1980 ''ਚ ਅਕਾਲੀ ਦਲ ਨੇ ਹੀ ਦਿੱਤੀ ਸੀ ਅੱਤਵਾਦ ਨੂੰ ਸ਼ਹਿ:  ਤ੍ਰਿਪਤ ਬਾਜਵਾ

Thursday, Nov 01, 2018 - 09:04 AM (IST)

1980 ''ਚ ਅਕਾਲੀ ਦਲ ਨੇ ਹੀ ਦਿੱਤੀ ਸੀ ਅੱਤਵਾਦ ਨੂੰ ਸ਼ਹਿ:  ਤ੍ਰਿਪਤ ਬਾਜਵਾ

ਚੰਡੀਗੜ੍ਹ (ਭੁੱਲਰ)— ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਇਥੇ ਸੂਬੇ ਦੇ  5 ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉੱਤੇ ਦੋਸ਼ ਲਾਇਆ ਹੈ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾ ਕੇ ਪੰਜਾਬ ਦੇ ਅਮਨ ਨੂੰ ਲਾਂਬੂ ਲਾਉਣਾ ਚਾਹੁੰਦੇ ਹਨ ਤਾਂ ਕਿ ਆਪਣੇ ਸੌੜੇ ਰਾਜਸੀ ਹਿੱਤਾਂ ਦੀ ਪੂਰਤੀ ਕੀਤੀ ਜਾ ਸਕੇ।

ਉਨ੍ਹਾਂ ਕਿਹਾ, ''ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਰਵਾਈ ਗਈ ਬੇਹੁਰਮਤੀ ਅਤੇ ਸ੍ਰੀ ਅਕਾਲ਼ ਤਖ਼ਤ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀਆਂ ਪੰਥਕ ਸੰਸਥਾਵਾਂ ਦੀ ਕੀਤੀ ਗਈ ਦੁਰਵਰਤੋਂ ਕਾਰਨ ਲੋਕਾਂ ਵਲੋਂ ਬਾਦਲਾਂ ਦੇ ਕੀਤੇ ਜਾ ਰਹੇ ਸਮਾਜਿਕ ਬਾਈਕਾਟ ਕਾਰਨ ਉਨ੍ਹਾਂ ਨੂੰ ਹੁਣ ਕੋਈ ਏਜੰਡਾ ਨਹੀਂ ਲੱਭ ਰਿਹਾ, ਇਸ ਲਈ ਉਹ 1980 ਦੀ ਤਰ੍ਹਾਂ ਮੁੜ ਪੰਜਾਬ ਦੇ ਅਮਨ ਨੂੰ ਲਾਂਬੂ ਲਾਉਣ ਦੇ ਰਾਹ ਪੈ ਤੁਰੇ ਹਨ। ਇਹ ਇਤਿਹਾਸਕ ਤੱਥ ਬਣ ਚੁੱਕਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ 20 ਅਗਸਤ 1980 'ਚ ਵੀ ਆਪਣੀ ਵਰਕਿੰਗ ਕਮੇਟੀ ਮੀਟਿੰਗ ਵਿਚ ਪਾਸ ਕੀਤੇ ਮਤੇ ਰਾਹੀਂ ਉਸ ਵੇਲੇ ਹੋਏ ਕਤਲਾਂ ਦੀ  ਸ਼ਲਾਘਾ ਕਰਕੇ ਅੱਤਵਾਦ ਨੂੰ ਸ਼ਹਿ ਦਿੱਤੀ ਸੀ। ਜੇ ਬਾਦਲ ਚਾਹੁਣ ਤਾਂ ਇਹ ਮਤਾ ਉਨ੍ਹਾਂ ਨੂੰ ਵੀ ਭੇਜਿਆ ਜਾ ਸਕਦਾ ਹੈ।''

ਬਾਜਵਾ ਨੇ ਕਿਹਾ ਕਿ ਬਾਦਲ ਪਿਤਾ-ਪੁੱਤ ਸਭ ਕੁਝ ਜਾਣਦਿਆਂ ਬੁੱਝਦਿਆਂ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ ਵਿਚ ਹੋਈਆਂ  ਗਲਤੀਆਂ ਦਾ ਬਹਾਨਾ ਬਣਾ ਕੇ ਸ੍ਰ੍ਰੀ ਅਕਾਲ ਤਖਤ ਸਾਹਿਬ ਤੋਂ ਮੋਰਚਾ ਲਾ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਬਜ਼ਿਦ ਹਨ ਜਦੋਂ ਕਿ ਇਹ ਕਿਤਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮ ਉੱਤੇ ਪਹਿਲਾਂ ਹੀ ਵਾਪਸ ਲਈ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਦਰਅਸਲ ਬਾਦਲਾਂ ਵਲੋਂ ਇਹ ਸਾਰੀ ਡਰਾਮੇਬਾਜ਼ੀ ਆਪਣੀ ਖੁੱਸੀ ਹੋਈ ਸਾਖ ਬਹਾਲ ਕਰਨ ਲਈ ਕੀਤੀ ਜਾ ਰਹੀ ਹੈ ਜੋ ਕਦੇ ਵੀ ਸਿਰੇ ਨਹੀਂ ਚੜ੍ਹੇਗੀ।


Related News