ਲਗਾਤਾਰ ਤੀਜੇ ਦਿਨ ਵੀ ਮਾਪਿਆਂ ਨੇ ਧਰਨਾ ਲਗਾ ਕੇ ਸਕੂਲ ਪ੍ਰਬੰਧਕਾਂ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
Saturday, Apr 17, 2021 - 08:19 PM (IST)
ਰੂਪਨਗਰ, (ਸੱਜਣ ਸੈਣੀ)- ਸਲਾਨਾ ਫੀਸਾਂ ਅਤੇ ਫੰਡਾਂ ਨੂੰ ਲੈ ਕੇ ਰੋਪੜ ਦੇ ਸਾਹਿਬਜਾਦਾ ਅਜੀਤ ਸਿੰਘ ਅਕੈਡਮੀ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਮਾਪਿਆਂ ਅਤੇ ਅਕੈਡਮੀ ਪ੍ਰਬੰਧਕਾਂ ਵਿਚਕਾਰ ਰੇੜਕਾ ਤੀਜੇ ਦਿਨ ਵੀ ਜਾਰੀ ਰਿਹਾ । ਅੱਜ ਵੱਡੀ ਗਿਣਤੀ ਵਿਚ ਮਾਪਿਆਂ ਅਤੇ ਵਿਦਿਆਰਥੀਆਂ ਨੇ ਅਕੈਡਮੀ ਦੇ ਸਾਹਮਣੇ ਸਵੇਰੇ ਤੋਂ ਹੀ ਆਪਣਾ ਧਰਨਾ ਲਗਾ ਕੇ ਅਕੈਡਮੀ ਪ੍ਰਸ਼ਾਸਨ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ। ਇਸ ਧਰਨੇ ਵਿਚ ਸ਼ਾਮਿਲ ਮਾਪਿਆਂ ਵਿੱਚੋਂ ਗੁਰਮੀਤ ਸਿੰਘ ਠੌਣਾ, ਬਾਬਾ ਲਖਵੀਰ ਸਿੰਘ ,ਜਗਦੀਪ ਸਿੰਘ ਗਿੱਲ ਅਤੇ ਚਰਨਜੀਤ ਸਿੰਘ ਨੇ ਅਕੈਡਮੀ ਪ੍ਰਸ਼ਾਸ਼ਨ ਦੀ ਧੱਕੇਸ਼ਾਹੀ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਅਤੇ ਕਿਹਾ ਕਿ ਅਕੈਡਮੀ ਪ੍ਰਸ਼ਾਸ਼ਨ ਮਾਪਿਆਂ ਨੂੰ ਨਾਜਾਇਜ਼ ਸਾਲਾਨਾ ਫੀਸਾਂ ਅਤੇ ਫੰਡਾਂ ਨੂੰ ਅਕੈਡਮੀ ਵਿੱਚ ਜਮ੍ਹਾਂ ਕਰਵਾਉਣ ਲਈ ਜ਼ੋਰ ਪਾਇਆ ਜਾ ਰਿਹਾ ਹੈ ਅਤੇ ਜਿਨ੍ਹਾਂ ਵਿਦਿਆਰਥੀਆਂ ਨੇ ਸਾਲਾਨਾ ਫੀਸਾਂ ਅਜੇ ਤੱਕ ਜਮ੍ਹਾਂ ਨਹੀਂ ਕਰਵਾਈਆਂ ਉਨ੍ਹਾਂ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਵਾਲੇ ਗਰੁੱਪਾਂ ਵਿਚੋਂ ਕੱਢ ਦਿੱਤਾ ਗਿਆ ਹੈ ਜਿਸ ਕਰਕੇ ਵਿਦਿਆਰਥੀ ਅਤੇ ਮਾਪੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹਨ ਜਿਹੜੇ ਮਾਪੇ ਕੋਰੋਨਾ ਦੇ ਪ੍ਰਕੋਪ ਕਾਰਨ ਠੱਪ ਹੋਏ ਕਾਰੋਬਾਰ ਅਤੇ ਰੋਜ਼ਗਾਰ ਕਾਰਨ ਅਕੈਡਮੀ ਦੀਆਂ ਸਾਲਾਨਾ ਨਾਜਾਇਜ ਫੀਸਾਂ ਅਤੇ ਫੰਡ ਦੇਣ ਤੋਂ ਅਸਮਰੱਥ ਹਨ ਉਨ੍ਹਾਂ ਦੇ ਬੱਚਿਆਂ ਨੂੰ ਅਕੈਡਮੀ ਪ੍ਰਸ਼ਾਸ਼ਨ ਵੱਲੋਂ ਆਨਲਾਈਨ ਪੜ੍ਹਾਈ ਵਾਲੇ ਗਰੁੱਪਾਂ ਵਿਚੋਂ ਕੱਢ ਕੇ ਜਾਣਬੁੱਝ ਕੇ ਜ਼ਲੀਲ ਕੀਤਾ ਜਾ ਰਿਹਾ ਹੈ ਅਜਿਹਾ ਵਤੀਰਾ ਸਹਿਣ ਨਹੀਂ ਕੀਤਾ ਜਾਵੇਗਾ । ਇਸ ਧਰਨੇ ਵਿੱਚ ਮਜਬੂਰ ਹੋਏ ਕਾਫ਼ੀ ਗਿਣਤੀ ਵਿੱਚ ਅਕੈਡਮੀ ਦੇ ਵਿਦਿਆਰਥੀਆਂ ਨੇ ਵੀ ਸ਼ਿਰਕਤ ਕੀਤੀ ਅਤੇ ਅਕੈਡਮੀ ਪ੍ਰਸ਼ਾਸ਼ਨ ਵਿਰੁੱਧ ਭੜ੍ਹਾਸ ਕੱਢੀ ਅਤੇ ਕਿਹਾ ਕਿ ਅਕੈਡਮੀ ਪ੍ਰਸ਼ਾਸ਼ਨ ਸਾਡੇ ਮਾਪਿਆਂ ਅਤੇ ਸਾਨੂੰ ਪਰੇਸ਼ਾਨ ਕਰ ਰਿਹਾ ਹੈ ਜੋ ਕਿ ਅਤਿ ਨਿੰਦਣਯੋਗ ਹੈ । ਇਸ ਮੌਕੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਮੀਡੀਆ ਇੰਚਾਰਜ ਅਤੇ ਪੇਰੇਂਟਸ ਸਟੂਡੈਂਟਸ ਐਂਡ ਸੋਸ਼ਲ ਵੇਲਫੇਅਰ ਐਸੋਸੀਏਸ਼ਨ ਰੋਪੜ ਦੇ ਪ੍ਰਧਾਨ ਸੁਦੀਪ ਵਿੱਜ ਨੇ ਬੋਲਦਿਆਂ ਕਿਹਾ ਕਿ ਸਾਡੀ ਪਾਰਟੀ ਮਾਪਿਆਂ ਦੀਆਂ ਜਾਇਜ਼ ਮੰਗਾਂ ਲਈ ਸਦਾ ਨਾਲ ਖੜ੍ਹੀ ਹੈ ਅਤੇ ਮਾਪਿਆਂ ਅਤੇ ਵਿਦਿਆਰਥੀਆਂ ਨਾਲ ਕਿਸੇ ਵੀ ਕਿਸਮ ਦੀ ਧੱਕੇਸ਼ਾਹੀ ਨਹੀਂ ਹੋਣ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਜੇਕਰ ਅਕੈਡਮੀ ਪ੍ਰਸ਼ਾਸਨ ਆਪਣੇ ਅੜੀਅਲ ਵਤੀਰੇ ਤੋਂ ਪਿੱਛੇ ਨਾ ਹਟਿਆ ਤਾਂ ਮਾਪਿਆਂ ਤੇ ਵਿਦਿਆਰਥੀਆਂ ਨੂੰ ਇਨਸਾਫ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ਉਨ੍ਹਾਂ ਕਿਹਾ ਕਿ ਉਹ ਮਾਪਿਆਂ ਦੇ ਸਹਿਯੋਗ ਨਾਲ ਇਹ ਸੰਘਰਸ਼ ਜ਼ਰੂਰ ਜਿੱਤਣਗੇ। ਇਸ ਮੌਕੇ ਗੁਰਮੇਲ ਸਿੰਘ ਬਾੜਾ ਜ਼ਿਲ੍ਹਾ ਕਨਵੀਨਰ ਕਿਸਾਨ ਸੰਯੁਕਤ ਮੋਰਚਾ , ਸੀਟੂ ਸੂਬਾ ਸਕੱਤਰ ਤੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਗੁਰਦੇਵ ਸਿੰਘ ਬਾਗ਼ੀ ਅਤੇ ਪਰਮਿੰਦਰ ਸਿੰਘ ਕਿਸਾਨ ਆਗੂ ਕਾਦੀਆਂ ਗਰੁੱਪ ਨੇ ਇਸ ਧਰਨੇ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਜੇਕਰ ਅਕੈਡਮੀ ਪ੍ਰਸ਼ਾਸਨ ਆਪਣੀਆਂ ਕੋਝੀਆਂ ਹਰਕਤਾਂ ਤੋਂ ਬਾਜ ਨਾ ਆਇਆ ਤਾਂ ਸੰਘਰਸ਼ ਜੰਗੀ ਪੱਧਰ ਉੱਤੇ ਤੇਜ਼ ਕੀਤਾ ਜਾਵੇਗਾ ਅਤੇ ਜੇਕਰ ਸੜਕਾਂ ਵੀ ਜਾਮ ਕਰਨੀਆਂ ਪਈਆਂ ਤਾਂ ਕਿਸੇ ਕਿਸਮ ਦੀ ਕੋਈ ਗੁਰੇਜ਼ ਨਹੀਂ ਕੀਤੀ ਜਾਵੇਗੀ ਅਤੇ ਜੇਕਰ ਅਕੈਡਮੀ ਪ੍ਰਸ਼ਾਸਨ ਦੇ ਘਰਾਂ ਦਾ ਗਿਰਾਉਂ ਵੀ ਕਰਨਾ ਪਿਆ ਤਾਂ ਜਰੂਰ ਕੀਤਾ ਜਾਵੇਗਾ। ਓਹਨਾ ਕਿਹਾ ਕਿ ਮਾਪਿਆਂ ਦੀਆਂ ਮੰਗਾ ਮਨਵਾ ਕੇ ਹੀ ਧਰਨਾ ਚੁਕਿਆ ਜਾਵੇਗਾ। ਇਸ ਮੌਕੇ ਬਲਬੀਰ ਸਿੰਘ,ਜੇ.ਐਸ,ਪੱਡਾ,ਹਰਜੀਤ ਸਿੰਘ ਜੀਤਾ ,ਮਨੋਜ ਜੈਨ ,ਹਰਮਿੰਦਰ ਸਿੰਘ ਵਾਲੀਆਂ ਸਾਬਕਾ ਮਿਉਂਸਿਪਲ ਕੌਂਸਲਰ ,ਕਿਰਨਦੀਪ ਕੌਰ ,ਰੁਚੀ ਚਤੁਰਵੇਦੀ ,ਰਮਨਦੀਪ ਕੌਰ ,ਮਹੇਸ਼ ਵਰਮਾ ,ਕਿਰਨ ,ਕੁਲਦੀਪ ਕੌਰ , ਰੰਜਨਾ ,ਦਲਜੀਤ ਕੌਰ ,ਹਰਮੀਤ ਸਿੰਘ ,ਮਨਜਿੰਦਰ ਸਿੰਘ , ਹਰਸਿਮਰਤ ਕੌਰ , ਤਰਸੇਮ ਲਾਲ ,ਦਲਵੀਰ ਸਿੰਘ ,ਰੁਪਿੰਦਰ ਸਿੰਘ ,ਅਮਨਪ੍ਰੀਤ, ਕੁਲਜੀਤ ਸਿੰਘ,ਅਮਰੀਕ ਸਿੰਘ,ਮੋਹਨ ਪ੍ਰਸ਼ਾਦ,ਸੁਰਿੰਦਰ ਸਿੰਘ ,ਰਛਪਾਲ ਸਿੰਘ ,ਜਸਵੀਰ ਸਿੰਘ,ਮਨੋਜ ਕੁਮਾਰ,ਆਦਿ ਸ਼ਾਮਲ ਸਨ।