ਕੈਨੇਡਾ ''ਚ ਅਫੀਮ ਦਾ ਮਾਮਲਾ ਦਰਜ ਹੋਣ ਦੀ ਗੱਲ ਲੁਕਾ ਕੇ ਕਰ''ਤਾ ਪੁੱਤ ਦਾ ਵਿਆਹ, ਮਾਪੇ ਵੀ ਹੋ ਗਏ ਫਰਾਰ
Saturday, Aug 31, 2024 - 04:09 AM (IST)
ਜਲੰਧਰ (ਵਰੁਣ)- ਕੈਨੇਡਾ 'ਚ 13 ਕਿਲੋ ਅਫੀਮ ਦਾ ਕੇਸ ਦਰਜ ਹੋਣ ਦਾ ਮਾਮਲਾ ਛੁਪਾਉਂਦੇ ਹੋਏ ਇਕ ਪਰਿਵਾਰ ਨੇ ਆਪਣੇ ਲੜਕੇ ਦਾ ਵਿਆਹ ਚੰਡੀਗੜ੍ਹ ਦੀ ਇਕ ਪ੍ਰੋਫੈਸਰ ਨਾਲ ਕਰਵਾ ਦਿੱਤਾ। ਸਜ਼ਾ ਤੋਂ ਬਾਅਦ ਜਦੋਂ ਲੜਕੇ ਦੇ ਮਾਤਾ-ਪਿਤਾ ਆਪਣੀ ਨੂੰਹ ਨੂੰ ਦੱਸੇ ਬਿਨਾਂ ਭੱਜ ਕੇ ਆਪਣੀ ਧੀ ਕੋਲ ਚਲੇ ਗਏ ਤਾਂ ਹੌਲੀ-ਹੌਲੀ ਸਾਰੀਆਂ ਪਰਤਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ, ਜਿਸ ਤੋਂ ਬਾਅਦ ਲੜਕੀ ਦੇ ਪਰਿਵਾਰ ਵਾਲੇ ਹੱਕੇ-ਬੱਕੇ ਰਹਿ ਗਏ।
ਪਤਾ ਲੱਗਾ ਹੈ ਕਿ ਲੜਕਾ ਜ਼ਮਾਨਤ ’ਤੇ ਆ ਕੇ ਉਨ੍ਹਾਂ ਦੀ ਧੀ ਨਾਲ ਵਿਆਹ ਕਰ ਕੇ ਵਾਪਸ ਆ ਗਿਆ ਸੀ, ਜਦਕਿ ਉਸ ਦੇ ਮਾਪਿਆਂ ਨੇ ਵੀ ਕੇਸ ਦਰਜ ਹੋਣ ਦੀ ਗੱਲ ਨੂੰ ਛੁਪਾ ਲਿਆ ਸੀ ਤੇ ਪੁੱਤਰ ਨੂੰ ਕੈਨੇਡਾ ਦਾ ਪੀ.ਆਰ. ਦੱਸਿਆ ਸੀ। ਪ੍ਰੋਫੈਸਰ ਦੇ ਪਿਤਾ ਜੋ ਕਿ ਜਲੰਧਰ ਦੇ ਰਹਿਣ ਵਾਲੇ ਹਨ, ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਨੇ 9 ਮਈ 2022 ਨੂੰ ਆਪਣੀ ਬੇਟੀ ਦਾ ਵਿਆਹ ਹਿੱਲ ਵਿਊ N1 ਲੇਵ ਭਾਖੜਾ ਰੋਡ ਨੰਗਲ ਦੇ ਰਹਿਣ ਵਾਲੇ ਸੁਰਿੰਦਰ ਕਾਂਤ ਵਰਮਾ ਪੁੱਤਰ ਨਿਤੀਸ਼ ਵਰਮਾ ਨਾਲ ਕੀਤਾ ਸੀ। ਵਿਆਹ ਤੋਂ ਪਹਿਲਾਂ ਲੜਕੇ ਦੇ ਪਿਤਾ ਸੁਰਿੰਦਰ ਕਾਂਤ ਤੇ ਮਾਂ ਨੀਲਮ ਵਰਮਾ ਨੇ ਉਨ੍ਹਾਂ ਨੂੰ ਝੂਠ ਬੋਲਿਆ ਕਿ ਉਨ੍ਹਾਂ ਦਾ ਲੜਕਾ ਕੈਨੇਡਾ ’ਚ ਪੀ.ਆਰ. ਹੈ, ਜਿਸ ਦਾ ਉੱਥੇ ਰੀਅਲ ਅਸਟੇਟ ਦਾ ਕਾਰੋਬਾਰ ਤੇ ਵਾਸ਼ਿੰਗ ਸੈਂਟਰ ਹੈ।
