ਕੁੱਟ-ਮਾਰ ’ਚ ਜ਼ਖਮੀ ਨੌਜਵਾਨ ਦੀ ਮੌਤ ਤੋਂ ਭਡ਼ਕੇ ਮਾਪੇ ਰੋਸ ਮਾਰਚ ਕਰ ਕੇ ਸੰਗਰੂਰ ਰੋਡ ਕੀਤੀ ਜਾਮ
Monday, Jul 02, 2018 - 12:35 AM (IST)
ਪਟਿਆਲਾ, (ਬਲਜਿੰਦਰ)- ਪਿਛਲੇ ਮਹੀਨੇ 5 ਜੂਨ ਨੂੰ ਹੋਈ ਕੁੱਟ-ਮਾਰ ਤੋਂ ਬਾਅਦ ਜ਼ਖਮੀ ਸੁਪਿੰਦਰ ਸਿੰਘ ਪੁੱਤਰ ਹਰਨੇਕ ਸਿੰਘ ਉਮਰ 18 ਸਾਲ ਵਾਸੀ ਪ੍ਰੀਤਮ ਪਾਰਕ ਕਾਲੋਨੀ ਪਟਿਆਲਾ ਦੀ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ ਸੀ। ਸੁਪਿੰਦਰ ਸਿੰਘ ਦੀ ਮੌਤ ਤੋਂ ਬਾਅਦ ਉਸ ਦੇ ਮਾਪੇ ਭਡ਼ਕ ਪਏ ਅਤੇ ਪੁਲਸ ਖਿਲਾਫ ਰੋਸ ਮਾਰਚ ਕਰ ਕੇ ਸੰਗਰੂਰ ਰੋਡ ’ਤੇ ਜਾਮ ਲਾ ਦਿੱਤਾ। ਕਾਫੀ ਦੇਰ ਨਾਅਰੇਬਾਜ਼ੀ ਕਰਨ ਤੋਂ ਬਾਅਦ ਜਦੋਂ ਕੋਈ ਪੁਲਸ ਅਧਿਕਾਰੀ ਨਾ ਆਇਆ ਤਾਂ ਪ੍ਰਦਰਸ਼ਨਕਾਰੀਆਂ ਨੇ ਮੁੱਖ ਮੰਤਰੀ ਨਿਵਾਸ ਵੱਲ ਮਾਰਚ ਕਰਨ ਦਾ ਐਲਾਨ ਕਰ ਦਿੱਤਾ । ਫਿਰ ਦੋ ਪੀ. ਸੀ. ਆਰ. ਮੁਲਾਜ਼ਮ ਆਏ ਅਤੇ ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਸ਼ੁਰੂ ਕੀਤੀ।
ਇਸ ਤੋਂ ਬਾਅਦ ਥਾਣਾ ਸਿਵਲ ਲਾਈਨ ਦੇ ਐੈੱਸ. ਐੈੱਚ. ਓ. ਇੰਸਪੈਕਟਰ ਜਤਿੰਦਰ ਸਿੰਘ ਮੌਕੇ ’ਤੇ ਪਹੁੰਚੇ। ਉਨ੍ਹਾਂ ਮਾਪਿਆਂ ਦੀ ਗੱਲ ਸੁਣੀ ਅਤੇ ਮੌਕੇ ’ਤੇ ਕੇਸ ਦਰਜ ਕਰਨ ਦੇ ਹੁਕਮ ਜਾਰੀ ਕਰ ਕੇ ਹਮਲਾਵਰਾਂ ਦੀ ਗ੍ਰਿਫਤਾਰੀ ਲਈ ਪੁਲਸ ਪਾਰਟੀ ਵੀ ਰਵਾਨਾ ਕੀਤੀ। ਇਸ ਤੋਂ ਬਾਅਦ ਮਾਪਿਆਂ ਵੱਲੋਂ ਧਰਨਾ ਚੁੱਕ ਲਿਆ ਗਿਆ। ਪੋਸਟਮਾਰਟਮ ਤੋਂ ਬਾਅਦ ਲਾਸ਼ ਮਾਪਿਅਾਂ ਹਵਾਲੇ ਕਰ ਦਿੱਤੀ। ਸ਼ਾਮ ਨੂੰ ਸੁਪਿੰਦਰ ਸਿੰਘ ਦਾ ਸਸਕਾਰ ਕਰ ਦਿੱਤਾ ਗਿਆ।
ਹਮਲਾਵਰਾਂ ਖਿਲਾਫ ਕੇਸ ਦਰਜ
ਸੁਪਿੰਦਰ ਸਿੰਘ ਦੀ ਮੌਤ ਤੋਂ ਬਾਅਦ ਹਰਕਤ ਵਿਚ ਆਈ। ਪੁਲਸ ਨੇ ਅਮਨ ਅਤੇ ਉਸ ਦੇ ਸਾਥੀਆਂ ਖਿਲਾਫ 304, 323, 148 ਅਤੇ 149 ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਲਿਆ ਹੈ। ਇਸ ਮਾਮਲੇ ਵਿਚ ਅਜੇ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ। ਇਸ ਦੀ ਪੁਸ਼ਟੀ ਕਾਰਜਕਾਰੀ ਐੱਸ. ਐੈੱਚ. ਓ. ਸਬ-ਇੰਸਪੈਕਟਰ ਰਣਜੀਤ ਕੌਰ ਨੇ ਕੀਤੀ। ਉਨ੍ਹਾਂ ਦੱਸਿਆ ਕਿ ਅਮਨ ਅਤੇ ਉਸ ਦੇ ਸਾਥੀਆਂ ਦੀ ਗ੍ਰਿਫਤਾਰੀ ਵੀ ਜਲਦ ਹੀ ਕਰ ਲਈ ਜਾਵੇਗੀ।
ਮੁੱਖ ਮੰਤਰੀ ਨਿਵਾਸ ਵੱਲ ਮਾਰਚ ਦੇ ਐਲਾਨ ਤੋਂ ਬਾਅਦ ਜਾਗੀ ਪੁਲਸ
ਮੁੱਖ ਮੰਤਰੀ ਦੇ ਸ਼ਹਿਰ ਦੀ ਪੁਲਸ ਦੀ ਸੁਸਤੀ ਅੱਜ ਦੇਖਣ ਵਾਲੀ ਸੀ। ਸਵੇਰੇ 10 ਵਜੇ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ। ਪ੍ਰਦਰਸ਼ਨਕਾਰੀ ਅਤੇ ਲੋਕ ਆਪਸ ਵਿਚ ਝਗਡ਼ਦੇ ਰਹੇ। ਵੱਡੇ-ਵੱਡੇ ਅਧਿਕਾਰੀਆਂ ਨੂੰ ਫੋਨ ਕੀਤੇ ਗਏ। ਇਕ ਘੰਟੇ ਬਾਅਦ ਜਾ ਕੇ 2 ਪੀ. ਸੀ. ਆਰ. ਮੁਲਾਜ਼ਮ ਆਏ। ਕੋਈ ਸੁਣਵਾਈ ਹੁੰਦੀ ਨਾ ਦੇਖ ਪ੍ਰਦਰਸ਼ਨਕਾਰੀਅਾਂ ਮੁੱਖ ਮੰਤਰੀ ਨਿਵਾਸ ਵੱਲ ਮਾਰਚ ਕਰਨ ਦਾ ਐਲਾਨ ਕਰ ਦਿੱਤਾ ਸੀ ਪਰ ਪੁਲਸ ਨਹੀਂ ਜਾਗੀ। ਇਹ ਏਰੀਆ ਥਾਣਾ ਸਿਵਲ ਲਾਈਨ ਅਧੀਨ ਪੈਂਦਾ ਹੈ।
ਪੂਰਾ ਮਹੀਨਾ ਕੀ ਕਰਦੀ ਰਹੀ ਪੁਲਸ?
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਸ਼ਹਿਰ ਵਿਚ ਇਕ ਆਮ ਨੌਜਵਾਨ ਨੂੰ ਕੁਝ ਵਿਅਕਤੀਅਾਂ ਵੱਲੋਂ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ ਜਾਂਦਾ ਹੈ। ਉਸ ਦੀ ਬਾਂਹ ਤੋਡ਼ ਦਿੱਤੀ ਜਾਂਦੀ ਹੈ। ਉਸ ਦੇ ਬਿਆਨ ਵੀ ਲਏ ਜਾਂਦੇ ਹਨ। ਇਕ ਮਹੀਨੇ ਤੱਕ ਇਸ ਮਾਮਲੇ ਵਿਚ ਹਮਲਾਵਰਾਂ ਖਿਲਾਫ ਕੇਸ ਦਰਜ ਨਹੀਂ ਕੀਤਾ ਜਾਂਦਾ। ਅਜਿਹਾ ਹੀ ਕੀਤਾ ਥਾਣਾ ਸਿਵਲ ਲਾਈਨ ਦੀ ਪੁਲਸ ਨੇ। ਸੁਪਿੰਦਰ ਸਿੰਘ ਪਿਤਾ ਹਰਨੇਕ ਸਿੰਘ ਨੇ ਦੱਸਿਆ ਕਿ ਉਸ ਦੇ ਬੱਚੇ ’ਤੇ ਹਮਲਾ ਕਰ ਕੇ ਉਸ ਦੀ ਬਾਂਹ ਤੋਡ਼ ਦਿੱਤੀ ਗਈ, ਸਿਰ ਵਿਚ ਸੱਟਾਂ ਮਾਰੀਆਂ ਗਈਆਂ ਅਤੇ ਮਾਮਲੇ ਦੀ ਜਾਂਚ ਅਧਿਕਾਰੀ ਏ. ਐੈੱਸ. ਆਈ. ਗੁਰਮੀਤ ਸਿੰਘ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ, ਸਗੋਂ ਉਲਟਾ ਉਨ੍ਹਾਂ ’ਤੇ ਸਮਝੌਤੇ ਲਈ ਦਬਾਅ ਪਾਇਆ ਗਿਆ। ਉਨ੍ਹਾਂ ਮੰਗ ਕੀਤੀ ਕਿ ਏ. ਐੈੱਸ. ਆਈ. ਗੁਰਮੀਤ ਸਿੰਘ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਮੌਕੇ ’ਤੇ ਪਹੁੰਚੇ ਐੈੱਸ. ਐੈੱਚ. ਓ. ਜਤਿੰਦਰ ਸਿੰਘ ਨੇ ਮਾਪਿਆਂ ਨੂੰ ਭਰੋਸਾ ਦਿੱਤਾ ਕਿ ਗੁਰਮੀਤ ਸਿੰਘ ਦੀ ਭੁੂਮਿਕਾ ਦੀ ਜਾਂਚ ਕੀਤੀ ਜਾਵੇਗੀ। ਹੁਣ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਮੁੱਖ ਮੰਤਰੀ ਦੇ ਆਪਣੇ ਸ਼ਹਿਰ ਵਿਚ ਜੇਕਰ ਪੁਲਸ ਗਰੀਬਾਂ ਨੂੰ ਇਨਸਾਫ ਨਹੀਂ ਦੇਵੇਗੀ ਤਾਂ ਬਾਕੀ ਸੂਬੇ ਦੇ ਕੀ ਹਾਲਾਤ ਹੋਣਗੇ?
