350 ਸਾਲਾ ਪ੍ਰਕਾਸ਼ ਪੁਰਬ ਸਮਾਗਮ ਸਫਲਤਾ ਪੂਰਵਕ ਸੰਪੂਰਨ (ਤਸਵੀਰਾਂ)

01/06/2017 11:53:35 AM

ਪਟਨਾ (ਜੁਗਿੰਦਰ ਸੰਧੂ, ਕੁਲਦੀਪ ਬੇਦੀ) : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 350 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ ''ਚ ਪਿਛਲੇ ਇਕ ਹਫਤੇ ਤੋਂ ਇੱਥੇ ਚੱਲ ਰਹੇ ਸਮਾਗਮ ਬੀਤੀ ਸ਼ਾਮ ਪੂਰੀ ਸਫਲਤਾ ਸਹਿਤ ਸੰਪੂਰਨ ਹੋ ਗਏ। ਇੱਕਾ-ਦੁੱਕਾ ਛੋਟੀਆਂ-ਮੋਟੀਆਂ ਘਟਨਾਵਾਂ ਨੂੰ ਛੱਡ ਕੇ ਵੱਖ-ਵੱਖ ਥਾਵਾਂ ''ਤੇ ਆਯੋਜਿਤ ਕੀਤੇ ਗਏ ਸਮਾਗਮ ਪੂਰੀ ਤਰ੍ਹਾਂ ਸ਼ਾਂਤੀਪੂਰਵਕ ਅਤੇ ਨਿਰਵਿਘਨ ਨੇਪਰੇ ਚੜ੍ਹੇ। ਇਨ੍ਹਾਂ ਸਮਾਗਮਾਂ ''ਚ ਦੇਸ਼-ਵਿਦੇਸ਼ ਦੀ 6 ਲੱਖ ਦੇ ਕਰੀਬ ਸੰਗਤ ਨੇ ਭਾਗ ਲਿਆ, ਜਦੋਂ ਕਿ ਵੱਡੀ ਗਿਣਤੀ ''ਚ ਬਿਹਾਰ ਦੇ ਸ਼ਰਧਾਲੂ ਵੀ ਗੁਰੂ ਚਰਨਾਂ ''ਚ ਨਤਮਸਤਕ ਹੋਏ।
ਸ੍ਰੀ ਹਰਿਮੰਦਰ ਸਾਹਿਬ ''ਚ ਮੱਥਾ ਟੇਕਣ ਲਈ ਲੱਗੀ ਹੋੜ
ਪ੍ਰਕਾਸ਼ ਪੁਰਬ ਸਮਾਗਮਾਂ ''ਚ ਭਾਗ ਲੈਣ ਲਈ ਆਈਆਂ ਸੰਗਤਾਂ ''ਚ ਤਖਤ ਸ੍ਰੀ ਹਰਿਮੰਦਰ ਸਾਹਿਬ ''ਚ ਮੱਥਾ ਟੇਕਣ ਨੂੰ ਲੈ ਕੇ ਵੀਰਵਾਰ ਦੀ ਸ਼ਾਮ ਅਤੇ ਸ਼ੁੱਕਰਵਾਰ ਸਵੇਰ ਨੂੰ ਵੱਡੀ ਹੋੜ ਲੱਗੀ ਰਹੀ। ਸ਼ਾਮ ਵੇਲੇ ਗੁਰਦੁਆਰਾ ਸਾਹਿਬ ''ਚ ਲੋਕਾਂ ਦੀ ਇੰਨੀ ਵੱਡੀ ਭੀੜ ਸੀ ਕਿ ਕਿਸੇ ਪਾਸੇ ਤਿਲ ਸੁੱਟਣ ਲਈ ਜਗ੍ਹਾ ਨਹੀਂ ਸੀ। ਸੰਗਤਾਂ ਨੇ ਇੱਥੇ ਗੁਰੂ ਚਰਨਾਂ ''ਚ ਅਰਦਾਸ ਬੇਨਤੀ ਕੀਤੀ  ਅਤੇ ਸੁੱਖ-ਸ਼ਾਂਤੀ ਦੀ ਕਾਮਨਾ ਕੀਤੀ, ਉੱਥੇ ਉਨ੍ਹਾਂ ਨੇ ਗੁਰੂ ਦਾ ਪ੍ਰਸਾਦ ਵੀ ਪ੍ਰਾਪਤ ਕੀਤਾ।
