ਸ਼ਰਾਰਤੀਆਂ ਨੇ ਪਾਰਕਿੰਗ ''ਚ ਖੜ੍ਹੀ ਕਾਰ ਨੂੰ ਲਾਈ ਅੱਗ, ਸੜ ਕੇ ਹੋਈ ਸੁਆਹ
Sunday, Feb 19, 2023 - 03:26 PM (IST)
ਜ਼ੀਰਕਪੁਰ (ਮੇਸ਼ੀ) : ਜ਼ੀਰਕਪੁਰ ਦੀ ਬਲਟਾਣਾ ’ਚ ਨਜ਼ਦੀਕ ਸਿੰਗਲਾ ਮਾਰਕੀਟ ਦੀ ਪਾਰਕਿੰਗ ਵਿਚ ਇਕ ਕਾਰ ਨੂੰ ਅੱਗ ਲਾ ਕੇ ਸਾੜਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਥੋਂ ਦੇ ਲੋਕਾਂ ਨੇ ਦੱਸਿਆ ਕਿ ਇਥੇ ਮਾਰਕੀਟ ਦੀ ਪਾਰਕਿੰਗ ਵਿਚ ਕੁਝ ਸ਼ਰਾਰਤੀਆਂ ਨੇ ਬਿਨਾਂ ਨੰਬਰ ਖੜ੍ਹੀ ਮਾਰੂਤੀ ਕਾਰ ਨੂੰ ਅੱਗ ਲਗਾ ਦਿੱਤੀ। ਇਹ ਘਟਨਾ ਬਾਅਦ ਦੁਪਹਿਰ ਵਾਪਰੀ, ਜਿਸ ਨੂੰ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ’ਤੇ ਪੁੱਜ ਕੇ ਬੁਝਾਇਆ ਪਰ ਫਾਇਰ ਬ੍ਰਿਗੇਡ ਦੇ ਪਹੁੰਚਣ ਤੋਂ ਪਹਿਲਾਂ ਹੀ ਕਾਰ ਮੱਚ ਕੇ ਸੁਆਹ ਹੋ ਚੁੱਕੀ ਸੀ। ਅੱਗੇ ਦੱਸਿਆ ਕਿ ਉਕਤ ਪਾਰਕਿੰਗ ਵਿਚ ਇਹ ਮਾਰੂਤੀ ਕਾਰ ਪਿਛਲੇ ਕਈ ਦਿਨਾਂ ਤੋਂ ਜੋ ਬਿਨਾਂ ਨੰਬਰ ਪਲੇਟ ਤੋਂ ਲਵਾਰਿਸ ਖੜੀ ਸੀ। ਨੂੰ ਬਿਨਾਂ ਕਾਰਨਾਂ ਤੋਂ ਕੁਝ ਸ਼ਰਾਰਤੀ ਅਨਸਰਾਂ ਨੇ ਅੱਗ ਲਗਾ ਦਿੱਤੀ। ਜਿਸ ਦੀ ਸੂਚਨਾਂ ਲੋਕਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਦਿੱਤੀ। ਮਾਮਲੇ ਦੇ ਸਬੰਧ ਵਿਚ ਫਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀ ਰਾਜੀਵ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਬਾਅਦ ਦੁਪਹਿਰ ਬਲਟਾਣਾ ਇਲਾਕੇ ਵਿਚ ਇਕ ਕਾਰ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ। ਜਿਸ ਵਜੋਂ ਉਨ੍ਹਾਂ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਕਾਰ ਨੂੰ ਲੱਗੀ ਅੱਗ ਨੂੰ ਬੁਝਾਇਆ ਗਿਆ। ਉਨ੍ਹਾਂ ਦੱਸਿਆ ਕਿ ਕਾਰ 'ਤੇ ਕੋਈ ਨੰਬਰ ਪਲੇਟ ਨਹੀਂ ਲੱਗੀ ਹੋਈ ਸੀ ਅਤੇ ਨਾ ਹੀ ਇਸ ਕਾਰ ਦਾ ਮਾਲਕ ਸਾਹਮਣੇ ਆਇਆ ਹੈ। ਜਿਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਹੈ।
ਕੀ ਕਹਿਣਾ ਹੈ ਪੁਲਸ ਦਾ
ਬਲਟਾਣਾ ਦੇ ਚੌਕੀ ਇੰਚਾਰਜ ਜਸ਼ਮਨਪ੍ਰੀਤ ਸਿੰਘ ਨੇ ਕਿਹਾ ਕਿ ਸਾਨੂੰ ਸੂਚਨਾ ਮਿਲੀ ਕਿ ਇਕ ਕਾਰ ਨੂੰ ਅੱਗ ਲੱਗੀ ਹੈ, ਅਸੀਂ ਜਾਂਚ ਲਈ ਟੀਮ ਭੇਜੀ ਪਰ ਕਾਰ ਦਾ ਕੋਈ ਮਾਲਕ ਸਾਹਮਣੇ ਨਹੀਂ ਆਇਆ। ਕਾਰ ਮਾਲਕ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਦੀ ਮਦਦ ਨਾਲ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਅੱਗ ਕਿਵੇਂ ਲੱਗੀ ਹੈ। ਅਸਲ ਮਾਲਕ ਦੇ ਸਾਹਮਣੇ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।