ਵੱਡੇ ਬਾਦਲ ਨੇ ਟਕਸਾਲੀਆਂ ਨੂੰ ਦਿੱਤੀ ਨਸੀਹਤ

Thursday, Nov 08, 2018 - 02:43 PM (IST)

ਵੱਡੇ ਬਾਦਲ ਨੇ ਟਕਸਾਲੀਆਂ ਨੂੰ ਦਿੱਤੀ ਨਸੀਹਤ

ਬੁਢਲਾਡਾ (ਮਨਜੀਤ) : ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਜਿੱਥੇ ਕੁਰਬਾਨੀਆਂ ਭਰਿਆ ਹੈ, ਉੱਥੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਸ਼੍ਰੋਮਣੀ ਅਕਾਲੀ ਦਲ ਆਪਣੀਆਂ ਧਾਰਮਿਕ ਅਤੇ ਸਿਆਸੀ ਗਤੀਵਿਧੀਆਂ ਦਾ ਆਰੰਭ ਕਰਦਾ ਹੈ ਪਰ ਦੁੱਖ ਦੀ ਗੱਲ ਹੈ ਕਿ ਅਕਾਲੀ-ਭਾਜਪਾ ਸਰਕਾਰ ਸਮੇਂ ਸ਼ਰਾਰਤੀ ਅਨਸਰਾਂ ਵੱਲੋਂ ਬਰਗਾੜੀ ਵਿਖੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਕੀਤੀ ਬੇਅਦਬੀ 'ਤੇ ਕੁਝ ਲੋਕਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਪਿੰਡ ਕਲੀਪੁਰ ਜਥੇਦਾਰ ਬੱਲਮ ਸਿੰਘ ਕਲੀਪੁਰ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਅੱਜ ਜੋ ਲੋਕ ਸਿਆਸੀ ਰੋਟੀਆਂ ਸੇਕਣ ਲਈ ਸ਼੍ਰੋਮਣੀ ਅਕਾਲੀ ਦਲ 'ਤੇ ਬੇਤੁਕੇ ਦੋਸ਼ ਲਗਾ ਰਹੇ ਹਨ, ਜਲਦੀ ਹੀ ਉਨ੍ਹਾਂ ਲੋਕਾਂ ਦਾ ਚਿਹਰਾ ਜਨਤਾ ਦੀ ਕਚਹਿਰੀ 'ਚ ਨੰਗਾ ਹੋਵੇਗਾ।

ਇਸ ਮੌਕੇ ਬਾਦਲ ਨੇ ਮਾਝੇ ਦੇ ਸੀਨੀਅਰੀ ਅਕਾਲੀ ਆਗੂ ਬ੍ਰਹਮਪੁਰਾ ਸਮੇਤ ਹੋਰ ਆਗੂਆਂ ਬਾਰੇ ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ 'ਚ ਟੇਢੇ ਢੰਗ ਨਾਲ ਬਾਦਲ ਨੇ ਕਿਹਾ ਕਿ ਪਾਰਟੀ ਸੁਪਰੀਮ ਹੁੰਦੀ ਹੈ ਅਤੇ ਇਸ ਦੀਆਂ ਜੜਾਂ ਮਜਬੂਤ ਹੁੰਦੀਆਂ ਹਨ। ਇਸ ਦੇ ਲਈ ਆਪਣੀ ਮਾਂ ਪਾਰਟੀ ਤੋਂ ਵੱਖ ਹੋ ਕੇ ਕੋਈ ਵੀ ਪ੍ਰਾਪਤੀ ਨਹੀਂ ਕੀਤੀ ਜਾ ਸਕਦੀ। ਪੱਤਰਕਾਰਾਂ ਵੱਲੋਂ ਕੀਤੇ ਤਿੱਖੇ ਸਵਾਲਾਂ ਤੋਂ ਸ: ਬਾਦਲ ਕੰਨੀ ਕਤਰਾਉਂਦੇ ਨਜ਼ਰ ਆਏ। ਇਸ ਮੌਕੇ ਜ਼ਿਲਾ ਦਿਹਾਤੀ ਜਥੇਦਾਰ ਗੁਰਮੇਲ ਸਿੰਘ ਫਫੜੇ, ਜ਼ਿਲਾ ਸ਼ਹਿਰੀ ਪ੍ਰਧਾਨ ਪ੍ਰੇਮ ਕੁਮਾਰ ਅਰੋੜਾ, ਹਲਕਾ ਇੰਚਾਰਜ ਡਾ: ਨਿਸ਼ਾਨ ਸਿੰਘ, ਚੇਅਰਮੈਨ ਬੱਲਮ ਸਿੰਘ ਕਲੀਪੁਰ, ਯੂਥ ਆਗੂ ਰਘੁਵੀਰ ਸਿੰਘ ਮਾਨਸਾ ਤੋਂ ਇਲਾਵਾ ਹੋਰ ਵੀ ਮੌਜੂਦ ਸਨ।  


author

Anuradha

Content Editor

Related News