ਸੰਗਤਾਂ ਨੇ ਜਗਾਏ ਦੀਵੇ
ਪ੍ਰਕਾਸ਼ ਪੁਰਬ ਸਮਾਗਮਾਂ ਦੀ ਸੰਪੂਰਨਤਾ ''ਤੇ ਜਿੱਥੇ ਪ੍ਰਬੰਧਕ ਕਮੇਟੀ ਵਲੋਂ ਅਤੇ ਬਿਹਾਰ ਸਰਕਾਰ ਵਲੋਂ ਵੱਡੇ ਪੱਧਰ ''ਤੇ ਦੀਪਮਾਲਾ ਕੀਤੀ ਗਈ ਸੀ ਅਤੇ ਰੰਗ-ਬਿਰੰਗੀਆਂ ਰੌਸ਼ਨੀਆਂ ਲਾਈਆਂ ਗਈਆਂ ਸਨ, ਉੱਥੇ ਸੰਗਤਾਂ ਨੇ ਤਖਤ ਸ੍ਰੀ ਹਰਿਮੰਦਰ ਸਾਹਿਬ ਅਤੇ ਹੋਰ ਗੁਰਦੁਆਰਾ ਸਾਹਿਬਾਨ ''ਚ ਦੀਵੇ ਅਤੇ ਮੋਮਬੱਤੀਆਂ ਜਗਾ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਸੰਗਤਾਂ ਦਾ ਕਹਿਣਾ ਸੀ ਕਿ ਇਹ ਭਾਗਾਂ ਵਾਲਾ ਦਿਹਾੜਾ ਉਨ੍ਹਾਂ ਨੂੰ ਵੱਡੇ ਨਸੀਬਾਂ ਕਾਰਨ ਪ੍ਰਾਪਤ ਹੋਇਆ ਹੈ। ਇਸ ਕਰਕੇ ਉਹ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਨ ''ਚ ਅਤੇ ਗੁਰੂ ਦਾ ਆਸ਼ੀਰਵਾਦ ਲੈਣ ''ਚ ਇਕ-ਦੂਜੇ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਕਰ ਰਹੇ ਸਨ।
ਪਾਕਿਸਤਾਨ ਤੋਂ ਆਇਆ ਜੱਥਾ ਹੋਇਆ ਨਿਹਾਲ
ਪ੍ਰਕਾਸ਼ ਪੁਰਬ ਸਮਾਗਮਾਂ ''ਚ ਭਾਗ ਲੈਣ ਲਈ ਪਾਕਿਸਤਾਨ ਤੋਂ ਆਏ ਜੱਥੇ ਨੇ ਜਿੱਥੇ ਪ੍ਰਬੰਧਾਂ ਨੂੰ ਲੈ ਕੇ ਤਸੱਲੀ ਦਾ ਪ੍ਰਗਟਾਵਾ ਕੀਤਾ, ਉੱਥੇ ਗੁਰੂ ਘਰ ਦੇ ਦਰਸ਼ਨ ਕਰਕੇ ਵੀ ਉਹ ਨਿਹਾਲ ਹੋ ਗਏ। ਜੱੱਥੇ ਦੇ ਮੈਂਬਰਾਂ ਦਾ ਕਹਿਣਾ ਸੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਲੋਂ ਆਪਣੀ ਥੋੜ੍ਹੀ ਉਮਰ ''ਚ ਕੀਤੀਆਂ ਵੱਡੀਆਂ ਕੁਰਬਾਨੀਆਂ ਅਤੇ ਘਾਲਣਾ ਬਾਰੇ ਉਨ੍ਹਾਂ ਨੂੰ ਜੋ ਇੱਥੇ ਆ ਕੇ ਪਤਾ ਲੱਗਿਆ ਹੈ, ਇਸ ਤੋਂ ਪਹਿਲਾਂ ਉਹ ਇਸ ਬਾਰੇ ਅਣਜਾਣ ਸਨ। ਪਟਨਾ ਸਾਹਿਬ ਆ ਕੇ ਉਨ੍ਹਾਂ ਨੂੰ ਗੁਰ-ਇਤਿਹਾਸ ਬਾਰੇ ਵਡਮੁੱਲੀ ਜਾਣਕਾਰੀ ਪ੍ਰਾਪਤ ਹੋਈ ਹੈ। ਉਹ ਆਪਣੇ ਨਾਲ ਬਿਹਾਰ ਦੀਆਂ ਸੰਗਤਾਂ ਦਾ ਪਿਆਰ ਲੈ ਕੇ ਵਾਪਸ ਜਾ ਰਹੇ ਹਨ। 
