ਇੰਡੋਨੇਸ਼ੀਆ ਦੀ ਜੇਲ੍ਹ ''ਚ ਫਸੇ ਦੋ ਪੰਜਾਬੀ ਨੌਜਵਾਨਾਂ ਦੇ ਮਾਪੇ ਡਾ. ਐੱਸ. ਪੀ. ਸਿੰਘ ਓਬਰਾਏ ਨੂੰ ਮਿਲੇ

05/30/2023 6:27:25 PM

ਬਟਾਲਾ (ਮਠਾਰੂ)- ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਗੱਗੋਮਾਹਲ ਅਤੇ ਪਿੰਡ ਮੋਦੇ ਦੇ ਦੋ ਨੌਜਵਾਨਾਂ ਨੂੰ ਬੀਤੇ ਦਿਨੀਂ ਇੰਡੋਨੇਸ਼ੀਆ ਦੀ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਨੌਜਵਾਨਾਂ ਦੇ ਮਾਪੇ ਬਟਾਲਾ ਵਿਖੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਅਤੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸੰਸਾਰ ਪ੍ਰਸਿੱਧ ਸਮਾਜਸੇਵੀ ਸਖ਼ਸ਼ੀਅਤ ਡਾ. ਐੱਸ. ਪੀ. ਸਿੰਘ ਓਬਰਾਏ ਨੂੰ ਮਿਲੇ ਹਨ।  ਇੰਡੋਨੇਸ਼ੀਆ ਦੀ ਜੇਲ੍ਹ ਚ ਬੰਦ ਦੋਵੇਂ ਨੌਜਵਾਨਾਂ ਦੇ ਮਾਪਿਆਂ ਨੇ ਡਾ. ਐੱਸ. ਪੀ. ਸਿੰਘ ਓਬਰਾਏ ਕੋਲ ਮਦਦ ਲਈ ਗੁਹਾਰ ਲਗਾਈ ਹੈ। ਦੋਵੇਂ ਨੌਜਵਾਨਾਂ ਦੇ ਮਾਪਿਆਂ ਨੂੰ ਧਰਵਾਸ ਦਿੰਦਿਆਂ ਡਾ. ਓਬਰਾਏ ਨੇ ਕਿਹਾ ਕਿ ਉਹ ਉਨ੍ਹਾਂ ਦੋਹਾਂ ਨੌਜਵਾਨਾਂ ਦੀ ਰਿਹਾਈ ਲਈ ਪੂਰਾ ਯਤਨ ਕਰ ਰਹੇ ਹਨ। ਇੰਡੋਨੇਸ਼ੀਆ ਵਿਚ ਫਸੇ ਅਜੇਪਾਲ ਸਿੰਘ ਅਤੇ ਗੁਰਮੇਜ ਸਿੰਘ ਦੇ ਪਰਿਵਾਰਿਕ ਮੈਂਬਰ ਹਰਦੀਪ ਸਿੰਘ ਗੱਗੋ ਮਾਹਲ, ਪੂਰਨ ਸਿੰਘ , ਸੁਖਪ੍ਰੀਤ ਸਿੰਘ ਅਤੇ ਘੁੱਲਾ ਸਿੰਘ ਆਦਿ ਨੇ ਦੱਸਿਆ ਕਿ 13 ਮਈ ਨੂੰ ਉਨ੍ਹਾਂ ਨੂੰ ਪਤਾ ਲੱਗਾ ਕਿ ਗੁਰਮੇਜ ਸਿੰਘ ਅਤੇ ਅਜੇ ਪਾਲ ਸਿੰਘ ਨੂੰ ਇੰਡੋਨੇਸ਼ੀਆ ਦੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਹਰਦੀਪ ਸਿੰਘ ਨੇ ਦੱਸਿਆ ਕਿ ਦੋਵੇਂ ਨੌਜਵਾਨ ਚਚੇਰੇ ਭਰਾ ਹਨ ਅਤੇ ਅਮਰੀਕਾ ਜਾਣ ਲਈ ਹੁਸ਼ਿਆਰਪੁਰ ਦੇ ਇਕ ਏਜੰਟ ਦੇ ਚੁੰਗਲ ਚ ਫਸੇ ਸਨ। 

ਇਹ ਵੀ ਪੜ੍ਹੋ- ਮੁਫ਼ਤ ਬਿਜਲੀ ਲੈਣ ਵਾਲਿਆਂ ਲਈ ਅਹਿਮ ਖ਼ਬਰ, ਇਨ੍ਹਾਂ ਖ਼ਪਤਕਾਰਾਂ ਦੇ ਕੁਨੈਕਸ਼ਨ ਕੱਟਣ ਦੀ ਤਿਆਰੀ

