ਪੰਜਾਬ ਸਰਕਾਰ 5 ਦਿਨਾਂ ਦੀ ਪ੍ਰਾਹੁਣੀ, ਝੂਠੇ ਲਾਰਿਆਂ ਦਾ ਖਮਿਆਜ਼ਾ ਭੁਗਤਣ ਲਈ ਰਹੇ ਤਿਆਰ : ਬਾਦਲ
Friday, Dec 31, 2021 - 06:26 PM (IST)
ਮਲੋਟ (ਸ਼ਾਂਤ, ਜੱਜ) : ਪੰਜਾਬ ਸਰਕਾਰ ਸਿਰਫ 5 ਦਿਨਾਂ ਦੀ ਪ੍ਰਾਹੁਣੀ ਹੈ। ਇਸ ਦੇ ਆਗੂਆਂ ਨੇ ਪੰਜ ਸਾਲ ਪਹਿਲਾਂ ਵੀ ਝੂਠੀਆਂ ਕਸਮਾਂ ਖਾ ਕੇ ਝੂਠੇ ਵਾਅਦੇ ਕੀਤੇ ਅਤੇ ਅੱਜ ਵੀ ਝੂਠੇ ਵਾਅਦਿਆਂ ਰਾਹੀਂ ਜਨਤਾ ਨੂੰ ਗੁੰਮਰਾਹ ਕਰ ਰਹੀ ਹੈ। ਇਨ੍ਹਾਂ ਝੂਠੇ ਵਾਅਦਿਆਂ ਦਾ ਖਮਿਆਜ਼ਾ ਇਸ ਸਰਕਾਰ ਨੂੰ ਜਨਤਾ ਦੀ ਕਚਹਿਰੀ ’ਚ ਭੁਗਤਣਾ ਪਵੇਗਾ। ਇਹ ਵਿਚਾਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਨਜ਼ਦੀਕੀ ਪਿੰਡ ਕੋਲਿਆਂਵਾਲੀ, ਡੱਬਵਾਲੀ ਢਾਬ, ਕਬਰ ਵਾਲਾ ਆਦਿ ਦੇ ਦੌਰੇ ਦੌਰਾਨ ਪ੍ਰਤੀਨਿਧਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਗਟਾਏ। ਉਨ੍ਹਾਂ ਕਿਹਾ ਕਿ ਸਰਕਾਰ ਇਕ ਟੀਮ ਦੀ ਤਰ੍ਹਾਂ ਕੰਮ ਕਰੇ ਤਾਂ ਹੀ ਜਨਤਾ ਦੀ ਭਲਾਈ ਦੇ ਕੰਮ ਹੋ ਸਕਣ ਪਰ ਸਰਕਾਰ ਦੇ ਆਗੂ ਤਾਂ ਆਪਸ ’ਚ ਲੜਦੇ ਹੋਏ ਜਨਤਾ ਨੂੰ ਗੁੰਮਰਾਹ ਕਰ ਰਹੇ ਹਨ।
ਇਹ ਵੀ ਪੜ੍ਹੋ : Year Ender : ਇਨ੍ਹਾਂ ਪਰਿਵਾਰਾਂ ਨੂੰ ਖੂਨ ਦੇ ਹੰਝੂ ਰੁਆ ਗਿਆ 2021, ਵਾਪਰੇ ਹਾਦਸਿਆਂ ਨੇ ਵਿਛਾ ਦਿੱਤੇ ਸੱਥਰ
ਉਨ੍ਹਾਂ ਕਿਹਾ ਕਿ ਅੱਜ ਦਾ ਮੁੱਖ ਮੰਤਰੀ ਰੋਜ਼ ਝੂਠੇ ਬਿਆਨ ਦੇ ਕੇ ਜਨਤਾ ਨਾਲ ਫੋਕੇ ਵਾਅਦੇ ਕਰ ਰਿਹਾ ਹੈ ਜਿਸ ਤੋਂ ਸਾਫ ਹੈ ਕਿ ਇਹ ਲਾਰਿਆਂ ਦੀ ਸਰਕਾਰ ਬਣ ਕੇ ਰਹਿ ਗਈ ਹੈ। ਅੱਜ ਮੁਲਾਜ਼ਮ, ਕਿਸਾਨ, ਕਿਰਤੀ ਵਰਗ ਸਭ ਸਰਕਾਰ ਤੋਂ ਦੁਖੀ ਹੋ ਕੇ ਸੜਕਾਂ ’ਤੇ ਉੱਤਰੇ ਬੈਠੇ ਹਨ ਪਰ ਸਰਕਾਰ ਰੋਜ਼ ਨਵੇਂ ਤੋਂ ਨਵੇਂ ਲਾਰੇ ਲਗਾ ਕੇ ਸਾਰੇ ਵਰਗਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜਿਸ ਦਾ ਖਮਿਆਜ਼ਾ ਇਨ੍ਹਾਂ ਲੋਕਾਂ ਨੂੰ ਜਨਤਾ ਦੀ ਕਚਹਿਰੀ ’ਚ ਭੁਗਤਣਾ ਪਵੇਗਾ। ਸਰਦਾਰ ਬਾਦਲ ਨੇ ਕਿਹਾ ਕਿ ਆਉਣ ਵਾਲੇ ਪੰਜ ਛੇ ਦਿਨਾਂ ’ਚ ਇਸ ਸਰਕਾਰ ਦਾ ਸਾਰਾ ਕੰਮ ਚੋਣ ਕਮਿਸ਼ਨ ਦੇ ਹੱਥਾਂ ’ਚ ਆ ਜਾਵੇਗਾ ਅਤੇ ਇਨ੍ਹਾਂ ਵੱਲੋਂ ਲਾਏ ਸਾਰੇ ਫੋਕੇ ਲਾਰੇ ਧਰੇ ਧਰਾਏ ਰਹਿ ਜਾਣਗੇ। ਇਸ ਮੌਕੇ ਉਨ੍ਹਾਂ ਨਾਲ ਗੁਰਚਰਨ ਸਿੰਘ ਓ. ਐੱਸ. ਡੀ., ਪਰਮਿੰਦਰ ਸਿੰਘ ਕੋਲਿਆਂਵਾਲੀ, ਨਵਜਿੰਦਰ ਸਿੰਘ ਮਾਨ ਆਦਿ ਸੀਨੀਅਰ ਅਕਾਲੀ ਆਗੂ ਹਾਜ਼ਰ ਸਨ ।
ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ’ਚ ਮਚੀ ਖਲਬਲੀ, ਹਾਈਕਮਾਨ ਦੀ ਵਧੀ ਟੈਨਸ਼ਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?