ਔਰਤਾਂ ਤੇ ਮਰਦਾਂ ਲਈ ਵੱਖਰੇ ਪਾਰਕਾਂ ਦੀ ਮੰਗ ''ਤੇ ਅੜੇ ਸ਼ਹਿਰੀ

Saturday, Mar 31, 2018 - 08:14 AM (IST)

ਔਰਤਾਂ ਤੇ ਮਰਦਾਂ ਲਈ ਵੱਖਰੇ ਪਾਰਕਾਂ ਦੀ ਮੰਗ ''ਤੇ ਅੜੇ ਸ਼ਹਿਰੀ

ਬਾਘਾਪੁਰਾਣਾ  (ਚਟਾਨੀ) - ਵਿਧਾਇਕ ਵੱਲੋਂ ਦੋ ਪਾਰਕਾਂ ਨੂੰ ਵਿਕਸਤ ਕਰਨ ਦੇ ਵਾਅਦੇ ਦੇ ਬਾਵਜੂਦ ਹੁਣ ਕੌਂਸਲ ਵੱਲੋਂ ਸਿਰਫ ਇਕ ਪਾਰਕ ਦੇ ਨਿਰਮਾਣ ਲਈ ਉਲੀਕੀ ਜਾ ਰਹੀ ਯੋਜਨਾ ਕਾਰਨ ਸ਼ਹਿਰ ਵਾਸੀਆਂ 'ਚ ਰੋਸ ਹੈ। ਲੋਕਾਂ ਤੇ ਖਾਸ ਕਰ ਕੇ ਔਰਤਾਂ ਨੇ ਇਸ ਗੱਲ 'ਤੇ ਰੋਸ ਜ਼ਾਹਿਰ ਕੀਤਾ ਹੈ। ਔਰਤਾਂ ਦਾ ਰੋਸ ਹਰ ਪੱਖੋਂ ਇਸ ਕਰ ਕੇ ਜਾਇਜ਼ ਵੀ ਹੈ ਕਿਉਂਕਿ ਵਿਧਾਇਕ ਵੱਲੋਂ ਆਪਣੇ ਚੋਣ ਮੈਨੀਫੈਸਟੋ 'ਚ ਕਸਬੇ ਦੀਆਂ ਔਰਤਾਂ ਨਾਲ ਵੱਖਰੇ ਪਾਰਕ ਬਣਾਉਣ ਦਾ ਵਾਅਦਾ ਕੀਤਾ ਗਿਆ ਸੀ, ਜਦਕਿ ਹੁਣ ਕੌਂਸਲ ਵੱਲੋਂ ਕੌਂਸਲ ਦੀ ਮਾਲਕੀ ਵਾਲੇ ਛੋਟੇ ਜਿਹੇ ਹਿੱਸੇ ਵਿਚ ਹੀ ਪਾਰਕ ਬਣਾ ਕੇ ਬੁੱਤਾ ਸਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਾਰਜ ਸਾਧਕ ਅਫਸਰ ਨੂੰ ਦੂਜੇ ਪਾਰਕ ਦੇ ਨਿਰਮਾਣ ਸਬੰਧੀ ਪੁੱਛੇ ਜਾਣ 'ਤੇ ਉਨ੍ਹਾਂ ਨੇ ਵੀ ਦੂਜੇ ਹਿੱਸੇ 'ਚ ਪਾਰਕ ਦੇ ਵਿਕਸਤ ਕੀਤੇ ਜਾਣ ਸਬੰਧੀ ਪੁਖਤਾ ਜਵਾਬ ਨਹੀਂ ਦਿੱਤਾ, ਸਗੋਂ ਟਾਲ-ਮਟੋਲ ਕਰ ਕੇ ਹੀ ਗੱਲ ਖਤਮ ਕਰ ਦਿੱਤੀ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਵੱਡੇ ਲੋਕ ਸੰਘਰਸ਼ਾਂ ਰਾਹੀਂ ਕੌਂਸਲ ਦੇ ਹੱਕ ਵਿਚ ਕਰਵਾਈ ਗਈ ਜਗ੍ਹਾ ਨੂੰ ਹੁਣ ਲੋਕ ਹਿੱਤਾਂ ਵਾਸਤੇ ਵਰਤਣ ਤੋਂ ਕੌਂਸਲ ਟਾਲਾ ਵੱਟਦੀ ਨਜ਼ਰ ਆ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਉਹ ਹੁਣ ਇਸ ਜਗ੍ਹਾ ਉਪਰ ਦੁਕਾਨਾਂ ਆਦਿ ਦਾ ਨਿਰਾਮਣ ਹਰਗਿਜ਼ ਨਹੀਂ ਹੋਣ ਦੇਣਗੇ, ਸਗੋਂ ਲੋਕਾਂ ਦੀ ਚਿਰੋਕਣੀ ਮੰਗ ਅਨੁਸਾਰ ਇਨ੍ਹਾਂ ਥਾਵਾਂ 'ਤੇ ਸਿਰਫ ਪਾਰਕਾਂ ਨੂੰ ਵਿਕਸਤ ਕਰਵਾਉਣਾ ਯਕੀਨੀ ਬਣਾਉਣਗੇ।
ਲੋਕਾਂ ਦਾ ਤਰਕ ਹੈ ਕਿ ਬੱਸ ਅੱਡੇ ਵਿਚ ਬਣੀਆਂ ਦੁਕਾਨਾਂ ਤਾਂ ਹੁਣ ਤੱਕ ਪੂਰੀ ਤਰਾਂ ਆਬਾਦ ਨਹੀਂ ਹੋ ਸਕੀਆਂ ਅਤੇ 40 ਸਾਲ ਪਹਿਲਾਂ ਬਣੀ ਸਥਾਨਕ ਗਿਆਨੀ ਜੈਨ ਸਿੰਘ ਮਾਰਕੀਟ ਦਾ ਇਕ ਹਿੱਸਾ ਅਜੇ ਤੱਕ ਵੀ ਬੇਆਬਾਦ ਪਿਆ ਹੈ ਤਾਂ ਫਿਰ ਹੁਣ ਹੋਰ ਦੁਕਾਨਾਂ ਦੀ ਕੋਈ ਤੁਕ ਨਹੀਂ ਰਹਿ ਜਾਂਦੀ। ਲੋਕਾਂ ਨੇ ਹਲਕੇ ਦੇ ਵਿਧਾਇਕ ਦਰਸ਼ਨ ਸਿੰਘ ਬਰਾੜ ਅਤੇ ਕੌਂਸਲ ਪ੍ਰਧਾਨ ਮਿੱਤਲ ਨੂੰ ਵੀ ਉਨ੍ਹਾਂ ਵੱਲੋਂ ਦੋ ਵੱਖਰੇ- ਵੱਖਰੇ ਪਾਰਕਾਂ ਦੇ ਨਿਰਮਾਣ ਦਾ ਵਾਅਦਾ ਚੇਤੇ ਕਰਵਾਇਆ ਅਤੇ ਕਿਹਾ ਕਿ ਉਹ ਹੁਣ ਆਪਣੇ ਵਾਅਦੇ ਅਨੁਸਾਰ ਦੋਵਾਂ ਪਾਰਕਾਂ ਦੇ ਇਕ ਵੇਲੇ ਇਕੱਠਿਆਂ ਹੀ ਨਿਰਮਾਣ ਕਾਰਜ ਆਰੰਭ ਕਰਵਾਉਣ। ਲੋਕਾਂ ਨੇ ਸਪੱਸ਼ਟ ਸ਼ਬਦਾਂ 'ਚ ਕਿਹਾ ਕਿ ਉਹ ਦੋ ਵੱਖਰੇ ਪਾਰਕਾਂ ਦੀ ਮੰਗ ਦੀ ਪੂਰਤੀ ਲਈ ਹਰੇਕ ਰਾਹ ਅਖਤਿਆਰ ਕਰਨ ਲਈ ਤਿਆਰ ਹਨ। ਵਿਧਾਇਕ ਅਨੁਸਾਰ ਹੁਣ ਤਾਂ 18 ਕਰੋੜ ਦੀ ਗ੍ਰਾਂਟ ਵੀ ਆ ਚੁੱਕੀ ਹੈ ਤਾਂ ਫਿਰ ਇਕੱਠਿਆਂ ਹੀ ਦੋ ਪਾਰਕਾਂ ਦੇ ਨਿਰਮਾਣ 'ਚ ਦੇਰੀ ਕਿਉਂ? ਪਾਰਕਾਂ ਦੇ ਨਿਰਮਾਣ ਦੇ ਇੱਛੁਕ ਮੋਹਰੀ ਸ਼ਹਿਰੀਆਂ ਅਸ਼ੋਕ ਤਲਵਾੜ, ਯਸ਼ਪਾਲ, ਹਰਬੰਸ ਸਿੰਘ, ਕੇਵਲ ਸਿੰਘ, ਹਰੀ ਰਾਮ, ਕਮਲ ਕੁਮਾਰ, ਮਹਿੰਦਰ ਨਾਥ, ਗੁਰਨਾਮ ਸਿੰਘ ਅਤੇ ਹਰੀਸ਼ ਕੁਮਾਰ ਨੇ ਵਿਧਾਇਕ ਨੂੰ ਇਸ ਪਾਸੇ ਵੱਲ ਉਚੇਚਾ ਧਿਆਨ ਦੇਣ ਦੀ ਅਪੀਲ ਕੀਤੀ।
ਕੀ ਕਹਿੰਦੇ ਹਨ ਸਮਾਜ ਸੇਵੀ ਅਸ਼ੋਕ ਤਲਵਾੜ
ਸਮਾਜ ਸੇਵੀ ਅਸ਼ੋਕ ਤਲਵਾੜ (ਸਾਬਕਾ ਚੇਅਰਮੈਨ, ਖਾਦੀ ਬੋਰਡ ਪੰਜਾਬ) ਨੇ ਕਿਹਾ ਕਿ ਕੌਂਸਲ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਲਾਕ ਦਫਤਰ ਦੇ ਪਿਛਵਾੜੇ ਵਾਲੇ ਛੱਪੜ 'ਚ 15 ਲੱਖ ਰੁਪਏ ਦੀ ਭਰਤੀ ਪੈਣ ਕਰ ਕੇ ਇਸ ਵਿਚ ਪਾਰਕ ਦਾ ਨਿਰਮਾਣ ਨਹੀਂ ਕੀਤਾ ਜਾ ਰਿਹਾ ਹੈ, ਜਦਕਿ ਵਿਧਾਇਕ ਵੱਲੋਂ 50 ਦੇ ਕਰੀਬ ਅਖ਼ਬਾਰੀ ਬਿਆਨਾਂ ਵਿਚ ਕਿਹਾ ਜਾ ਚੁੱਕਾ ਹੈ ਕਿ ਸ਼ਹਿਰ ਦੇ ਵਿਕਾਸ ਲਈ 18 ਕਰੋੜ ਰੁਪਏ ਦੀ ਗ੍ਰਾਂਟ ਆ ਚੁੱਕੀ ਹੈ ਤਾਂ ਫਿਰ 15 ਲੱਖ ਦੀ ਮਿੱਟੀ ਪਾਉਣ ਤੋਂ ਟਾਲਾ ਕਿਉਂ ਵੱਟਿਆ ਜਾ ਰਿਹਾ ਹੈ ਅਤੇ ਅਧਿਕਾਰੀ ਸੰਜੀਦਗੀ ਅਤੇ ਈਮਾਨਦਾਰੀ ਨਾਲ ਛੱਪੜ ਦੇ ਇਸ ਹਿੱਸੇ ਵਿਚ ਪਾਰਕ ਦਾ ਨਿਰਮਾਣ ਵੀ ਨਾਲ-ਨਾਲ ਆਰੰਭ ਕਰਵਾਉਣ।


Related News