ਇਹ ਵੀ ਪੜ੍ਹੋ- ਆਸਮਾਨੋਂ 'ਕਾਲ' ਬਣ ਵਰ੍ਹਿਆ ਮੀਂਹ, ਪਾਠ ਕਰ ਰਹੇ ਵਿਅਕਤੀ 'ਤੇ ਡਿੱਗ ਗਈ ਘਰ ਦੀ ਛੱਤ, ਹੋ ਗਈ ਮੌਤ
ਉਨ੍ਹਾਂ ਲੜਕੀ ਦੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਵਿਆਹ ਤੋਂ 5-6 ਮਹੀਨੇ ਬਾਅਦ ਨਿਤੀਸ਼ ਉਨ੍ਹਾਂ ਦੀ ਲੜਕੀ ਨੂੰ ਆਪਣੇ ਕੋਲ ਲੈ ਜਾਵੇਗਾ। ਦੋਸ਼ ਹੈ ਕਿ ਨਿਤੀਸ਼ ਵਰਮਾ ਵਿਆਹ ਕਰਵਾ ਕੇ ਕਰੀਬ 20 ਦਿਨਾਂ ਬਾਅਦ ਕੈਨੇਡਾ ਪਰਤਿਆ ਸੀ। ਨੌਕਰੀ ਕਾਰਨ ਧੀ ਕੁਝ ਦਿਨਾਂ ਬਾਅਦ ਆਪਣੇ ਸਹੁਰੇ ਘਰ ਚਲੀ ਜਾਂਦੀ ਸੀ। ਦੋਸ਼ ਹੈ ਕਿ ਵਿਆਹ ਦੇ 15 ਤੋਂ 16 ਮਹੀਨੇ ਬਾਅਦ ਜਦੋਂ ਬੇਟੀ ਆਪਣੇ ਸਹੁਰੇ ਗਈ ਤਾਂ ਉਸ ਨੇ ਘਰ ਨੂੰ ਤਾਲਾ ਲੱਗਾ ਦੇਖਿਆ।
ਆਲੇ-ਦੁਆਲੇ ਪੁੱਛਣ 'ਤੇ ਪਤਾ ਲੱਗਾ ਕਿ ਨਵ-ਵਿਆਹੀ ਔਰਤ ਦੀ ਸੱਸ-ਸਹੁਰਾ ਉਸ ਨੂੰ ਬਿਨਾਂ ਦੱਸੇ ਅਮਰੀਕਾ ਰਹਿ ਰਹੀ ਆਪਣੀ ਧੀ ਕੋਲ ਚਲੇ ਗਏ ਸਨ, ਜਦੋਂ ਪ੍ਰੋਫੈਸਰ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਹੈਰਾਨ ਰਹਿ ਗਏ। ਜਦੋਂ ਉਸ ਨੇ ਲੜਕੇ ਦੇ ਪਰਿਵਾਰ ਦੀ ਪੂਰੀ ਜਾਣਕਾਰੀ ਹਾਸਲ ਕੀਤੀ ਤਾਂ ਪਤਾ ਲੱਗਾ ਕਿ 7 ਜੁਲਾਈ 2019 ਨੂੰ ਨਿਤੀਸ਼ ਨੂੰ ਕੈਨੇਡੀਅਨ ਪੁਲਸ ਨੇ 13 ਕਿਲੋ ਅਫੀਮ ਸਮੇਤ ਫੜਿਆ ਸੀ। ਉਸ ਨੇ ਜ਼ਮਾਨਤ ’ਤੇ ਆ ਕੇ ਉਨ੍ਹਾਂ ਦੀ ਲੜਕੀ ਨਾਲ ਵਿਆਹ ਕਰਵਾ ਲਿਆ ਤੇ ਉਸ ਦੇ ਮਾਤਾ-ਪਿਤਾ ਨੇ ਵੀ ਲੜਕੀ ਦੇ ਪਰਿਵਾਰ ਨੂੰ ਹਰ ਗੱਲ ਬਾਰੇ ਝੂਠ ਬੋਲਿਆ।
