਰੀਏਟ ਦੀ ਚਾਰਦੀਵਾਰੀ ਦੇ ਅੰਦਰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਖੜ੍ਹੇ ਬੇਕਾਰ ਹੋ ਚੁੱਕੇ ਵਾਹਨ ਵੀ ਪਾਰਕਿੰਗ ਵਿਚ ਰੁਕਾਵਟ ਬਣ ਰਹੇ ਹਨ। ਉਕਤ ਵਾਹਨ ਸਬੰਧਤ ਵਿਭਾਗਾਂ ਵੱਲੋਂ ਬੋਲੀ ਲਈ ਖੜ੍ਹੇ ਕੀਤੇ ਗਏ ਹਨ ਪਰ ਉਨ੍ਹਾਂ ਦੀ ਪ੍ਰਕਿਰਿਆ ਇੰਨੀ ਹੌਲੀ ਹੈ ਕਿ ਸਾਲਾਂ ਤੋਂ ਨਾ ਤਾਂ ਵਾਹਨ ਉਥੋਂ ਹਟਾਏ ਗਏ ਤੇ ਨਾ ਹੀ ਇਨ੍ਹਾਂ ਦੀ ਬੋਲੀ ਹੋਈ ਤੇ ਪਾਰਕਿੰਗ ਦਾ ਸਥਾਨ ਵੀ ਰੁਕਿਆ ਹੋਇਆ ਹੈ।

ਸੜਕ ਦੇ ਦੋਵੇਂ ਪਾਸੇ ਖੜ੍ਹੇ ਹੁੰਦੇ ਹਨ ਦੋਪਹੀਆ ਵਾਹਨ
ਅਦਾਲਤਾਂ 'ਚ ਜਾਣ ਲਈ ਬਣੇ ਰਸਤੇ 'ਤੇ ਸੈਕਟਰੀਏਟ ਨਾਲ ਦੋਵੇਂ ਪਾਸੇ ਦੋਪਹੀਆ ਵਾਹਨ ਖੜ੍ਹੇ ਕਰਨ ਨਾਲ ਕਾਰਾਂ ਦਾ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੈ। ਬਾਰ ਐਸੋਸੀਏਸ਼ਨ ਵੱਲੋਂ ਉਕਤ ਰਸਤੇ 'ਤੇ ਬੈਰੀਕੇਡ ਵੀ ਲਵਾਇਆ ਗਿਆ ਹੈ ਤੇ ਜਦੋਂ ਵਕੀਲਾਂ ਦੀਆਂ ਕਾਰਾਂ ਅਦਾਲਤਾਂ ਦੇ ਬਾਹਰ ਬਣੇ ਪਾਰਕਿੰਗ ਵਾਲੇ ਸਥਾਨ ਵਿਚ ਦਾਖਲ ਹੁੰਦੀਆਂ ਹਨ ਤਾਂ ਉਨ੍ਹਾਂ ਨੂੰ ਪਾਰਕਿੰਗ ਲਈ ਵੀ ਜਗ੍ਹਾ ਨਹੀਂ ਮਿਲਦੀ। ਰਸਤੇ ਦੇ ਦੋਵੇਂ ਪਾਸੇ ਦੋਪਹੀਆ ਵਾਹਨ ਖੜ੍ਹੇ ਰਹਿਣ ਕਾਰਨ ਵੀ ਆਮ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਯੋਜਨਾ ਬਣਾਈ ਪਰ ਅਮਲ ਨਹੀਂ ਹੋਇਆ
ਪਾਰਕਿੰਗ ਦੀ ਸਮੱਸਿਆ ਨੂੰ ਦੇਖਦੇ ਹੋਏ ਸੜਕ ਨਾਲ ਲੱਗੇ ਖੋਖਿਆਂ ਨੂੰ ਹਟਾ ਕੇ ਯੂ ਟਾਈਪ 'ਚ ਲਾਉਣ ਲਈ ਪਹਿਲਾਂ ਰਹਿ ਚੁੱਕੇ ਡਿਪਟੀ ਕਮਿਸ਼ਨਰ ਆਲੋਕ ਸ਼ੇਖਰ ਤੇ ਜੀ. ਏ. ਟੂ ਡੀ. ਸੀ. ਤ੍ਰਿਪਾਠੀ ਨੇ ਇਕ ਯੋਜਨਾ ਬਣਾਈ ਸੀ ਪਰ ਉਸ ਨੂੰ ਅਮਲੀਜਾਮਾ ਨਹੀਂ ਪਹਿਨਾਇਆ ਜਾ ਸਕਿਆ, ਜਦਕਿ ਬੇਤਰਤੀਬੇ ਲੱਗੇ ਖੋਖਿਆਂ ਕਾਰਨ ਪਾਰਕਿੰਗ ਦੀ ਸਮੱਸਿਆ ਗੰਭੀਰ ਬਣੀ ਹੋਈ ਹੈ। ਇਸ ਸੰਬੰਧ 'ਚ ਕੁਝ ਵਕੀਲਾਂ ਦਾ ਕਹਿਣਾ ਹੈ ਕਿ ਖੋਖਿਆਂ ਦੇ ਪਿੱਛੇ ਕਾਫੀ ਜਗ੍ਹਾ ਖਾਲੀ ਪਈ ਹੈ। ਜੇਕਰ ਖੋਖਿਆਂ ਨੂੰ ਸਹੀ ਢੰਗ ਨਾਲ ਲਾਇਆ ਜਾਵੇ ਤਾਂ ਕਾਫੀ ਸਹੂਲਤ ਮਿਲ ਸਕਦੀ ਹੈ। ਇਸ ਤੋਂ ਇਲਾਵਾ ਜ਼ਿਲਾ ਪ੍ਰਸ਼ਾਸਨ ਵੱਲੋਂ ਸੈਕਟਰੀਏਟ ਦੀ ਚਾਰਦੀਵਾਰੀ ਨਾਲ ਬਾਹਰ ਸੜਕ ਵੱਲ ਪਾਰਕਿੰਗ ਬਣਾਈ ਗਈ ਹੈ ਅਤੇ ਉਨ੍ਹਾਂ ਤੋਂ ਪਾਰਕਿੰਗ ਫੀਸ ਵੀ ਵਸੂਲੀ ਜਾਂਦੀ ਹੈ, ਜੋ ਲੜਾਈ ਦਾ ਕਾਰਨ ਬਣਦੀ ਹੈ।