ਉਨ੍ਹਾਂ ਦੱਸਿਆ ਕਿ ਦੋਵੇਂ ਨੌਜਵਾਨ ਅਜੇਪਾਲ ਸਿੰਘ ਅਤੇ ਗੁਰਮੇਜ ਸਿੰਘ ਜਦ ਇੰਡੋਨੇਸ਼ੀਆ ਪਹੁੰਚੇ ਤਾਂ ਧੋਖੇਬਾਜ਼ ਏਜੰਟ ਨੇ ਉਨ੍ਹਾਂ ਦੇ ਕੋਲ ਜੋ ਪੈਸੇ ਸਨ ,ਉਹ ਲੈ ਲਏ ਅਤੇ ਦੋਵਾਂ ਨੌਜਵਾਨਾਂ ਨੂੰ ਬੰਧਕ ਬਣਾ ਲਿਆ ਸੀ। ਉਨ੍ਹਾਂ ਦੱਸਿਆ ਕਿ ਦੋਵੇਂ ਨੌਜਵਾਨਾਂ ਨੇ ਜਦ ਏਜੰਟਾਂ ਦੀ ਕੈਦ ਵਿਚੋਂ ਬਾਹਰ ਨਿਕਲਣਾ ਚਾਹਿਆ ਤਾਂ ਉਨ੍ਹਾਂ ਦੀ ਏਜੰਟਾਂ ਨਾਲ ਲੜਾਈ ਹੋ ਗਈ, ਜਿਸ ਤੋਂ ਬਾਅਦ ਦੋਹਾਂ ਨੌਜਵਾਨਾਂ ਨੂੰ ਇੰਡੋਨੇਸ਼ੀਆ ਦੀ ਪੁਲਸ ਨੇ ਫੜ੍ਹ ਕੇ ਜੇਲ੍ਹ ਬੰਦ ਕਰ ਦਿੱਤਾ ਹੈ। ਹਰਦੀਪ ਸਿੰਘ ਨੇ ਦੱਸਿਆ ਕਿ ਦੋਹਾਂ ਨੌਜਵਾਨਾਂ ਦੀ ਇੰਡੋਨੇਸ਼ੀਆ ਵਿਚ ਗ੍ਰਿਫ਼ਤਾਰੀ ਨੂੰ ਲੈ ਕੇ ਮਾਪਿਆਂ ਦੇ ਅੰਦਰ ਭਾਰੀ ਸਹਿਮ ਪਾਇਆ ਜਾ ਰਿਹਾ ਹੈ। ਉਕਤ ਦੋਹਾਂ ਨੌਜਵਾਨਾਂ ਦੇ ਮਾਮਲੇ ਸੰਬੰਧੀ ਡਾ. ਐੱਸ. ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਉਨ੍ਹਾਂ ਨੇ ਦੋਹਾਂ ਨੌਜਵਾਨਾਂ ਦੀ ਰਿਹਾਈ ਲਈ ਯਤਨ ਕਰਨੇ ਸ਼ੁਰੂ ਕਰ ਦਿੱਤੇ ਹਨ। 

ਡਾ. ਓਬਰਾਏ ਨੇ ਦੱਸਿਆ ਕਿ ਇੰਡੋਨੇਸ਼ੀਆ ਵਿਚ ਉਨ੍ਹਾਂ ਦਾ ਵਕੀਲ ਦੋਹਾਂ ਨੌਜਵਾਨਾਂ ਦਾ ਕੇਸ ਲੜੇਗਾ ਅਤੇ ਦੋਹਾਂ ਨੌਜਵਾਨਾਂ ਨੂੰ ਰਿਹਾਅ ਕਰਵਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਨੇ ਦੋਹਾਂ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਹਰ ਤਰ੍ਹਾਂ ਦੀ ਮਦਦ ਕਰਨ ਦਾ ਧਰਵਾਸ ਦਿੱਤਾ। ਇਸ ਮੌਕੇ ਡਾ. ਓਬਰਾਏ ਦੇ ਨਾਲ ਸਾਬਕਾ ਮੰਤਰੀ ਜਥੇਦਾਰ ਸੁੱਚਾ ਸਿੰਘ ਛੋਟੇਪੁਰ, ਟਰੱਸਟੀ ਡਾ. ਐੱਸ. ਐੱਸ. ਨਿੱਜਰ, ਟਰੱਸਟ ਦੇ ਸਲਾਹਕਾਰ ਸੁਖਦੀਪ ਸਿੰਘ ਸਿੱਧੂ, ਜਨਰਲ ਸਕੱਤਰ ਮਨਪ੍ਰੀਤ ਸਿੰਘ ਸੰਧੂ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਰਵਿੰਦਰ ਸਿੰਘ ਮਠਾਰੂ, ਗੁਰਦੁਆਰਾ ਸਾਹਿਬ ਦੇ ਪ੍ਰਧਾਨ ਮਨਬੀਰ ਸਿੰਘ ਰੰਧਾਵਾ, ਆਰਕੀਟੈਕਟ ਗੁਰਦੀਪ ਸਿੰਘ ਲੇਹਲ ਹਾਜ਼ਰ ਸਨ। 

ਇਹ ਵੀ ਪੜ੍ਹੋ- ਪੰਜਾਬ ਪੁਲਸ ਵੱਲੋਂ ਬੰਬੀਹਾ ਗੈਂਗ ਦੇ 10 ਸ਼ੂਟਰਾਂ ਦੀਆਂ ਤਸਵੀਰਾਂ ਜਾਰੀ, ਗ੍ਰਿਫ਼ਤਾਰੀ ਲਈ ਹੋ ਰਹੀ ਛਾਪੇਮਾਰੀ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


shivani attri

Content Editor

Related News