ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਿਰੁੱਧ ਗਲਤ ਟਿੱਪਣੀਆਂ ਕਰਨ ''ਤੇ ਮਾਮਲਾ ਦਰਜ

Saturday, Jul 27, 2024 - 05:44 PM (IST)

ਪਾਇਲ (ਵਿਨਾਇਕ) : ਮਰਹੂਮ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੇ ਪਰਿਵਾਰ ਬਾਰੇ ਵਿਦੇਸ਼ 'ਚ ਬੈਠ ਕੇ ਆਪਣੇ ਬਣਾਏ ਵਟਸਐਪ ਗਰੁੱਪ 'ਚ ਇਤਰਾਜ਼ਯੋਗ ਟਿੱਪਣੀਆਂ ਕਰਨ ਅਤੇ ਮਾੜੀ ਭਾਸ਼ਾ ਵਰਤਣ ਦੇ ਦੋਸ਼ 'ਚ ਸਾਈਬਰ ਕ੍ਰਾਈਮ ਥਾਣਾ ਖੰਨਾ ਵਿਖੇ ਗਰੁੱਪ ਐਡਮਿਨ ਖ਼ਿਲਾਫ ਆਈ.ਟੀ. ਐਕਟ ਦੀ ਧਾਰਾ 67 ਤਹਿਤ ਮਾਮਲਾ ਦਰਜ ਕਰਕੇ ਅੱਗੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਸ਼ਿਕਾਇਤਕਰਤਾ ਕੁਲਦੀਪ ਸਿੰਘ ਉਰਫ ਰਿੰਕਾ ਦੁਧਾਲ ਨੇ ਪੰਜਾਬ ਪੁਲਸ ਦੇ ਪਬਲਿਕ ਸ਼ਿਕਾਇਤ ਪੋਰਟਲ 'ਤੇ ਦਰਖਾਸਤ ਨੰਬਰ 344964 ਮਿਤੀ 4.5.2024 ਰਾਹੀਂ ਸ਼ਿਕਾਇਤ ਦਰਜ ਕਰਵਾਈ ਕਿ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਨਾਲ ਸਬੰਧ ਰੱਖਦਾ ਹੈ ਅਤੇ ਯੂਥ ਅਕਾਲੀ ਦਲ ਦਾ ਮੀਤ ਪ੍ਰਧਾਨ ਹੈ। ਉਸਦੇ ਪਿੰਡ ਦਾ ਇਕ ਵਟਸਐਪ ਗਰੁੱਪ 'ਸੁੱਖੀ ਵਾਸੇ ਮੇਰਾ ਨਗਰ-ਖੇੜਾ' ਵਿਦੇਸ਼ ‘ਚ ਬੈਠੇ ਗਰੁੱਪ ਐਡਮਿਨ ਮਨਪ੍ਰੀਤ ਸਿੰਘ ਉਰਫ ਮਨੀ ਗਿੱਲ ਵੱਲੋਂ ਬਣਾਇਆ ਗਿਆ ਹੈ।

ਇਸ ਵਿਚ ਉਸ ਵੱਲੋਂ ਮਰਹੂਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਨ੍ਹਾਂ ਦੇ ਪਰਿਵਾਰ ਅਤੇ ਉਸਦੇ ਪਰਿਵਾਰ ਬਾਰੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਗਈਆਂ ਹਨ ਅਤੇ ਮਾੜੀ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਮੁਲਜ਼ਮ ਖਾਲਿਸਤਾਨੀ ਪੱਖੀ ਹੋਣ ਕਾਰਨ ਪਿੰਡ ਦੇ ਨੌਜਵਾਨਾਂ ਨੂੰ ਗਲਤ ਰਸਤੇ 'ਤੇ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਸ਼ਿਕਾਇਤ ਦੀ ਪੜਤਾਲ ਉੱਚ ਪੁਲਸ ਅਧਿਕਾਰੀਆਂ ਵੱਲੋਂ ਕਰਨ ਉਪਰੰਤ ਮੁਲਜ਼ਮ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਕੀ ਕਹਿੰਦੇ ਹਨ ਪੁਲਸ ਜਾਂਚ ਅਧਿਕਾਰੀ?

ਇਸ ਸਬੰਧੀ ਮਾਮਲੇ ਦੀ ਜਾਂਚ ਕਰ ਰਹੇ ਸਾਈਬਰ ਕ੍ਰਾਈਮ ਥਾਣਾ ਦੇ ਮੁਖੀ ਇੰਸਪੈਕਟਰ ਵਿਨੋਦ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਇਸ ਮਾਮਲੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮੁਲਜ਼ਮ ਖ਼ਿਲਾਫ਼ ਆਈਟੀ ਐਕਟ ਦੀ ਗੰਭੀਰ ਧਾਰਾ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅੱਗੇ ਜਾਂਚ ਕੀਤੀ ਜਾ ਰਹੀ ਹੈ।


Gurminder Singh

Content Editor

Related News