ਵੱਡੀ ਮਾਤਰਾ ''ਚ ਵੰਡਿਆ ਗਿਆ ਧਾਰਮਿਕ ਸਾਹਿਤ
ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵਲੋਂ, ਪਿੰਗਲਵਾੜਾ ਸੰਸਥਾ ਅੰਮ੍ਰਿਤਸਰ ਵਲੋਂ ਅਤੇ ਬਿਹਾਰ ਸਰਕਾਰ ਦੇ ਟੂਰਿਜ਼ਮ ਵਿਭਾਗ ਵਲੋਂ ਪ੍ਰਕਾਸ਼ ਪੁਰਬ ਸਮਾਗਮਾਂ ''ਚ ਆਈਆਂ ਸੰਗਤਾਂ ਨੂੰ ਵੱਡੀ ਮਾਤਰਾ ''ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਅਤੇ ਹੋਰ ਧਾਰਮਿਕ ਸਾਹਿਤ ਸਮੱਗਰੀ ਦੀ ਵੰਡ ਕੀਤੀ ਗਈ। ਵੱਖ-ਵੱਖ ਸਥਾਨਾਂ ''ਤੇ ਧਾਰਮਿਕ ਕਿਤਾਬਾਂ ਦੇ ਸਟਾਲ ਲਾਏ ਸਨ। ਇਹ ਸੇਵਾ ਪੂਰੀ ਤਰ੍ਹਾਂ ਮੁਫਤ ਕੀਤੀ ਜਾ ਰਹੀ ਸੀ। ਇਕ ਅੰਦਾਜ਼ੇ ਅਨੁਸਾਰ ਸਮਾਗਮਾਂ ਦੌਰਾਨ 50 ਲੱਖ ਦੇ ਕਰੀਬ ਦਾ ਸਾਹਿਤ ਵੰਡਿਆ ਗਿਆ। ਇਨ੍ਹਾਂ ''ਚ ਅੰਗਰੇਜ਼ੀ, ਪੰਜਾਬੀ ਅਤੇ ਹਿੰਦੀ ਦਾ ਸਾਹਿਤ ਸ਼ਾਮਲ ਸੀ। ਬਿਹਾਰ ਸਰਕਾਰ ਦੇ ਟੂਰਿਜ਼ਮ ਵਿਭਾਗ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਾਰੇ ਪ੍ਰਕਾਸ਼ਿਤ ਕੀਤੀ ਗਈ ਸਚਿੱਤਰ ਪੁਸਤਕ ਦੀ ਵੱਡੀ ਮੰਗ ਰਹੀ।
ਸਮਾਗਮਾਂ ਦਾ ਉਤਸ਼ਾਹ ਜਾਰੀ ਰਹੇਗਾ
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਬੀਤੀ ਸ਼ਾਮ ਦੇ ਸਮਾਗਮਾਂ ਮੌਕੇ ਇਹ ਗੱਲ ਜ਼ੋਰ ਦੇ ਕੇ ਕਹੀ ਕਿ 350 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਦਾ ਉਤਸ਼ਾਹ ਭਵਿੱਖ ''ਚ ਵੀ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜੀਵਨ ਫਲਸਫੇ ਤੋਂ ਸਬਕ ਲੈ ਕੇ ਬਿਹਾਰ ਦੀ ਨੁਹਾਰ ਬਦਲੀ ਜਾਵੇਗੀ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਪੂਰੀ ਮਾਨਵਤਾ ਨੂੰ ਇਕ ਸੂਤਰ ''ਚ ਬੰਨ੍ਹਣ ਦਾ ਜੋ ਸੰਦੇਸ਼ ਦਿੱਤਾ ਸੀ, ਉਸ ਨੂੰ ਬਿਹਾਰ ''ਚ ਲਾਗੂ ਕੀਤਾ ਜਾਵੇਗਾ।
ਸਕੂਲਾਂ ਦੇ ਸਿਲੇਬਸ ''ਚ ਸ਼ਾਮਲ ਹੋ ਸਕਦੈ ਗੁਰ-ਇਤਿਹਾਸ
ਬਿਹਾਰ ਦੇ ਸਿੱਖਿਆ ਮੰਤਰੀ ਨੇ ਬੀਤੇ ਦਿਨ ਸਮਾਗਮ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਸਬੰਧਿਤ ਅਤੇ ਹੋਰ ਗੁਰ-ਇਤਿਹਾਸ ਨੂੰ ਸਕੂਲਾਂ ਦੀ ਪੜ੍ਹਾਈ ''ਚ ਸ਼ਾਮਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਨਿਜੀ ਤੌਰ ''ਤੇ ਇਹ ਮਾਮਲਾ ਮੁੱਖ ਮੰਤਰੀ ਕੋਲ ਉਠਾਉਣਗੇ ਅਤੇ ਉਸ ਪਿੱਛੋਂ ਜੋ ਵੀ ਫੈਸਲਾ ਹੋਵੇਗਾ, ਉਸ ਨੂੰ ਅਮਲੀ ਰੂਪ ਦਿੱਤਾ ਜਾਵੇਗਾ।
ਲੰਗਰ ਅਜੇ ਵੀ ਰਹਿਣਗੇ ਚਾਲੂ
ਹਾਲਾਂਕਿ ਪ੍ਰਕਾਸ਼ ਪੁਰਬ ਸਮਾਗਮ ਬੀਤੀ ਸ਼ਾਮ ਸੰਪੂਰਨ ਹੋ ਗਏ ਹਨ ਪਰ ਵੱਖ-ਵੱਖ ਥਾਵਾਂ ''ਤੇ ਲਾਏ ਗਏ ਲੰਗਰ ਅਜੇ ਚਾਲੂ ਰਹਿਣਗੇ। ਖਡੂਰ ਸਾਹਿਬ ਦੇ ਬਾਬਾ ਸੇਵਾ ਸਿੰਘ ਜੀ, ਕਸ਼ਮੀਰ ਸਿੰਘ ਭੂਰੀ ਵਾਲੇ, ਗਿਆਨੀ ਹਰਨਾਮ ਸਿੰਘ ਖਾਲਸਾ ਦਮਦਮੀ ਟਕਸਾਲ ਵਾਲੇ ਅਤੇ ਹੋਰ ਸੰਤ-ਮਹਾਂਪੁਰਖਾਂ ਨੇ ਦੱਸਿਆ ਕਿ ਅਜੇ ਵੱਡੀ ਗਿਣਤੀ ''ਚ ਸੰਗਤ ਪਟਨਾ ''ਚ ਮੌਜੂਦ ਹੈ। ਇਸ ਦੇ ਲਈ ਵੱਖ-ਵੱਖ ਥਾਵਾਂ ''ਤੇ ਲਾਏ ਗਏ ਲੰਗਰ ਇਕ-ਦੋ ਦਿਨ ਹੋਰ ਚਾਲੂ ਰਹਿਣਗੇ।

Babita Marhas

News Editor

Related News