ਇਹ ਵੀ ਪੜ੍ਹੋ- 'ਅੰਕਲ ਮੈਨੂੰ ਮੁਆਫ਼ ਕਰ ਦਿਓ...', 55 ਸਾਲਾ ਵਿਅਕਤੀ ਨੇ 6 ਸਾਲਾ ਬੱਚੀ ਨੂੰ ਘਰ ਸੱਦ ਕੇ ਕੀਤੀਆਂ ਅਸ਼ਲੀਲ ਹਰਕਤਾਂ
ਅਗਸਤ 2023 ’ਚ ਨਿਤੀਸ਼ ਨੂੰ ਕੈਨੇਡਾ ਦੀ ਅਦਾਲਤ ਨੇ 7 ਸਾਲ ਦੀ ਸਜ਼ਾ ਵੀ ਸੁਣਾਈ ਸੀ, ਜਿਸ ਤੋਂ ਬਾਅਦ ਉਸ ਦੇ ਮਾਤਾ-ਪਿਤਾ ਉੱਥੋਂ ਭੱਜ ਗਏ ਸਨ। ਪੀੜਤ ਪਰਿਵਾਰ ਨੇ ਦੋਸ਼ ਲਾਇਆ ਕਿ ਲੜਕੇ ਦੇ ਪਿਤਾ ਤੇ ਮਾਂ ਨੇ ਉਨ੍ਹਾਂ ਨਾਲ ਝੂਠ ਬੋਲ ਕੇ ਵਿਆਹ ਕਰਵਾ ਦਿੱਤਾ ਤੇ ਉਨ੍ਹਾਂ ਦੀ ਲੜਕੀ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ। ਮਾਮਲਾ ਉੱਚ ਪੁਲਸ ਅਧਿਕਾਰੀਆਂ ਦੇ ਧਿਆਨ 'ਚ ਆਉਂਦੇ ਹੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਂਚ ਤੋਂ ਬਾਅਦ ਜਦੋਂ ਦੋਸ਼ ਸਹੀ ਪਾਏ ਗਏ ਤਾਂ ਨਿਤੀਸ਼ ਵਰਮਾ, ਉਸ ਦੇ ਪਿਤਾ ਸੁਰਿੰਦਰ ਕਾਂਤ ਵਰਮਾ ਤੇ ਮਾਂ ਨੀਲਮ ਰਾਣੀ ਖਿਲਾਫ ਥਾਣਾ ਨਵੀਂ ਬਾਰਾਦਰੀ ’ਚ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ। ਫਿਲਹਾਲ ਨਿਤੀਸ਼ ਕੈਨੇਡਾ ’ਚ ਹੈ ਤੇ ਉਸ ਦੇ ਮਾਤਾ-ਪਿਤਾ ਅਮਰੀਕਾ ’ਚ ਹਨ।
ਇਹ ਵੀ ਪੜ੍ਹੋ- ਮਾਸੀ-ਮਾਸੜ ਦਾ ਕਾਰਾ ; ਲੱਖਾਂ ਦਾ ਕਰਜ਼ਾ ਮੋੜਨ ਲਈ ਮਾਸੂਮ ਭਤੀਜੀ ਨੂੰ ਹੀ ਕਰ ਲਿਆ ਅਗਵਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e